ਚੰਡੀਗੜ੍ਹ, 6 ਮਈ- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦਾ ਸਾਬਕਾ ਉਪ ਮੁਖ ਮੰਤਰੀ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅਜ ਮੁੜ ਇਹ ਗਲ ਆਖੀ ਹੈ ਕਿ ਉਹਨਾਂ ਦੀ ਪਾਰਟੀ ਅਤੇ ਗਠਜੋੜ ਸਹਿਯੋਗੀ ਚਾਹੁੰਦੇ ਹਨ ਕਿ ਬੋਰਡ ਦੀ 12ਵੀਂ ਕਲਾਸ ਦੇ ਵਿਦਿਆਰਥੀਆਂ ਦੀ ਸਿਖ ਇਤਿਹਾਸ ਦੀ ਪੜ੍ਹਾਈ ਦਾ ਜੋ ਨੁਕਸਾਨ ਕੀਤਾ ਗਿਆ ਹੈ, ਸਰਕਾਰ ਉਸ ਦੀ ਸੁਧਾਈ ਕਰੇ ਅਤੇ ਇਸ ਕਲਾਸ ਦੇ ਸਿਲੇਬਸ ਵਿਚੋਂ ਹਟਾਏ ਗਏ 23 ਚੈਪਟਰਾਂ ਨੂੰ ਮੁੜ ਤੋਂ ਸਿਲੇਬਸ ਦਾ ਹਿਸਾ ਬਣਾਵੇ। ਉਹਨਾਂ ਕਿਹਾ ਕਿ ਸਾਡੇ ਲਈ ਇਹ ਇਕ ਬਹੁਤ ਧਾਰਮਿਕ, ਅਕਾਦਮਿਕ ਅਤੇ ਸੰਵੇਦਨਸ਼ੀਲ ਮੁਦਾ ਹੈ। ਮਹਾਨ ਗੁਰੂ ਸਾਹਿਬਾਨਾਂ ਵਲੋਂ ਸਾਨੂੰ ਦਿਤੇ ਇਤਿਹਾਸ ਅਤੇ ਵਿਰਸੇ ਨਾਲ ਜੁੜੇ ਸੰਵੇਦਨਸ਼ੀਲ ਅਤੇ ਸੰਜੀਦਾ ਮੁਦਿਆਂ ਉਤੇ ਕਿਸੇ ਨੂੰ ਵੀ ਸਿਆਸਤ ਕਰਨ ਦੀ ਖੁਲ੍ਹ ਨਹੀਂ ਹੈ।ਇਥੇ ਇਕ ਪ੍ਰੈਸ ਬਿਆਨ ਜਾਰੀ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਸਿਖ ਇਤਿਹਾਸ ਨਾਲ ਕੀਤੀ ਬੇਇਨਸਾਫੀ ਖ਼ਤਮ ਹੋਵੇ। ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਕਲ੍ਹ ਦਾ ਬਿਆਨ ਇਸੇ ਤਥ ਦਾ ਲੁਕਵਾਂ ਇਕਬਾਲ ਕਰਦਾ ਹੈ ਕਿ ਪੰਜਾਬ ਅਤੇ ਸਿਖ ਇਤਿਹਾਸ, ਵਿਰਾਸਤ, ਧਰਮ, ਸਭਿਆਚਾਰ ਨਾਲ ਭਾਰੀ ਬੇਇਨਸਾਫੀ ਕੀਤੀ ਗਈ ਹੈ। ਭਾਵੇਂਕਿ ਉਹਨਾਂ ਇਹ ਕਹਿਣ ਵਾਸਤੇ ਬਹੁਤੇ ਸ਼ਬਦ ਇਸਤੇਮਾਲ ਨਹੀਂ ਕੀਤੇ, ਪਰ ਇਹ ਗਲ ਹੁਣ ਸਪਸ਼ਟ ਹੈ ਕਿ ਉਹਨਾਂ ਨੂੰ ਹੁਣ 12ਵੀਂ ਕਲਾਸ ਦੇ ਇਤਿਹਾਸ ਦੇ ਸਿਲੇਬਸ ਵਿਚ ਕੀਤੀਆਂ ਵਡੀਆਂ ਅਤੇ ਖਤਰਨਾਕ ਤਬਦੀਲੀਆਂ ਨੂੰ ਸਹੀ ਠਹਿਰਾਉਣ ਦੀ ਕੋਈ ਤੁਕ ਨਜ਼ਰ ਨਹੀਂ ਆਉਂਦੀ। ਮੁਖ ਮੰਤਰੀ ਨੇ ਹੁਣ ਪਹਿਲੀ ਵਾਰ 12ਵੀਂ ਕਲਾਸ ਦੀ ਅਕਾਦਮਿਕ ਤੌਰ ਤੇ ਅਹਿਮ ਅਤੇ ਬੋਰਡ ਵਾਲੀ ਪ੍ਰੀਖਿਆ ਵਿਚੋਂ ਸਿਖ ਇਤਿਹਾਸ ਨੂੰ ਮਨਫ਼ੀ ਕਰਨ ਦੇ ਫੈਸਲੇ ਉਤੇ ਨਜ਼ਰਸਾਨੀ ਕਰਨ ਦੀ ਗਲ ਕੀਤੀ ਹੈ। ਇਤਿਹਾਸ ਦੇ ਇਸ ਅਹਿਮ ਹਿਸੇ, ਜਿਸ ਵਿਚ ਗੁਰੂ ਸਾਹਿਬਾਨਾਂ ਅਤੇ ਸਿਖ ਯੋਧਿਆਂ ਦਾ ਇਤਿਹਾਸ ਸ਼ਾਮਿਲ ਹੈ, ਨੂੰ ਸੀਨੀਅਰ ਅਤੇ ਮਹਤਵਪੂਰਨ 12ਵੀਂ ਕਲਾਸ ਦੀ ਪ੍ਰੀਖਿਆ ਵਿਚੋਂ ਕਢ ਕੇ 11ਵੀਂ ਕਲਾਸ ਦੀ ਪ੍ਰੀਖਿਆ ਵਿਚ ਪਾਉਣ ਦੀ ਕੋਈ ਤੁਕ ਨਹੀਂ ਬਣਦੀ। ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ 12ਵੀਂ ਕਲਾਸ ਦੀ ਅਕਾਦਮਿਕ ਅਹਿਮੀਅਤ ਦੀ ਤੁਲਨਾ 11ਵੀਂ ਕਲਾਸ ਦੀ ਸਥਾਨਕ ਤੌਰ ਤੇ ਲਈ ਜਾਣ ਵਾਲੀ ਪ੍ਰੀਖਿਆ ਨਾਲ ਨਹੀਂ ਕੀਤੀ ਜਾ ਸਕਦੀ। ਇਸ ਲਈ ਇਤਿਹਾਸ ਦੇ ਮਨਫੀ ਕੀਤੇ ਚੈਪਟਰ 12ਵੀਂ ਕਲਾਸ ਦੇ ਸਿਲੇਬਸ ਵਿਚ ਪਾਏ ਜਾਣੇ ਚਾਹੀਦੇ ਹਨ।ਸਰਦਾਰ ਬਾਦਲ ਨੇ ਕਿਹਾ ਕਿ ਸੀਨੀਅਰ ਵਿਦਿਆਰਥੀਆਂ ਦੇ ਸਿਲੇਬਸ ਵਿਚੋਂ ਸਿਖ ਇਤਿਹਾਸ ਨੂੰ ਗਾਇਬ ਕਰਨਾ, ਮੌਜੂਦਾ ਅਤੇ ਸਾਡੇ ਬਚਿਆਂ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਧਾਰਮਿਕ ਅਤੇ ਸਭਿਆਚਾਰਕ ਵਿਰਸੇ ਦੀਆਂ ਜੜ੍ਹਾਂ ਦੀ ਵਢਣ ਦੀ ਇਕ ਸਾਜ਼ਿਸ਼ ਜਾਪਦੀ ਹੈ। ਇਹ ਬਰਦਾਸ਼ਤਯੋਗ ਨਹੀਂ ਹੈ ਅਤੇ ਇਸ ਨੂੰ ਕਦੇ ਵੀ ਸਹਿਣ ਨਹੀਂ ਕੀਤਾ ਜਾਵੇਗਾ।ਸਰਦਾਰ ਬਾਦਲ ਨੇ ਕਿਹਾ ਕਿ ਭਾਵੇਂਕਿ ਕੈਪਟਨ ਨੇ ਇਹ ਗਲ ਅਜੇ ਬੋਲ ਕੇ ਨਹੀਂ ਆਖੀ,ਪਰ ਉਹਨਾਂ ਦਾ ਕਲ੍ਹ ਦਾ ਬਿਆਨ ਸੰਕੇਤ ਦਿੰਦਾ ਹੈ ਕਿ ਉਹ ਖੁਦ ਨੂੰ ਸਚ ਦੇ ਉਲਟ ਖੜ੍ਹੇ ਮਹਿਸੂਸ ਕਰ ਰਹੇ ਹਨ ਅਤੇ ਉਹਨਾਂ ਨੂੰ ਆਪਣੀ ਗਲਤੀ ਸਾਫ ਨਜ਼ਰ ਆ ਚੁਕੀ ਹੈ। ਉਹਨਾਂ ਨੂੰ ਸਾਰੇ ਸਿਖ ਇਤਿਹਾਸਕਾਰਾਂ, ਵਿਦਵਾਨਾਂ ਅਤੇ ਅਕਾਲੀ-ਭਾਜਪਾ ਵਲੋਂ ਲਏ ਗਏ ਸਟੈਂਡ ਨੂੰ ਸਵੀਕਾਰ ਕਰਨਾ ਪਵੇਗਾ। ਜਿਸ ਤਰ੍ਹਾਂ ਉਹ ਕਲ੍ਹ ਤਕ ਕਰ ਰਹੇ ਸੀ ਕਿ ਗਲਤ ਤਰੀਕੇ ਨਾਲ ਅਤੇ ਅੜੀ ਕਰਕੇ ਸਿਖ ਇਤਿਹਾਸ ਉਤੇ ਲੀਕ ਫੇਰਨ ਨੂੰ ਜਾਇਜ਼ ਠਹਿਰਾ ਰਹੇ ਸੀ, ਹੁਣ ਇਸ ਦੀ ਥਾਂ ਉਹਨਾਂ ਨੂੰ 12ਵੀਂ ਦੇ ਪੁਰਾਣੇ ਸਿਲੇਬਸ ਨੂੰ ਮੁੜ ਲਾਏ ਜਾਣ ਦੀ ਮੰਗ ਨੂੰ ਸਵੀਕਾਰ ਕਰਨਾ ਹੋਵੇਗਾ।ਉਹਨਾਂ ਨੇ ਸਿਖ ਇਤਿਹਾਸ ਬਾਰੇ ਕੀਤੀਆਂ ਵਿਵਾਦਗ੍ਰਸਤ ਤਬਦੀਲੀਆਂ ਦੀ ਨਜ਼ਰਸਾਨੀ ਕਰਨ ਦੀ ਸੰਭਾਵਨਾ ਅਤੇ ਲੋੜ ਦੀ ਗਲ ਕੀਤੀ ਹੈ। ਪਰ ਅਸੀਂ ਉਹਨਾਂ ਵਲੋਂ ਕੀਤੀ ਠੋਸ ਕਾਰਵਾਈ ਤੋਂ ਹੀ ਉਹਨਾਂ ਦੇ ਵਤੀਰੇ ਨੂੰ ਪਰਖਾਂਗੇ। 12ਵੀਂ ਕਲਾਸ ਵਿਚੋਂ ਸਿਖ ਇਤਿਹਾਸ ਬਾਰੇ ਮਨਫੀ ਕੀਤੇ ਗਏ 23 ਚੈਪਟਰਾਂ ਨੂੰ ਤੁਰੰਤ ਉਸੇ ਕਲਾਸ ਵਿਚ ਸ਼ਾਮਿਲ ਕੀਤਾ ਜਾਣਾ ਚਾਹੀਦਾ ਹੈ ਤਾਂ ਕਿ ਵਿਦਿਆਰਥੀਆਂ ਦੀ ਪੜ੍ਹਾਈ ਦਾ ਨੁਕਸਾਨ ਨਾ ਹੋਵੇ। ਸਰਦਾਰ ਬਾਦਲ ਨੇ ਕਿਹਾ ਕਿ ਕਿਸੇ ਦੂਜੇ ਉਤੇ ਦੋਸ਼ ਮੜ੍ਹਣ ਦੀ ਥਾਂ ਮੁਖ ਮੰਤਰੀ ਨੂੰ ਪੰਜਾਬ ਦੇ ਲੋਕਾਂ ਨੂੰ ਪੂਰਾ ਸਚ ਦਸਣਾ ਚਾਹੀਦਾ ਹੈ ਕਿ 12ਵੀਂ ਕਲਾਸ ਦੇ ਸਿਲੇਬਸ ਵਿਚ ਤਬਦੀਲੀਆਂ ਉਹਨਾਂ ਦੀ ਸਰਕਾਰ ਦੇ ਕਾਰਜਕਾਲ ਦੌਰਾਨ ਕੀਤੀਆਂ ਗਈਆਂ ਹਨ। ਉਹਨਾਂ ਕਿਹਾ ਕਿ 2013, 2014, 2015, 2016 ਅਤੇ ਪਿਛਲੇ ਸਾਲ ਤਕ ਵੀ 12ਵੀਂ ਕਲਾਸ ਵਿਚ ਹਰ ਗੁਰੂ ਸਾਹਿਬਾਨ ਦੇ ਇਤਿਹਾਸ ਨੂੰ ਪੜ੍ਹਾਇਆ ਜਾ ਰਿਹਾ ਸੀ। ਇਹ ਤਬਾਹਕੁਨ ਤਬਦੀਲੀਆਂ ਸਿਰਫ ਇਸ ਸਾਲ ਕੀਤੀਆਂ ਗਈਆਂ ਹਨ। ਉਹਨਾਂ ਕਿਹਾ ਕਿ ਮੁਖ ਮੰਤਰੀ ਉਹਨਾਂ ਦੀ ਸਰਕਾਰ ਵਲੋਂ ਇਸ ਸਾਲ ਲਏ ਅਤੇ ਲਾਗੂ ਕੀਤੇ ਫੈਸਲਿਆਂ ਲਈ ਪਿਛਲੀ ਸਰਕਾਰ ਨੂੰ ਕਿਵੇਂ ਜ਼ਿੰਮੇਵਾਰ ਠਹਿਰਾ ਸਕਦੇ ਹਨ।
ਸਰਦਾਰ ਬਾਦਲ ਨੇ ਉਹਨਾਂ ਖ਼ਿਲਾਫ ਮੁਖ ਮੰਤਰੀ ਵਲੋਂ ਕੀਤੀਆਂ ਨਿਜੀ ਅਤੇ ਨੀਵੇਂ ਪਧਰ ਦੀਆਂ ਟਿਪਣੀਆਂ, ਖਾਸ ਕਰਕੇ ਸਿਖ ਇਤਿਹਾਸ ਬਾਰੇ ਵਧ ਜਾਣਕਾਰੀ ਹੋਣ ਸੰਬੰਧੀ ਮਾਰੀ ਸ਼ੇਖੀ ਆਦਿ ਬਾਰੇ ਕੋਈ ਵੀ ਟਿਪਣੀ ਕਰਨ ਤੋਂ ਇਨਕਾਰ ਕਰ ਦਿਤਾ।ਉਹਨਾਂ ਕਿਹਾ ਕਿ ਸਾਡੇ ਬਚਿਆਂ ਨੂੰ ਸਿਖ ਇਤਿਹਾਸ ਪੜ੍ਹਾਏ ਜਾਣ ਦੀ ਅਹਿਮੀਅਤ ਬਾਰੇ ਜਾਗਰੂਕ ਹੋਣ ਲਈ ਕਿਸੇ ਨੂੰ ਵਿਦਵਾਨ ਹੋਣ ਦੀ ਲੋੜ ਨਹੀਂ। ਪੰਜਾਬ ਵਿਚ ਜੰਮਿਆ ਹਰ ਬਚਿਆ ਇਸ ਦੀ ਅਹਿਮੀਅਤ ਜਾਣਦਾ ਹੈ। ਪਰ ਇਹ ਗਲ ਅਜੀਬ ਨਹੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ, ਖੁਦ ਸਿਖ ਇਤਿਹਾਸ ਦੇ ਇਕ ਵਿਦਵਾਨ ਹੋਣ ਦੇ ਬਾਵਜੂਦ, ਪੰਜਾਬ ਦੇ ਇਤਿਹਾਸ ਖਾਸ ਕਰਕੇ ਸਿਖ ਧਰਮ ਦੀ ਉਤਪਤੀ ਅਤੇ ਉਭਾਰ ਅਤੇ ਗੁਰੂ ਸਾਹਿਬਾਨਾਂ ਦੇ ਇਤਿਹਾਸ ਦਾ ਕਤਲ ਕਰਵਾਇਆ। ਜੇਕਰ ਕੈਪਟਨ ਅਣਜਾਣ ਆਦਮੀ ਹੁੰਦੇ ਤਾਂ ਅਸੀਂ ਕਹਿ ਸਕਦੇ ਸੀ ਕਿ ਉਹਨਾਂ ਨੂੰ ਭੁਲੇਖਾ ਲਗ ਗਿਆ ਹੋਣਾ ਹੈ।