ਬਰੇਟਾ, 4 ਮਈ (ਜੈਲ ਕੌਰ ਖਾਲਸਾ)- ਗ੍ਰਾਮ ਪੰਚਾਇਤ ਬਖਸ਼ੀਵਾਲਾ ਵੱਲੋਂ ਸ੍ਰ: ਗੁਰਮੀਤ ਸਿੰਘ ਸਿੱਧੂ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਮਾਨਸਾ ਦਾ ਸਵਾਗਤ ਸ੍ਰ: ਸਾਧੂ ਸਿੰਘ ਸਰਪੰਚ ਦੀ ਹਾਜ਼ਰੀ ਵਿੱਚ ਕੀਤਾ ਗਿਆ। ਜ਼ਿਕਰਯੋਗ ਹੈ ਕਿ ਸਿੱਧੂ ਪਿੰਡ ਬਖਸ਼ੀਵਾਲਾ ਦੇ ਜੰਮਪਲ ਹਨ ।ਹੁਣ ਉਨ੍ਹਾਂ ਨੇ ਮਾਨਸਾ ਜਿਲੇ ਵਿੱਚ ਬਤੌਰ ਵਧੀਕ ਡਿਪਟੀ ਕਮਿਸ਼ਨਰ ਜੁਆਇਨ ਕੀਤਾ ਹੈ। ਪੰਚਾਇਤ ਵੱਲੋਂ ਗੁਰਮੀਤ ਸਿੰਘ ਦਾ ਮੂੰਹ ਮਿੱਠਾ ਕਰਵਾਉਦਿਆਂ ਉੁਨ੍ਹਾਂ ਨੂੰ ਜੀ ਆਇਆਂ ਆਖਿਆ। ਵਫਦ ਨਾਲ ਮੁਲਾਕਾਤ ਦੌਰਾਨ ਉੁਨ੍ਹਾਂ ਨੇ ਪੂਰੇ ਜਿਲ੍ਹੇ ਦੇ ਨਾਲ ਨਾਲ ਆਪਣੇ ਪਿੰਡ ਦੀ ਤਰੱਕੀ ਲਈ ਪੂਰਨ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਪਿੰਡ ਬਖਸ਼ੀਵਾਲਾ ਨੂੰ ਨਮੂਨੇ ਦਾ ਪਿੰਡ ਬਣਾਉਣ ਲਈ ਪਿੰਡ ਵਿੱਚ ਲੋਕਾਂ ਦੀ ਸਹੂਲਤ ਲਈ ਇੱਕ ਪਾਰਕ ,ਵਿਦਿਆਰਥੀਆਂ ਦੇ ਪੜ੍ਹਣ ਲਈ ਲਾਇਬ੍ਰੇਰੀ ਬਣਾਉਣ ਦਾ ਅਤੇ ਪਿੰਡ ਦੇ ਸਕੂਲਾਂ ਨੂੰ ਮਾਡਲ ਸਕੂਲ ਵਜੋ ਵਿਕਸਤ ਕਰਨ ਲਈ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਵਫਦ ਨੂੰ ਦਿੱਤਾ। ਵਫਦ ਵਿੱਚ ਸ਼ਾਮਿਲ ਅਧਿਆਪਕ ਗੁਰਮੇਲ ਸਿੰਘ ਬਰੇਟਾ ਨੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਸਮਾਰਟ ਕਲਾਸ ਰੂਮ, ਡਿਜੀਟਲ ਲਾਇਬ੍ਰੇਰੀ ਬਣਾਉਣ ,ਸਕੂਲ ਦਾ ਫਰਸ਼ ਪੱਕਾ ਕਰਨ ਦੀ ਮੰਗ ਰੱਖੀ ਜਿਸਨੂੰ ਗੁਰਮੀਤ ਸਿੰਘ ਸਿੱਧੂ ਨੇ ਪੂਰੇ ਧਿਆਨ ਨਾਲ ਸੁਣਨ ਉਪਰੰਤ ਜਲਦੀ ਹੀ ਪਿੰਡ ਅਤੇ ਸਕੂਲ ਦੀ ਵਿਜਟ ਕਰਕੇ ਇੰਨ੍ਹਾ ਮੰਗਾਂ ਨੂੰ ਪੂਰੀਆਂ ਕਰਨ ਦਾ ਵਿਸ਼ਵਾਸ ਦਿੱਤਾ। ਇਸ ਮੌਕੇ ਸਕੂਲ ਮਨੇਜਮੈਂਟ ਕਮੇਟੀ ਦੇ ਚੇਅਰਮੈਂਨ ਸਤਵੀਰ ਸਿੰਘ, ਪੰਚ ਰਾਜ ਕੁਮਾਰ, ਅਤੇ ਜੋਗਿੰਦਰ ਸਿੰਘ ਹਾਜ਼ਰ ਸਨ।