ਰੂਪਨਗਰ/ਸ਼੍ਰੀ ਅਨੰਦਪੁਰ ਸਾਹਿਬ, 5 ਮਈ(ਲਾਡੀ ਖਾਬੜਾ, ਦਵਿੰਦਰਪਾਲ ਅੰਕੁਸ਼)- ਜ਼ਿਲ੍ਹਾ ਪੁਲਿਸ ਵੱਲੋ ਸੰਤਪੁਰ ਚੁਪਕੀ ਵਿਖੇ ਦਲਜੀਤ ਸਿੰਘ ਦੇ ਕਤਲ ਦੇ ਕੁਝ ਘੰਟੇ ਬਾਅਦ ਹੀ ਕੇਸ ਨੂੰ ਟਰੇਸ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਇਹ ਜਾਣਕਾਰੀ ਦਿੰਦਿਆਂ ਸ਼੍ਰੀ ਰਾਜ ਬਚਨ ਸਿੰਘ ਸੰਧੂ, ਪੀ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਰੂਪਨਗਰ ਦੱਸਿਆ ਕਿ ਮਿਤੀ 02.05.2018 ਨੂੰ ਦਲਜੀਤ ਸਿੰਘ ਪੁੱਤਰ ਸੁਰਜਣ ਸਿੰਘ ਕੌਮ ਜੱਟ ਵਾਸੀ ਸੰਤਪੁਰ ਚੁਪਕੀ ਦੀ ਸੱਟਾਂ ਲੱਗਣ ਕਾਰਨ ਦੌਰਾਨੇ ਇਲਾਜ ਸਿਵਲ ਹਸਪਤਾਲ ਰੂਪਨਗਰ ਵਿਖੇ ਮੌਤ ਹੋ ਗਈ ਸੀ, ਜਿਸ ਸੰਬਧੀ ਸ਼ਮਸ਼ੇਰ ਸਿੰਘ ਪੁਤਰ ਸੁਰਜਣ ਸਿੰਘ ਕੌਮ ਜੱਟ ਵਾਸੀ ਸੰਤਪੁਰ ਚੁਪਕੀ ਥਾਣਾ ਸਿੰਘ ਭਗਵੰਤਪੁਰ ਜਿਲਾ ਰੂਪਨਗਰ ਦੇ ਬਿਆਨ ਪਰ ਮੁਕਦਮਾ ਨੰਬਰ 45 ਮਿਤੀ 2-5-2018 ਅ/ਧ 302 9ਫ3 ਥਾਣਾ ਸਿੰਘ ਭਗਵੰਤਪੁਰ ਦਰਜ ਰਜਿਸਟਰ ਕੀਤਾ ਗਿਆ ਸੀ। ਮੁਕਦਮਾਂ ਨੂੰ ਟਰੇਸ ਕਰਨ ਲਈ ਵਰਿੰਦਰਜੀਤ ਸਿੰਘ ਪੀ.ਪੀ.ਐਸ. ਉਪ ਕਪਤਾਨ ਪੁਲਿਸ (ਜਾਂਚ) ਦੀ ਅਗਵਾਈ ਹੇਠ ਇੰਸਪੈਕਟਰ ਅਤੁੱਲ ਸੋਨੀ ਇੰਚਾਰਜ ਸੀ ਆਈ ਏ ਸਟਾਫ ਰੂਪਨਗਰ ਅਤੇ ਇੰਸਪੈਕਟਰ ਸੁਖਵੀਰ ਸਿੰਘ ਮੁੱਖ ਅਫਸਰ ਥਾਣਾ ਸਿੰਘ ਭਗਵੰਤਪੁਰ ਦੀ ਟੀਮ ਨੇ ਮੁਕੱਦਮਾ ਦੀ ਤਫਤੀਸ਼ ਅਰੰਭ ਕੀਤੀ ਅਤੇ ਘਟਨਾ ਤੋਂ ਕੁੱਝ ਹੀ ਘੰਟੇ ਬਾਅਦ ਹੀ ਇਸ ਕਤਲ ਕੇਸ ਨੂੰ ਹੱਲ ਕਰਨ ਵਿੱਚ ਸਫਲਤਾ ਹਾਸਲ ਕੀਤੀ। ਤਫਤੀਸ਼ ਦੌਰਾਨ ਮ੍ਰਿਤਕ ਦਾ ਭਤੀਜਾ ਕੁਲਬੀਰ ਸਿੰਘ ਉਰਫ ਸੋਨੂੰ ਪੁੱਤਰ ਜਗਜੀਤ ਸਿੰਘ ਹੀ ਮ੍ਰਿਤਕ ਦਾ ਕਾਤਿਲ ਨਿਕਲਿਆ ਜਿਸ ਨੂੰ ਮਿਤੀ 03.05.2018 ਨੂੰ ਪਿੰਡ ਬਹਿਰਾਮਪੁਰ ਜੀਮੀਦਾਰਾ ਟੀ-ਪੁਆਇੰਟ, ਮੋਰਿੰਡਾ ਰੋਡ ਤੋ ਗ੍ਰਿਫਤਾਰ ਕੀਤਾ ਗਿਆ। ਦੌਰਾਨੇ ਤਫਤੀਸ਼ ਇਹ ਗੱਲ ਸਾਹਮਣੇ ਆਈ ਕਿ ਦੋਸ਼ੀ ਕੁਲਬੀਰ ਸਿੰਘ ਉਰਫ ਸੋਨੂੰ ਉਕਤ ਨੂੰ ਇਸ ਦੇ ਪਿਤਾ ਜਗਜੀਤ ਸਿੰਘ ਨੇ ਮਾੜੀ ਸੰਗਤ ਵਿਚ ਪੈਣ ਕਾਰਣ ਆਪਣੀ ਚੱਲ ਅਤੇ ਅਚੱਲ ਜਾਇਦਾਦ ਵਿੱਚੋ ਬੇਦਖਲ ਕੀਤਾ ਹੋਇਆ ਸੀ, ਦੋਸ਼ੀ ਦੇ ਪਿਤਾ ਦੀ ਮਿਤੀ 24.04.2018 ਨੂੰ ਮੌਤ ਹੋਈ ਸੀ, ਜਿਸ ਦਾ ਭੋਗ ਮਿਤੀ 29.04.2018 ਨੂੰ ਪਿਆ ਸੀ, ਜਿਸ ਕਾਰਣ ਸਾਰਾ ਪਰਿਵਾਰ ਘਰ ਵਿਚ ਇੱਕਠਾ ਹੋਇਆ ਸੀ। ਦੋਸ਼ੀ ਦੀਆਂ ਭੈਣਾਂ ਅਤੇ ਭਣੋਈਏ ਵੀ ਘਰ ਵਿਚ ਹੀ ਹਾਜਰ ਸਨ। ਦੋਸ਼ੀ ਕੁਲਬੀਰ ਸਿੰਘ ਦੀ ਜਾਇਦਾਦ ਦੀ ਵੰਡ ਕਾਰਣ ਆਪਣੇ ਪਰਿਵਾਰਕ ਮੈਬਰਾਂ ਨਾਲ ਝਗੜਾ ਰਹਿੰਦਾ ਸੀ, ਜਿਸ ਦੇ ਚਲਦਿਆ ਪਹਿਲਾਂ ਉਸਨੇ ਆਪਣੇ ਚਾਚੇ ਸ਼ਮਸ਼ੇਰ ਸਿੰਘ ਪਰ ਕਹੀ ਦਾ ਵਾਰ ਕੀਤਾ ਫਿਰ ਉਸਨੇ ਆਪਣੇ ਤਾਏ ਦਲਜੀਤ ਸਿੰਘ ਦੇ ਬੈਡ ਪਰ ਪਏ ਹੋਏ ਪਰ ਕਹੀ ਦਾ ਵਾਰ ਕਰਕੇ ਉਸ ਨੂੰ ਜਖਮੀ ਕਰ ਦਿੱਤਾ, ਜਿਸ ਦੀ ਦੌਰਾਨੇ ਇਲਾਜ ਸਿਵਲ ਹਸਪਤਾਲ ਰੂਪਨਗਰ ਵਿਚ ਮੌਤ ਹੋ ਗਈ। ਦੋਸ਼ੀ ਨੂੰ ਗ੍ਰਿਫਤਾਰ ਕਰਕੇ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।