ਚੰਡੀਗੜ੍ਹ, 19 ਫਰਵਰੀ (ਪੀ. ਟੀ. ਬਿਊਰੋ)-ਹਰਿਆਣਾ ਰਾਜ ਵਿਜੀਲੈਂਸ ਬਿਊਰੋ ਨੇ ਕਾਰਜਕਾਰੀ ਇੰਜੀਨੀਅਰ ਅਤੇ ਦੋ ਹੋਰ ਅਧਿਕਾਰੀਆਂ ਸਮੇਤ 3 ਅਧਿਕਾਰੀਆਂ ਨੂੰ ਸਰਕਾਰੀ ਡਿਊਟੀ ਕਰਨ ਦੇ ਬਦਲੇ ਵਿਚ ਵੱਢੀ ਲੈਂਦੇ ਹੋਏ ਰੰਗੇ ਹੱਥੀਂ ਫੜਿਆ ਹੈ। ਬਿਊਰੋ ਦੇ ਬੁਲਾਰੇ ਨੇ ਦਸਿਆ ਕਿ ਨਗਰ ਨਿਗਮ, ਹਿਸਾਰ ਵਿਚ ਤੈਨਾਤ ਜਨ ਸਿਹਤ ਇੰਜੀਨੀਅਰਿੰਗ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਰਾਮ ਕਿਸ਼ਨ ਸ਼ਰਮਾ ਨੂੰ ਸੁੰਦਰ ਨਗਰ, ਹਿਸਾਰ ਵਾਸੀ ਮੁਕੇਸ਼ ਕੁਮਾਰ ਤੋਂ ਕੰਮ ਆਦੇਸ਼ ਪੱਤਰ ਜਾਰੀ ਕਰਨ ਦੇ ਬਦਲੇ ਵਿਚ 50,000 ਰੁਪਏ ਦੀ ਵੱਢੀ ਲੈਂਦੇ ਹੋਏ ਰੰਗੇ ਹੱਥੀਂ ਫੜਿਆ। ਉਨ੍ਹਾਂ ਨੇ ਕਿਹਾ ਕਿ ਬਬੈਨ ਜਿਲਾ ਕੁਰੂਕਸ਼ੇਤਰ ਵਿਚ ਨਿਯੁਕਤ ਬਿਜਲੀ ਬੋਰਡ ਦੇ ਏਐਫਐਮ ਸੋਮਨਾਥ ਨੂੰ ਪਿੰਡ ਭੀੜ ਮੰਗੋਲੀ ਵਾਸੀ ਰਤਨ ਸਿੰਘ ਤੋਂ ਬਿਜਲੀ ਮੀਟਰ ਲਗਾਉਣ ਦੇ ਬਦਲੇ ਵਿਚ 7,000 ਰੁਪਏ ਦੀ ਵੱਢੀ ਲੈਂਦੇ ਹੋਏ ਰੰਗੇ ਹੱਥੀਂ ਫੜਿਆ। ਇਸੇ ਤਰ੍ਹਾਂ, ਬਿਊਰੋ ਦੇ ਅਧਿਕਾਰੀਆਂ ਨੇ ਹਰਿਆਣਾ ਸ਼ਹਿਰੀ ਵਿਕਾਸ
ਐਥਾਰਿਟੀ, ਬਹਾਦੁਰਗੜ੍ਹ, ਜਿਲਾ ਝੱਜਰ ਦੇ ਕਲਰਕ ਰਾਜੇਸ਼ ਕੁਮਾਰ ਨੂੰ ਦਯਾਵੀਰ ਤੋਂ ਉਸ ਦੇ ਪਲਾਟ ਤਬਦੀਲ ਕਰਨ ਦੇ ਬਦਲੇ ਵਿਚ 3,000 ਰੁਪਏ ਦੀ ਵੱਢੀ ਲੈਂਦੇ ਹੋਏ ਫੜਿਆ।
ਉਨ੍ਹਾਂ ਨੇ ਦਸਿਆ ਕਿ ਦੋਸ਼ੀਆਂ ਦੇ ਖਿਲਾਫ ਭ੍ਰਿਸ਼ਟਾਚਾਰ ਰੋਕੂ ਐਕਟ ਦੀਆਂ ਵੱਖ-ਵੱਖ ਧਾਰਾਵਾਂ ਦੇ ਤਹਿਤ ਬਿਊਰੋ ਦੇ ਰੋਹਤਕ, ਅੰਬਾਲਾ ਅਤੇ ਹਿਸਾਰ ਥਾਣਿਆਂ ਵਿਚ ਮਾਮਲੇ ਦਰਜ ਕੀਤੇ ਗਏ ਹਨ ਅਤੇ ਅਗਲੇਰੀ ਜਾਂਚ ਜਾਰੀ ਹੈ।