ਅਜ ਦੇ ਸਮੇਂ ਜਿਥੇ ਇਸਤਰੀ ਜਾਤੀ ਦਾ ਅਪਮਾਨ ਅਤੇ ਬੇਆਬਰੂ ਹੋਣਾ ਨਿਤ ਦੀ ਵਿਥਿਆ ਬਣ ਰਹੀ ਹੋਵੇ ਉਥੇ ਸਰਦਾਰ ਹਰੀ ਸਿੰਘ ਨਲਵੇ ਦੇ ਉਚੇ ਸੁਚੇ ਕਿਰਦਾਰ ਦੀ ਯਾਦ, ਉਸ ਵਲੋਂ ਇਕ ਪਠਾਣ ਔਰਤ ਬੀਬੀ ਬਾਨੋ ਦਾ ਪੁਤਰ ਬਣਨ ਦਾ ਵਰਤਾਰਾ ਯਾਦ ਆਉਣਾ ਸੁਭਾਵਿਕ ਹੈ।।ਇਤਿਹਾਸ ਦੇ ਸੁਨਹਿਰੇ ਪੰਨਿਆਂ ’ਤੇ ਸਰਦਾਰ ਹਰੀ ਸਿੰਘ ਨਲਵਾ ਇਕ ਪ੍ਰਮੁਖ ਯੋਧਾ ਤੇ ਜਰਨੈਲ ਵਜੋਂ ਦਰਜ ਹੈ।। ਦਰਾ ਖ਼ੈਬਰ ਜਿਤ ਕੇ ਹਮਲਾਵਰਾਂ ਦਾ ਸਦਾ ਲਈ ਰਾਹ ਬੰਦ ਕਰ ਦੇਣ ਵਾਲਾ ਇਹ ਸਰਦਾਰ ਕਲਗ਼ੀਆਂ ਵਾਲੇ ਦਸਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਲਾਡਲਾ ਹਰੀ ਸਿੰਘ ਨਲਵਾ, ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਖ਼ਾਲਸਾ ਫ਼ੌਜ ਦਾ ਮਹਾਨ ਜਰਨੈਲ ਸੀ। ਆਪਣੇ ਸਮੇਂ ‘ਚ ਸ਼ੇਰ ਨਾਲ ਲੜ ਕੇ ਉਸ ਨੂੰ ਮਾਰਨ ਵਿਚ ਪ੍ਰਸਿਧੀ ਰਖਣ ਵਾਲੇ ਅਦੁਤੀ ਸੂਰਬੀਰ ਤੇ ਮਹਾਨ ਰਾਜਾ ਨਲ ਵਰਗੇ ਗੁਣਾਂ ਕਾਰਨ ਹਰੀ ਸਿੰਘ ਦੇ ਨਾਮ ਨਾਲ ਰਾਜਾ ਨਲ ਸਾਨੀ ਅਤੇ ਜੋ ਬਾਅਦ ਵਿਚ ਬੋਲ ਚਾਲ ਰਾਹੀਂ ਨਲਵਾ ਪਿਆ। ਇਸ ਦੀ ਪੁਸ਼ਟੀ ਕਰਦਿਆਂ ਇਤਿਹਾਸਕਾਰ ਮੌਲਾਨਾ ਅਹਿਮਦ ਦੀਨ ਆਪਣੀ ਪੁਸਤਕ ਮੁਕੰਮਲ ਤਾਰੀਖ- ਕਸ਼ਮੀਰ ਵਿਚ ਲਿਖਦੇ ਹਨ ਕਿ ਨਲਵਾ ਦੀ ਵਜ੍ਹਾ ਤਸਮੀਆ ਕੇ ਮੁਤਲਕ ਮਸ਼ਹੂਰ ਹੈ ਕਿ ਰਾਜਾ ਨਲ ਜ਼ਮਾਨਾ ਕਦੀਮ ਮੇਂ ਏਕ ਬਹਾਦਰ ਅਰ ਸੁਜਾਤ ਰਾਜਾ ਥਾ। ਲੋਗੋਂ ਨੇ ਹਰੀ ਸਿੰਘ ਕੋ ਨਲ ਸੇ ਨਲਵਾ ਬਨਾ ਦੀਆ। ਨਲਵਾ ਸੇ ਮੁਰਾਦ, ਸ਼ੇਰ ਕੋ ਮਾਰਨੇ ਵਾਲਾ ਯਾ ਸ਼ੇਰ ਅਫ਼ਗ਼ਾਨ ਹੈ। ਚੂੰਕਿ ਹਰੀ ਸਿੰਘ ਨੇ ਭੀ ਸ਼ੇਰ ਮਾਰੇ ਥੇ ਇਸੀ ਲੀਏ ਉਸ ਕਾ ਨਾਮ ਨਲਵਾ ਮਸ਼ਹੂਰ ਹੂਆ। ਇਸ ਮਹਾਨ ਜਰਨੈਲ ਦਾ ਜਨਮ ਸੰਨ 1791 ਈ. ਵਿਚ ਸੁਕਰਚਕੀਆ ਮਿਸਲ ਦੇ ਸਰਦਾਰ ਗੁਰਦਿਆਲ ਸਿੰਘ ਜੀ ਦੇ ਘਰ ਮਾਤਾ ਧਰਮ ਕੌਰ ਦੀ ਕੁਖੋਂ ਗੁਜਰਾਂਵਾਲਾ ਵਿਖੇ ਹੋਇਆ। ਅਜੇ ਸਤ ਸਾਲਾਂ ਦਾ ਸੀ ਕਿ ਇਸ ਦੇ ਸਿਰ ਤੋਂ ਪਿਤਾ ਦਾ ਸਾਇਆ ਉਠ ਗਿਆ। ਖ਼ਾਲਸਾਈ ਬੀਰ ਰਸੀ ਕਥਾ ਕਹਾਣੀਆਂ ਸਰਵਣ ਕਰਦਿਆਂ ਆਪ ਜੀ ਨੇ ਬਚਪਨ ਦੇ ਦਿਨ ਮਾਮੇ ਦੇ ਘਰ ਗੁਜ਼ਰਾਨ ਕੀਤਾ।। ਵਿਦਿਆ ਜਾਂ ਫ਼ੌਜੀ ਸਿਖਿਆ ਦਾ ਕੋਈ ਖ਼ਾਸ ਯੋਗ ਪ੍ਰਬੰਧ ਨਾ ਹੋਣ ਦੇ ਬਾਵਜੂਦ 15 ਸਾਲ ਦੀ ਉਮਰ ਵਿਚ ਆਪ ਨੇ ਦੇਖੋ-ਦੇਖੀ ਸਾਰੇ ਜੰਗੀ ਕਰਤਬਾਂ ਵਿਚ ਪ੍ਰਵੀਨਤਾ ਹਾਸਲ ਕਰ ਲਈ। ਬਸੰਤੀ ਦਰਬਾਰ ਦੇ ਜੰਗੀ ਕਰਤਬ ਦੇ ਇਕ ਮੁਕਾਬਲੇ ਦੌਰਾਨ ਆਪ ਦੇ ਕਰਤਬ ਦੇਖ ਮਹਾਰਾਜਾ ਰਣਜੀਤ ਸਿੰਘ ਨੇ ਆਪ ਜੀ ਨੂੰ ਆਪਣੀ ਫ਼ੌਜ ਵਿਚ ਭਰਤੀ ਕਰ ਲਿਆ। ਕੁਝ ਹੀ ਦਿਨਾਂ ਬਾਅਦ ਆਪ ਦੀ ਸ਼ੇਰ ਨਾਲ ਲੜਾਈ ਤੇ ਦਲੇਰੀ ਦੇਖ ਕੇ ਮਹਾਰਾਜੇ ਨੇ ਉਸ ਨੂੰ ਆਪਣੀ ਸ਼ੇਰਦਿਲ ਨਾਮੀ ਰਜਮੈਂਟ ਵਿਚ ਹਰੀ ਸਿੰਘ ਨੂੰ ਸਰਦਾਰੀ ਦੇ ਦਿਤੀ।।
ਕਿਲ੍ਹਾ ਜਮਰੌਦ ਦੀ ਲੜਾਈ ਦੌਰਾਨ 30 ਅਪ੍ਰੈਲ 1837 ਨੂੰ ਸ਼ਹੀਦੀ ਤੋਂ ਪਹਿਲਾਂ ਕਸੂਰ, ਮੁਲਤਾਨ, ਹਜ਼ਾਰਾ, ਕਿਲ੍ਹਾ ਅਟਕ, ਨੌਸ਼ਿਹਰੀ, ਕਸ਼ਮੀਰ,ਪਿਸ਼ਾਵਰ ਆਦਿ ਜਿਤਣ ‘ਚ ਅਹਿਮ ਰੋਲ ਅਦਾ ਕਰਨ ਤੋਂ ਇਲਾਵਾ ਖ਼ਾਲਸਾਈ ਫ਼ੌਜ ‘ਤੇ ਚੜ੍ਹਾਈ ਕਰਨ ਆਏ ਮਾਂਗਲੀ ਤੇ ਤਨਾਵਲੀਆਂ ਦੀ ਤੀਹ ਹਜ਼ਾਰ ਫ਼ੌਜ ਉਤੇ ਕੇਵਲ ਸਤ-ਹਜ਼ਾਰ ਸਿੰਘਾਂ ਵਲੋਂ ਫ਼ਤਿਹ ਹਾਸਲ ਕਰਨ ਵਰਗੇ ਵਡੇ ਕਾਰਨਾਮੇ ਕਰ ਵਿਖਾਉਣਾ ਆਪ ਦੇ ਹਿਸੇ ਆਇਆ। ਸਿਖ ਰਾਜ ਦਾ ਗੌਰਵ ਅਤੇ ਸੁਹਿਰਦ ਸੇਵਕ ਹੋਣ ਨਾਤੇ ਜਰਨੈਲ ਸਰਦਾਰ ਹਰੀ ਸਿੰਘ ਨਲਵਾ ਨੂੰ ਲਾਹੌਰ ਦਰਬਾਰ ਵਲੋਂ ਅਨੇਕਾਂ ਵਾਰ ਜ਼ਮੀਨਾਂ, ਜਾਗੀਰਾਂ, ਖਿਲਤਾਂ ਅਤੇ ਸੈਨਿਕ ਸਨਮਾਨ ਤੋਂ ਇਲਾਵਾ ਕਸ਼ਮੀਰ ਅਤੇ ਪਿਸ਼ਾਵਰ ਵਿਚ ਆਪਣੇ ਨਾਮ ਦਾ ‘‘ਹਰੀ ਸਿੰਘੀਏ‘‘ ਸਿਕਾ ਚਲਾਉਣ ਮਾਣ ਹਾਸਲ ਹੋਇਆ। ਸਰਦਾਰ ਨਲਵਾ ਦੀ ਬਹਾਦਰੀ ‘ਤੇ ਸਰ ਅਲੈਗਜੈਂਡਰ ਬਰਨਜ਼ ਤੇ ਮੌਲਵੀ ਸਾਹਨਤ ਅਲੀ ਲਿਖਦੇ ਹਨ ਕਿ ਖ਼ਾਲਸੇ ਦੀਆਂ ਇਹ ਸਫ਼ਲਤਾਵਾਂ ਐਸੇ ਅਸਾਧਾਰਨ ਕਾਰਨਾਮੇ ਸਨ ਜਿਨ੍ਹਾਂ ਨੇ ਵਡੀਆਂ-ਵਡੀਆਂ ਤਾਕਤਾਂ ਨੂੰ ਵੀ ਚਿੰਤਾ ਵਿਚ ਪਾ ਦਿਤਾ। ਕਿਸੇ ਵੀ ਕੌਮ ਵਿਚ ਸੂਰਬੀਰਾਂ ਯੋਧਿਆਂ ਦੀ ਕੋਈ ਕਮੀ ਨਹੀਂ। ਪਰ ਸਦਾਚਾਰ ਪਖੋਂ ਮਜ਼ਬੂਤ ਇਛਾ ਸ਼ਕਤੀ ਅਤੇ ਪਰ ਬੇਟੀ ਕੋ ਬੇਟੀ ਜਾਨੈ।। ਪਰ ਇਸਤਰੀ ਕੋ ਮਾਤ ਬਖਾਨੈ।। ਵਾਲੇ ਅਸੂਲ ਵਿਰਲਿਆਂ ’ਚ ਹੀ ਪਾਇਆ ਜਾਂਦਾ ਹੈ। ਹਰੀ ਸਿੰਘ ਨਲਵਾ ਉਨ੍ਹਾਂ ‘ਚੋ ਇਕ ਸੀ। ਇਸ ਮਹਾਨ ਜਰਨੈਲ ਦੀ ਸ਼ਖ਼ਸੀਅਤ ਨਾਲ ਜੁੜੀ ਇਕ ਪ੍ਰਚਲਿਤ ਛੋਟੀ ਜਿਹੀ ਘਟਨਾ ਜਿਨੂੰ ਜਿਨੀ ਵਾਰ ਪੜ੍ਹੋ ਜਾਂ ਸੁਣੋ ਇਸ ‘ਚ ਸਰਦਾਰ ਨਲਵਾ ਦੀ ਮਹਾਨਤਾ, ਸਚੀ ਸੁਚੀ ਕਿਰਦਾਰ, ਨਿਰਮਲ, ਪਵਿਤਰ ਅਤੇ ਸਿਖੀ ਅਸੂਲਾਂ ਪ੍ਰਤੀ ਪਰਪਕਤਾ ਦੇ ਦਰਸ਼ਨ ਹੁੰਦੇ ਹਨ। ਜਿਸ ਦੀ ਕਹਾਣੀ ਇਸ ਪ੍ਰਕਾਰ ਕਹੀ ਜਾਂਦੀ ਹੈ, ਕਿ, ਆਪਣੀਆਂ ਜੰਗੀ ਮੁਹਿੰਮਾਂ ਦੌਰਾਨ ਇਕ ਵਾਰ ਹਰੀ ਸਿੰਘ ਨਲਵਾ ਨੇ ਜਮਰੌਦ ਵਿਚ ਆਪਣੀ ਫ਼ੌਜ ਸਮੇਤ ਡੇਰੇ ਲਾਏ ਸਨ। ਅਧੀ ਰਾਤ ਦਾ ਵੇਲਾ ਸੀ, ਦਰਾ ਖ਼ੈਬਰ, ਪਠਾਣਾਂ ਦਾ ਇਲਾਕਾ, ਹਰੀ ਸਿੰਘ ਨਲਵਾ ਆਪਣੇ ਤੰਬੂ ਵਿਚ ਬੈਠਾ ਹੋਇਆ ਸੀ। ਉਥੇ ਹੀ ਨਜ਼ਦੀਕ ਝਾੜੀਆਂ ਦੇ ਓਹਲੇ ਇਕ ਪਠਾਣ ਗੁਲਖਾਨ ਬੈਠਾ ਹੈ। ਕੋਲ ਇਸ ਦੇ ਇਕ ਪਠਾਣ ਲੜਕੀ ਬਾਨੋ ਬੈਠੀ ਸੀ। ਬੇਗਮ ਬਾਨੋ ਕਹਿ ਰਹੀ ਹੈ ਕਿ ਐ ਗੁਲਖਾਨ, ਮੈ ਇਹ ਵੇਖਣਾ ਹੈ ਕਿ ਇਹ ਜਿਹੜਾ ਮਹਾਰਾਜਾ ਰਣਜੀਤ ਸਿੰਘ ਦਾ ਜਰਨੈਲ ਹੈ, ਹਰੀ ਸਿੰਘ ਨਲਵਾ ਇਹ ਕਿਹੋ ਜਿਹਾ ਸਰਦਾਰ ਹੈ। ਜਿਸ ਨੇ ਪਠਾਣਾਂ ਨੂੰ ਹਰਾ ਦਿਤਾ, ਉਹ ਵੀ ਪਠਾਣਾਂ ਦੇ ਇਲਾਕੇ ਵਿਚ ਆ ਕੇ। ਕਿਉਂਕਿ ਅਜ ਤਕ ਕੋਈ ਪਠਾਣਾਂ ਨੂੰ ਹਰਾ ਨਹੀਂ ਸਕਿਆ। ਪਠਾਣ ਗੁਲਖਾਨ ਕਹਿਣ ਲਗਾ, ਬਾਨੋ ਇਹ ਪਰਾਈ ਕੌਮ ਦਾ ਸਰਦਾਰ ਹੈ, ਪਰਾਈ ਕੌਮ ਦੇ ਸਰਦਾਰ ਧੀਆਂ ਭੈਣਾਂ ਦੀ ਇਜ਼ਤ ਨਹੀਂ ਕਰਦੇ। ਬਾਨੋ ਕਹਿਣ ਲਗੀ ਐ ਗੁਲਖਾਨ ਮੈ ਲੋਕਾਂ ਤੋਂ ਸੁਣਿਆ ਹੈ ਇਹ ਜਿਹੜੇ ਗੁਰੂ ਨਾਨਕ ਦੇ ਸਿਖ ਨੇ, ਇਹ ਧੀਆਂ ਭੈਣਾਂ ਦੀ ਬੜੀ ਇਜ਼ਤ ਕਰਦੇ ਨੇ। ਪਰ ਗੁਲਖਾਨ ਨੇ ਕਿਹਾ ਕੁਝ ਵੀ ਹੋਵੇ ਮੈ ਤੈਨੂੰ ਜਾਣ ਨਹੀਂ ਦੇਵਾਂਗਾ। ਬਾਨੋ ਨੇ ਗੁਲਖਾਨ ਨੂੰ ਧਕਾ ਮਾਰਿਆ ਅਤੇ ਝਾੜੀਆਂ ਦੇ ਉਹਲਿਓ ਨਿਕਲ ਕੇ ਜਿਉ ਭਜੀ ਤੇ ਉਸ ਜਗਾ ਆ ਪਹੁੰਚੀ ਜਿਥੇ ਨਲੂਏ ਦੇ ਤੰਬੂ ਲਗੇ ਸਨ।। ਤੰਬੂ ਦੇ ਬਾਹਰ ਖੜੇ ਪਹਿਰੇਦਾਰਾਂ ਨੇ ਪੁਛਿਆ ਬੀਬੀ ਜੀ ਤੁਸੀ ਕੌਣ ਹੋ। ਕੀ ਚਾਹੀਦਾ ਏ? ਇਹ ਕਹਿਣ ਲਗੀ, ਮੇਰਾ ਨਾਮ ਬਾਨੋ ਹੈ। ਮੈ ਤੁਹਾਡੇ ਸਰਦਾਰ ਨੂੰ ਮਿਲਣਾ ਏ। ਪਹਿਰੇਦਾਰ ਸਿੰਘ ਨੇ ਕਿਹਾ ਬੀਬੀ ਅਧੀ ਰਾਤ ਦਾ ਵੇਲਾ ਹੈ। ਕੋਈ ਜ਼ਰੂਰੀ ਕੰਮ ਹੈ? ਬਾਨੋ ਕਹਿਣ ਲਗੀ ਹਾਂ ਮੈਨੂੰ ਜ਼ਰੂਰੀ ਕੰਮ ਹੈ। ਪਹਿਰੇਦਾਰ ਨੇ ਕਿਹਾ ਚੰਗਾ ਬਾਨੋ ਤੂੰ ਠਹਿਰ ਮੈ ਸਰਦਾਰ ਹਰੀ ਸਿੰਘ ਨਲਵਾ ਜੀ ਨੂੰ ਪੁਛ ਕੇ ਆਉਂਦਾ ਹਾਂ। ਜਨਤਾ ਦੀ ਸੇਵਾ ‘ਚ ਹਰ ਸਮੇਂ ਹਾਜ਼ਰ ਰਹਿਣ ਵਾਲੇ ਨਿਆਂ ਪਸੰਦ ਜਰਨੈਲ ਨੇ ਇਜਾਜ਼ਤ ਦੇ ਦਿਤੀ। ਥੋੜੀ ਦੇਰ ਬਾਅਦ ਪਹਿਰੇਦਾਰ ਸਿੰਘ ਬਾਹਰ ਆਇਆ ਤੇ ਕਹਿਣ ਲਗਾ ਜਾਹ ਬਾਨੋ ਸਿੰਘ ਸਾਹਿਬ ਤੇਰਾ ਇੰਤਜ਼ਾਰ ਕਰਦੇ ਨੇ। ਇਹ ਬਾਨੋ ਤੰਬੂ ‘ਚ ਜਾਣ ਲਗੀ ਤਾਂ ਪਹਿਲਾ ਸਿੰਘ ਕਹਿਣ ਲਗਾ ਬਾਨੋ ਨੇ ਕਮਰ ਨਾਲ ਕਟਾਰ ਬੰਨੀ ਹੋਈ ਹੈ, ਦੂਜੇ ਨੇ ਕਿਹਾ ਕੋਈ ਗਲ ਨਹੀਂ ਔਰਤ ਜਾਤ ਹੈ, ਫਿਰ ਸਿੰਘਾਂ ਦੇ ਘਰ ਦੁਸ਼ਮਣ ਵੀ ਆਵੇ ਜੀ ਆਈਆਂ ਨੂੰ। ਜਾਹ ਬੀਬੀ ਅੰਦਰ ਲੰਘ ਜਾਹ। ਇਹ ਬਾਨੋ ਤੰਬੂ ਵਿਚ ਦਾਖਲ ਹੋਈ ਤਾਂ ਸਾਹਮਣੇ ਕਲਗ਼ੀਆਂ ਵਾਲੇ ਦਾ ਲਾਡਲਾ, ਮਹਾਰਾਜਾ ਰਣਜੀਤ ਸਿੰਘ ਦਾ ਜਰਨੈਲ ਸਰਦਾਰ ਹਰੀ ਸਿੰਘ ਨਲਵਾ ਬੈਠਾ ਹੈ। ਇੰਨੇ ਜਾਂਦਿਆਂ ਸਲਾਮ ਕਿਹਾ। ਅਗੋ ਸਰਦਾਰ ਨਲਵਾ ਨੇ ਵੀ ਫਤਿਹ ਦਾ ਜਵਾਬ ਦਿਤਾ। ਬਾਨੋ ਕਹਿਣ ਲਗੀ ਮੈ ਕੁਝ ਪੁਛਣਾ ਹੈ। ਤੁਸੀ ਦਰਾ ਖ਼ੈਬਰ ‘ਤੇ ਕਬਜਾ ਕਿਉ ਕੀਤਾ? ਹਰੀ ਸਿੰਘ ਨਲਵਾ ਨੇ ਮੋੜਵਾਂ ਸਵਾਲ ਕੀਤਾ ਕਿ ਇਸ ਗਲ ਦਾ ਜਵਾਬ ਦੇ, ਕੀ ਆਪਣੇ ਘਰ ਆਪਣੇ ਦੇਸ਼ ਦੀ ਰਾਖੀ ਦਾ ਹਕ ਸਭ ਨੂੰ ਹੈ ਕਿ ਨਹੀਂ। ਬਾਨੋ ਨੇ ਕਿਹਾ ਹਾਂ ਹੈ ਸਭ ਨੂੰ ਹਕ, ਹਰੀ ਸਿੰਘ ਨਲਵਾ ਕਹਿਣ ਲਗਾ ਤਾਂ ਫਿਰ ਸੁਣ ਬਾਨੋ ਅਜ ਤਕ ਪੰਜਾਬ ਉਤੇ ਹਿੰਦੁਸਤਾਨ ‘ਤੇ ਜਿੰਨੇ ਵੀ ਹਮਲੇ ਹੋਏ ਏਸੇ ਰਸਤੇ ਤੋਂ ਹੋਏ। ਅਜ ਇਸ ਦਰਾ ਖ਼ੈਬਰ, ਖਾਲਸੇ ਨੇ ਕੇਸਰੀ ਨਿਸ਼ਾਨ ਸਾਹਿਬ ਇਸੇ ਲਈ ਝੁਲਾਇਆ ਤਾਂ ਕਿ ਅਜ ਤੋਂ ਬਾਅਦ ਕੋਈ ਸਾਡੇ ਘਰ ਨੂੰ ਹਿੰਦੁਸਤਾਨ ਨੂੰ ਕੋਈ ਲੁਟ ਨਾ ਸਕੇ। ਫਿਰ ਬਾਨੋ ਨੇ ਕਿਹਾ ਤੁਸੀ ਹਾਰਦੇ ਨਹੀਂ? ਗਿਣਤੀ ‘ਚ ਤੁਸੀ ਥੋੜੇ ਹੋ, ਜਿਤਦੇ ਜਾਂਦੇ ਹੋ। ਤਾਂ ਹਰੀ ਸਿੰਘ ਕਹਿਣ ਲਗਾ ਬਾਨੋ ਪਹਿਲੀ ਗਲ ਹੈ ਖੰਡੇ ਬਾਟੇ ਦਾ ਅੰਮ੍ਰਿਤ ਛਕਿਆ, ਓਟ ਅਕਾਲ ਪੁਰਖ ਦੀ, ਕਲਗ਼ੀਆਂ ਵਾਲਾ ਅੰਗ ਸੰਗ, ਲੜਦੇ ਹਾਂ ਲੋਕਾਂ ਦੇ ਭਲੇ ਵਾਸਤੇ, ਜੁਲਮ ਨਹੀਂ ਕਰਦੇ, ਜੁਲਮ ਦੇ ਖ਼ਿਲਾਫ਼ ਲੜਦੇ ਹਾਂ, ਇਸ ਲਈ ਜਿਧਰ ਵੀ ਜਾਂਦੇ ਹਾਂ ਜਿਤ ਹੁੰਦੀ ਜਾਂਦੀ ਹੈ। ਬਾਨੋ ਨੇ ਕਿਹਾ, ‘‘ਮੈਂ ਸੁਣਿਆ ਹੈ ਸਿਖ ਕਮਾਲ ਦੇ ਲੋਕ ਹਨ। ਮੈਂ ਇਕ ਦੂਰੀ ਤੋਂ ਤੁਹਾਨੂੰ ਦੇਖ ਰਹੀ ਸੀ, ਤੁਹਾਡੇ ਅੰਦਰ ਅਦਭੁਤ ਕਿਸਮ ਦੀ ਖਿਚ ਹੈ, ਮੇਰੀ ਇਛਾ ਹੈ ਕਿ ਅਗਰ ਮੇਰਾ ਕੋਈ ਪੁਤਰ ਹੋਵੇ ਤਾਂ ਤੁਹਾਡੇ ਵਰਗਾ ਹੋਵੇ। ਸ: ਨਲਵਾ ਨੇ ਕਿਹਾ ਬਾਨੋ ਪੁਤਰ ਦੀ ਸ਼ਕਲ ਸੂਰਤ ਕੇਹੋ ਜਿਹੀ ਵੀ ਹੋਵੇ ਨੇਕ ਹੋਣਾ ਚਾਹੀਦਾ। ਬਾਨੋ ਦੂਜੀ ਵਾਰ ਕਹਿਣ ਲਗੀ ਨਹੀਂ ਤੁਹਾਡੇ ਵਰਗਾ ਪੁਤਰ ਚਾਹੀਦਾ। ਨਲਵਾ ਨੇ ਕਿਹਾ ਬਾਨੋ ਉਸ ਅਲ੍ਹਾ ਕੋਲੋਂ ਮੰਗ ਅਲ੍ਹਾ ਤੈਨੂੰ ਪੁਤਰ ਨੇਕ ਦੇਵੇ। ਬਾਨੋ ਫਿਰ ਵੀ ਨਾ ਟਲੀ ਤੇ ਤੀਜੀ ਵਾਰ ਕਹਿਣ ਲਗੀ ਨਹੀਂ ਤੁਹਾਡੇ ਵਰਗਾ ਹੀ ਪੁਤਰ ਚਾਹੀਦਾ। ਇਸ ਵਾਰ ਬਾਨੋ ਦੇ ਇਸ਼ਾਰੇ ਨੂੰ ਸਮਝਦਿਆਂ ਹਰੀ ਸਿੰਘ ਨਲੂਆ ਉਠ ਖੜਾ ਹੋਇਆ ਅਤੇ ਗ਼ੁਸੇ ਕਾਰਨ ਲਾਲ ਹੋਈਆਂ ਅਖਾਂ ਨਾਲ ਬਾਨੋ ਵਲ ਵੇਖਦਿਆਂ ਕਿਹਾ ਕਿ ਬਾਨੋ ਜਾਹ ਚਲੀ ਜਾਹ ਤੂ ਮੈਨੂੰ ਪਰਖਣ ਆਈ ਹੈ? ਡੇਗਣ ਆਈ ਹੈ। ਤੈਨੂੰ ਪਤਾ ਮੇਰੇ ਕਲਗ਼ੀਆਂ ਵਾਲੇ ਦਾ ਕੀ ਹੁਕਮ ਹੈ? ਏਕਾ ਨਾਰੀ ਜਤੀ ਸਤੀ ਹੋਇ, ਪਰ ਨਾਰੀ ਧੀ ਭੈਣ ਵਖਾਣੈ।। ਜਾਹ ਚਲੀ ਜਾਹ। ਬਾਨੋ ਵਾਪਸ ਤਾਂ ਮੁੜੀ ਪਰ ਨਾਲ ਹੀ ਇਹ ਤਾਹਨਾ ਮਾਰਦਿਆਂ ਕਹਿਣ ਲਗੀ ਕਿ ‘‘ਮੈਂ ਤਾਂ ਸੁਣਿਆ ਸੀ ਗੁਰੂ ਨਾਨਕ ਮਹਾਨ ਹੈ, ਜੋ ਵੀ ਕੋਈ ਗੁਰੂ ਨਾਨਕ ਦੇ ਘਰ ਮਦਦ ਲਈ ਝੋਲੀ ਅਡਦਾ ਹੈ, ਖਾਲੀ ਨਹੀ ਮੁੜਦਾ। ਪਰ ਅਜ ਮੈਨੂੰ ਤੁਹਾਡੇ ਵਰਗੇ ਇਕ ਪੁਤਰ ਦੀ ਇਛਾ ਪੂਰੀ ਕੀਤੇ ਬਗੈਰ ਖਾਲੀ ਹਥ ਵਾਪਸ ਭੇਜਿਆ ਜਾ ਰਿਹਾ ਹੈ।‘‘ ਇਹ ਸੁਣਦਿਆਂ ਹੀ ਹਰੀ ਸਿੰਘ ਨਲਵਾ ਸੋਚੀ ਪੈ ਗਿਆ, ਗੁਰੂ ਦੇ ਸਚੇ ਸਿਖ ਦਾ ਮਨ ਭਰ ਆਇਆ। ਅਖਾਂ ਵਿਚ ਪਿਆਰ ਦੇ ਅਥਰੂ ਆ ਗਏ। ਐ ਬਾਨੋ ਤੂ ਮੇਰੇ ਗੁਰੂ ਨਾਨਕ ਦਾ ਨਾਮ ਲਿਆ। ਮੇਰੇ ਗੁਰੂ ਦੇ ਦਰ ਤੋਂ ਖਾਲੀ ਮੁੜ ਚਲੀ ਐ? ਮੇਰੇ ਬਾਬੇ ਨਾਨਕ ਦਾ ਦਰ ਹੈ ਘਰ ਹੈ। ਉਸ ਦਾ ਦਰ ਬੜਾ ਉਚਾ ਤੇ ਸੁਚਾ ਹੈ ਕੋਈ ਖਾਲੀ ਹਥ ਨਹੀਂ ਮੁੜ ਸਕਦਾ। ਕੋਈ ਜਾਵੇ ਤਾਂ ਸਹੀ ਸ਼ਰਧਾ ਨਾਲ । ਤੇ ਸਿਖ, ਸਿਖ ਦੇ ਘਰੋ ਵੀ ਕੋਈ ਖਾਲੀ ਨਹੀਂ ਮੁੜ ਸਕਦਾ। ਤੇ ਤੂ ਵੀ ਅਜ ਬਾਨੋ ਸਿਖ ਦੇ ਘਰੋ ਖਾਲੀ ਨਹੀਂ ਮੁੜੇਗੀ। ਸ: ਹਰੀ ਸਿੰਘ ਨਲਵਾ ਕੁਝ ਪਲ ਬਾਅਦ ਕਹਿਣ ਲਗਾ ਬਾਨੋ ਠਹਿਰ ਜਾ, ਠਹਿਰ ਜਾ ਬਾਨੋ। ਪਹਿਰੇਦਾਰ ਸਿੰਘ ਨੂੰ ਆਵਾਜ਼ ਮਾਰੀ ਤੇ ਕਿਹਾ ਸਿੰਘਾ ਨਾਲ ਦੇ ਤੰਬੂ ‘ਚੋ ਦੁਸ਼ਾਲਾ ਲੈ ਕੇ ਆ। ਕੀਮਤੀ ਦੁਸ਼ਾਲਾ ਜਦ ਪਹਿਰੇਦਾਰ ਲੈ ਕੇ ਆਇਆ ਤਾਂ ਕਿਹਾ ਕਿ ਸਿੰਘਾ ਇਹ ਦੁਸ਼ਾਲਾ ਬਾਨੋ ਦੇ ਸਿਰ ‘ਤੇ ਪਾ ਦੇ।। ਪਹਿਰੇਦਾਰ ਨੇ ਦੁਸ਼ਾਲਾ ਬਾਨੋ ਦੇ ਸਿਰ ‘ਤੇ ਪਾਇਆ ਤੇ ਉਸ ਵਕਤ ਸਰਦਾਰ ਹਰੀ ਸਿੰਘ ਨਲਵਾ ਜੋ ਵਡੇ ਵਡੇ ਸੂਰਮਿਆਂ ਨੂੰ ਪੈਰਾਂ ‘ਤੇ ਝੁਕਾਉਣ ਵਾਲਾ, ਕਲਗ਼ੀਆਂ ਵਾਲੇ ਦਾ ਲਾਡਲਾ ਮਹਾਰਾਜਾ ਰਣਜੀਤ ਸਿੰਘ ਦਾ ਜਰਨੈਲ ਆਪ ਬੀਬੀ ਬਾਨੋ ਦੇ ਅਗੇ ਹਥ ਜੋੜ ਝੁਕ ਕੇ ਖੜਾ ਹੈ, ਨੇ ਪੂਰੇ ਠਰੰ੍ਹਮੇ ਨਾਲ ਉਤਰ ਦਿੰਦਿਆਂ ਕਿਹਾ, ‘‘ਬਾਨੋ, ਇਹ ਸਚ ਹੈ ਕਿ ਕੋਈ ਵੀ ਗੁਰੂ ਨਾਨਕ ਦੇ ਘਰ ਤੋਂ ਖਾਲੀ ਹਥ ਨਹੀਂ ਗਿਆ। ਤੁਹਾਨੂੰ ਮੇਰੇ ਵਰਗਾ, ਹਰੀ ਸਿੰਘ ਨਲਵਾ ਵਰਗਾ ਪੁਤਰ ਹੀ ਚਾਹੀਦਾ ਹੈ ਨਾ, ਤੇ ਮੇਰੇ ਵਰਗਾ ਤਾਂ ਸਿਰਫ਼ ਮੈਂ ਹੀ ਹੋ ਸਕਦਾ ਹਾਂ, ਇਸ ਕਰਕੇ ਲੈ ਅਜ ਤੋਂ ਇਹ ਹਰੀ ਸਿੰਘ ਨਲਵਾ ਤੇਰਾ ਪੁਤਰ ਹੋਇਆ, ਤੂੰ ਹਰੀ ਸਿੰਘ ਦੀ ਧਰਮ ਦੀ ਮਾਂ ਹੋਈ। ਮੈਂ ਉਮਰ ਭਰ ਤੁਹਾਡਾ ਪੁਤਰ ਬਣ ਕੇ ਰਹਾਂਗਾ ਤੇ ਸਦਾ ਤੁਹਾਨੂੰ ਆਪਣੀ ਮਾਂ ਮੰਨਾਂਗਾ।‘‘ ਇਹ ਕਹਿਕੇ ਸਰਦਾਰ ਨਲਵਾ ਨੇ ਆਪਣਾ ਸਿਰ ਬਾਨੋ ਦੇ ਪੈਰਾਂ ‘ਚ ਰਖ ਦਿਤਾ। ਜਦ ਹਰੀ ਸਿੰਘ ਨਲਵਾ ਨੇ ਬਾਨੋ ਦੇ ਪੈਰਾਂ ‘ਤੇ ਮਥਾ ਟੇਕਿਆ ਅਤੇ ਬੋਲੇ, ਬਾਨੋ ਲੈ ਫਿਰ ਅਜ ਤੋਂ ਮੈ ਤੇਰਾ ਪੁਤਰ ਅਤੇ ਤੂੰ ਮੇਰੀ ਮਾਂ ਏ, ਇਹ ਸੁਣ ਬਾਨੋ ਬੁਭਾਂ ਮਾਰ ਕੇ ਰੋ ਪਈ। ਕਦੀ ਅਖਾਂ ਪੂੰਝਦੀ ਹੈ, ਕਦੀ ਉਸ ਮਹਾਨ ਜੋਧੇ ਵਲ ਐ ਬਾਨੋ ਮੈ ਤੇਰਾ ਪੁਤਰ ਤੇ ਤੂੰ ਮੇਰੀ ਮਾਂ ਹੈ। ਹੁਣ ਰੋਂਦੀ ਹੋਈ ਬਾਨੋ ਨੇ ਮੋਢਿਆਂ ਤੋਂ ਫੜ ਕੇ ਨਲਵਾ ਨੂੰ ਉਠਾਇਅ। ਹਰੀ ਸਿੰਘ ਨਲੂਆ ਨੇ ਬਾਨੋ ਨੂੰ ਮਾਤਾ ਕਹਿ ਕੇ ਸੰਬੋਧਨ ਕੀਤਾ ਤੇ ਬਾਨੋ ਵੀ ਆਪਣੇ ਬਹਾਦਰ ਪੁਤਰ ਨੂੰ ਜ਼ਿੰਦਗੀ ’ਚ ਕਈ ਵਾਰ ਮਿਲਦੀ ਰਹੀ। ਉਹਨਾਂ ਦੀਆਂ ਇਖਲਾਕੀ ਕਦਰਾਂ ਕੀਮਤਾਂ ਅਜ ਵੀ ਸਾਡੇ ਲਈ ਰੋਸ਼ਨ ਮੀਨਾਰ ਹਨ। ਉਹਨਾਂ ਦੇ ਇਸ ਇਖਲਾਕ ਜੀਵਨ ਜਾਚ ਨੂੰ ਕੋਟਨ ਕੋਟਿ ਨਮਸ਼ਕਾਰ ਹੈ।