June 25, 2026 5:14 pm

ਆਡਿਟ ਟੀਮ ਵੱਲੋਂ ਅੰਮ੍ਰਿਤਸਰ ਨਗਰ ਨਿਗਮ ’ਚ 100 ਕਰੋੜ ਤੋਂ ਵੱਧ ਦੇ ਘੱਪਲੇ ਦਾ ਪਰਦਾਫਾਸ਼

10 ਸਾਲ ਤੋਂ ਬਿਨਾਂ ਰੋਕ-ਟੋਕ ਹੁੰਦੀ ਰਹੀ ਲੁੱਟ : ਸ. ਨਵਜੋਤ ਸਿੰਘ ਸਿੱਧੂ

ਅੰਮ੍ਰਿਤਸਰ, 2 ਮਈ- ਸਥਾਨਕ ਸਰਕਾਰਾਂ ਮੰਤਰੀ ਸ. ਨਵਜੋਤ ਸਿੰਘ ਸਿੱਧੂ ਦੀ ਕੋਸ਼ਿਸ਼ ਤਹਿਤ ਪਹਿਲੀ ਵਾਰ ਹੋਈ ਅੰਮ੍ਰਿਤਸਰ ਕਾਰਪਰੇਸ਼ਨ ਦੀ ਥਰਡ ਪਾਰਟੀ ਆਡਿਟ ਵਿਚ ਲੋਕਾਂ ਦੇ ਪੈਸੇ ਦੀ ਵੱਡੀ ਲੁੱਟ ਦਾ ਖੁਲਾਸਾ ਆਡਿਟ ਟੀਮ ਨੇ ਕੀਤਾ ਹੈ। ਇਸ ਸਬੰਧੀ ਸੱਦੀ ਵਿਸ਼ੇਸ਼ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਸ. ਨਵਜੋਤ ਸਿੰਘ ਸਿੱਧੂ ਅਤੇ ਹਾਜ਼ਰ ਆਡਿਟ ਅਧਿਕਾਰੀਆਂ ਨੇ ਦੱਸਿਆ ਕਿ ਅਪ੍ਰੈਲ 2007 ਤੋਂ ਲੈ ਕੇ 31 ਮਾਰਚ 2017 ਤੱਕ ਦੇ ਕਾਰਜ ਕਾਲ ਦੌਰਾਨ ਵੱਖ-ਵੱਖ ਢੰਗਾਂ ਨਾਲ ਲੋਕਾਂ ਦੇ ਪੈਸੇ ਦੀ ਲੁੱਟ ਕੀਤੀ ਗਈ ਹੈ, ਜਿਸ ਵਿਚ ਕਰਮਚਾਰੀਆਂ ਦਾ ਪ੍ਰਾਵੀਡੈਂਟ ਫੰਡ, ਬੈਂਕ ਖਾਤਿਆਂ ਵਿਚ ਘਾਲਾ-ਮਾਲਾ, ਪ੍ਰਾਪਰਟੀ ਟੈਕਸ ਲੈਣ ਦੇ ਬਾਵਜੂਦ ਖਜਾਨੇ ਵਿਚ ਜਮਾ ਨਾ ਕਰਵਾਉਣਾ, ਲੀਜ਼ ’ਤੇ ਦਿੱਤੀ ਜਾਇਦਾਦ ਦਾ ਘਪਲਾ ਅਤੇ ਇਸ਼ਤਹਾਰਬਾਜੀ ਵਿਚ ਕੀਤੀ ਜਾਣ ਵਾਲੀ ਕਮਾਈ ਦੇ ਘਪਲੇ ਸਾਹਮਣੇ ਆਏ ਹਨ। ਸ. ਸਿੱਧੂ ਨੇ ਦੱਸਿਆ ਕਿ ਸਰਕਾਰ ਦੀਆਂ ਨੀਤੀ ਤਹਿਤ ਹਰੇਕ ਲੈਣ-ਦੇਣ ਦੀਆਂ ਦੋਹਰੇ ਇੰਦਰਾਜ ਹੋਣੇ ਜ਼ਰੂਰੀ ਹਨ, ਜੋ ਕਿ ਆਮਦਨ ਅਤੇ ਖਰਚੇ ਦਾ ਸਹੀ ਹਿਸਾਬ ਰੱਖਿਆ ਜਾ ਸਕੇ, ਪਰ ਕਾਰਪਰੋਸ਼ਨ ਅਤੇ ਨਗਰ ਸੁਧਾਰ ਟਰੱਸਟ ਨੇ ਅਜਿਹਾ ਨਹੀਂ ਕੀਤਾ, ਇਕ ਹੀ ਇੰਦਰਾਜ ਵਿਚ ਆਮਦਨ ਅਤੇ ਖਰਚੇ ਦਾ ਹਿਸਾਬ ਰੱਖਣ ਦੀ ਨੀਤੀ ਅਪਨਾ ਕੇ ਲਗਾਤਾਰ ਘਪਲਾ ਕੀਤਾ ਜਾ ਰਿਹਾ ਹੈ। ਇਸੇ ਤਰਾਂ ਕੈਸ਼ਬੈਕ ਭਰੀਆਂ ਨਹੀਂ ਗਈਆਂ ਅਤੇ ਕਈ ਸਾਲਾਂ ਤੋਂ ਸਬੰਧ ਮੁਖੀਆਂ ਨੇ ਕੈਸ਼ਬੁੱਕ ’ਤੇ ਦਸਤਖਤ ਨਹੀਂ ਕੀਤੇ ਮਿਲੇ। ਸ. ਸਿੱਧੂ ਨੇ ਦੱਸਿਆ ਕਿ ਸਰਕਾਰੀ ਨਿਯਮਾਂ ਅਨੁਸਾਰ ਇਕ ਵਿਭਾਗ ਦੇ ਤਿੰਨ ਤੋਂ ਵੱਧ ਬੈਂਕ ਖਾਤੇ ਨਹੀਂ ਹੋ ਸਕਦੇ, ਪਰ ਨਗਰ ਸੁਧਾਰ ਟਰਸੱਟ ਦੇ 71 ਅਤੇ ਅੰਮ੍ਰਿਤਸਰ ਕਾਰਪੋਰੇਸ਼ਨ ਦੇ 51 ਬੈਂਕ ਖਾਤੇ ਮਿਲ ਚੁੱਕੇ ਹਨ। ਉਨਾਂ ਦੱਸਿਆ ਕਿ ਅਜੇ ਸੰਭਾਵਨਾ ਹੈ ਕਿ ਹੋਰ ਬੈਂਕ ਖਾਤੇ ਵੀ ਮਿਲਣ। ਸ. ਸਿੱਧੂ ਨੇ ਦੱਸਿਆ ਕਿ ਇਸੇ ਤਰਾਂ ਅੰਮ੍ਰਿਤਸਰ ਕਾਰਪਰੇਸ਼ਨ ਵਿਚ ਕਰਮਚਾਰੀਆਂ ਦੇ ਪ੍ਰਾਵੀਡੈਂਟ ਖਾਤਿਆਂ ਵਿਚ ਵੱਡੀ ਘਪਲੇਬਾਜੀ ਦਾ ਪਤਾ ਮੁੱਢਲੀ ਜਾਂਚ ਵਿਚ ਲੱਗਾ ਹੈ, ਜਿਸ ਵਿਚ ਬੋਗਸ ਨਾਵਾਂ ’ਤੇ ਚੈਕ ਜਾਰੀ ਕੀਤੇ ਮਿਲੇ ਹਨ। ਸ. ਸਿੱਧੂ ਨੇ ਦੱਸਿਆ ਕਿ ਪ੍ਰਾਪਰਟੀ ਟੈਕਸ ਵਿਚ ਲੋਕਾਂ ਕੋਲੋਂ ਤਾਂ ਪੈਸਾ ਕਾਰਪੋਰੇਸ਼ਨ ਦੇ ਕਰਮਚਾਰੀ ਲੈਂਦੇ ਰਹੇ ਹਨ, ਪਰ ਅੱਗੇ ਉਹ ਸਰਕਾਰੀ ਖਜ਼ਾਨੇ ਵਿਚ ਜਮਾ ਨਹੀਂ ਹੋਇਆ। ਉਨਾਂ ਦੱਸਿਆ ਕਿ ਪ੍ਰਾਪਰਟੀ ਟੈਕਸ ਦੀ ਉਗਰਾਹੀ ਲਈ ਛਪਾਈਆਂ ਗਈਆਂ 2535 ਰਸੀਦ ਬੁੱਕਾਂ ਅਜੇ ਤੱਕ ਵਾਪਸ ਦਫਤਰ ਜਮਾ ਨਹੀਂ ਹੋਈਆਂ ਅਤੇ ਇੰਨਾਂ ਦਾ ਕਰੋੜਾਂ ਰੁਪਿਆ ਡਕਾਰ ਲਿਆ ਗਿਆ ਹੈ। ਸ. ਸਿੱਧੂ ਨੇ ਸ਼ਹਿਰ ਵਿਚ ਲੱਗੇ ਯੂਨੀਪੋਲ ਸਬੰਧੀ ਜਾਣਕਾਰੀ ਦਿੰਦੇ ਕਿਹਾ ਕਿ ਸਰਕਾਰ ਦੀ ਨੀਤੀ ਅਨੁਸਾਰ ਸ਼ਹਿਰ ਵਿਚ 200 ਯੂਨੀਪੋਲ ਇਸ਼ਤਹਾਰਾਂ ਲਈ ਕਿਰਾਏ ’ਤੇ ਲਗਾਏ ਜਾਣੇ ਸਨ, ਜਦਕਿ 217 ਲਗਾਏ ਗਏ। ਇਸ ਤਰਾਂ ਵੱਧ ਯੂਨੀਪੋਲ ਲਗਾ ਕੇ ਲਗਭਗ ਡੇਢ ਕਰੋੜ ਦਾ ਘਪਲਾ ਕੀਤਾ ਗਿਆ ਹੈ। ਉਨਾਂ ਕਿਹਾ ਕਿ ਇੰਨਾਂ ਠੇਕੇਦਾਰਾਂ ਵੱਲ ਵੀ ਕਰੋੜਾਂ ਰੁਪਏ ਬਕਾਇਆ ਪਿਆ ਹੈ। ਸਰਕਾਰੀ ਜਾਇਦਾਦ ਦੀ ਗੱਲ ਕਰਦੇ ਸ. ਸਿੱਧੂ ਨੇ ਦੱਸਿਆ ਕਿ ਨਗਰ ਸੁਧਾਰ ਟਰੱਸਟ ਨੇ ਆਪਣੀਆਂ ਜਾਇਦਾਦਾਂ ਕਿਰਾਏ ਜਾਂ ਲੀਜ਼ ’ਤੇ ਦਿੱਤੀਆਂ ਉਨਾਂ ਵੱਲ 3.48 ਕਰੋੜ ਰੁਪਏ ਬਕਾਇਆ ਪਏ ਹਨ। ਬਹੁਤੀਆਂ ਜਾਇਦਾਦਾਂ ਦਾ ਕੋਈ ਇਕਰਾਰਨਾਮਾ ਨਹੀਂ ਕੀਤਾ ਗਿਆ ਅਤੇ ਨਾ ਹੀ ਇੰਨਾਂ ਕੋਲੋਂ ਐਡਵਾਂਸ ਪੈਸੇ ਲਏ ਗਏ ਹਨ। ਉਨਾਂ ਦੱਸਿਆ ਕਿ ਕਾਰਪੋਰੇਸ਼ਨ ਨੇ ਤਾਂ ਅਜੇ ਤੱਕ ਆਪਣੀਅ ਜਾਇਦਾਦਾਂ ਦੀ ਸੂਚੀ ਹੀ ਆਡਿਟ ਟੀਮ ਨੂੰ ਨਹੀਂ ਦਿੱਤੀ।
ਸ. ਸਿੱਧੂ ਨੇ ਇਸ ਘੁਟਾਲੇ ਦਾ ਜ਼ਿਕਰ ਕਰਦੇ ਕਿਹਾ ਕਿ ਇਹ ਤਾਂ ਸ਼ੁਰੂਆਤ ਹੈ ਅਜੇ ਜਿਉਂ-ਜਿਉਂ ਜਾਂਚ ਵਧੇਗੀ ਹੋਰ ਘੁਟਾਲੇ ਸਾਹਮਣੇ ਆਉਣਗੇ। ਸ. ਸਿੱਧੂ ਨੇ ਕਿਹਾ ਕਿ ਉਹ ਇਹ ਰਿਪੋਰਟ ਲੈ ਕੇ ਮੁੱਖ ਮੰਤਰੀ ਕੋਲ ਜਾਣਗੇ ਅਤੇ ਵਿਭਾਗੀ ਅਧਿਕਾਰੀਆਂ ਵਿਰੁੱਧ ਖ਼ੁਦ ਕਾਰਵਾਈ ਕਰਕੇ ਦੂਸਰਿਆਂ ਵਿਰੁੱਧ ਸਖਤ ਕਾਰਵਾਈ ਦੀ ਮੰਗ ਕਰਨਗੇ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਤੋਂ ਬਾਅਦ ਸਾਰੇ ਪੰਜਾਬ ਦੀਆਂ ਕਾਰਪੋਰੇਸ਼ਨਾਂ ਦਾ ਥਰਡ ਪਾਰਟੀ ਆਡਿਟ ਕਰਕੇ ਇਹ ਘੁਟਾਲੇ ਸਾਹਮਣੇ ਲਿਆਂਦੇ ਜਾਣਗੇ ਅਤੇ ਕਿਸੇ ਨੂੰ ਜਨਤਾ ਦਾ ਪੈਸਾ ਖਾਣ ਨਹੀਂ ਦਿੱਤਾ ਜਾਵੇਗਾ।

Send this to a friend