ਮੋਰਿੰਡਾ, 29 ਅਪ੍ਰੈਲ (ਹਰਜਿੰਦਰ ਸਿੰਘ ਛਿੱਬਰ) -ਕਿਸੇ ਵੀ ਦੇਸ਼ ਦੀ ਜਾਂ ਸਟੇਟ ਦੀ ਪੁਲਿਸ ਦੀ ਜੁੰਮੇਵਾਰੀ ਦੇਸ਼ ਜਾਂ ਸੂਬੇ ਵਿੱਚ ਅਮਨ ਅਮਾਨ ਰੱਖਣ ਦੀ ਹੁੰਦੀ ਹੈ। ਇਸ ਅਹਿਮ ਜੁੰਮੇਵਾਰੀ ਨੂੰ ਕੋਈ ਵੀ ਪੁਲਿਸ ਅਫ਼ਸਰ ਜਾਂ ਕਰਮਚਾਰੀ ਠੀਕ ਢੰਗ ਨਾਲ ਤਾਂ ਹੀ ਨਿਭਾਅ ਸਕਦਾ ਹੈ ਜੇਕਰ ਉਹ ਖੁਦ ਸਰੀਰਕ ਪੱਖੋਂ ਤੰਦਰੁਸਤ, ਫੁਰਤੀਲਾ ਅਤੇ ਨਸ਼ਾ ਰਹਿਤ ਹੋਵੇ। ਇਹੋ ਜਿਹੇ ਪੁਲਿਸ ਅਫ਼ਸਰ ਜਾਂ ਕਰਮਚਾਰੀ ਦੂਜਿਆਂ ਲਈ ਵੀ ਪ੍ਰੇਰਣਾਦਾਇਕ ਸਾਬਿਤ ਹੁੰਦੇ ਹਨ। ਸੀ.ਆਈ.ਏ. ਸਟਾਫ਼ ਰੂਪਨਗਰ ਦੇ ਇੰਚਾਰਜ਼ ਇੰਸਪੈਕਟਰ ਅਤੁਲ ਸੋਨੀ ਦਾ ਨਾਂਅ ਅੱਜ ਕੱਲ੍ਹ ਰੋਪੜ ਜ਼ਿਲ੍ਹੇ ਦੇ ਜ਼ਿਆਦਾਤਰ ਨੋਜਵਾਨਾਂ ਦੀ ਜੁਬਾਨ ’ਤੇ ਹੈ। ਇਹ ਨਾਂਅ ਕਿਸੇ ਡਰ ਕਾਰਨ ਨਹੀ ਬਲਕਿ ਇੰਸਪੈਕਟਰ ਅਤੁਲ ਸੋਨੀ ਦੇ ਸੁਡੋਲ ਸ਼ਰੀਰ ਕਾਰਨ ਹੈ। ਅਤੁਲ ਸੋਨੀ ਭਾਂਵੇਂ ਪੁਲਿਸ ਵਿਭਾਗ ਵਿੱਚ ਬਤੌਰ ਸੀ.ਆਈ.ਏ. ਇੰਚਾਰਜ ਸੇਵਾਵਾਂ ਨਿਭਾ ਰਹੇ ਹਨ ਪ੍ਰੰਤੂ ਅਪਣੇ ਸ਼ਰੀਰ ਦੀ ਸਾਂਭ ਸੰਭਾਲ ਨੂੰ ਲੈ ਕੇ ਉਹ ਹਮੇਸ਼ਾਂ ਚੇਤੰਨ ਰਹਿੰਦੇ ਹਨ। ਪੰਜਾਬ ਪੁਲਿਸ ਦੇ ਹੋਣਹਾਰ ਇੰਸਪੈਕਟਰ ਅਤੁਲ ਸੋਨੀ ਨੇ ਅਪਣੀ ਤੰਦਰੁਸਤ ਸਿਹਤ ਦਾ ਰਾਜ ਰੋਜਾਨਾ ਢਾਈ ਤੋਂ ਤਿੰਨ ਘੰਟੇ ਜਿੰਮ ਵਿੱਚ ਪਸੀਨਾ ਵਹਾਉਣ ਨੂੰ ਦੱਸਿਆ। ਉਨ੍ਹਾਂ ਦੱਸਿਆ ਕਿ ਛੁੱਟੀ ਵਾਲੇ ਦਿਨ ਉਹ 6 ਤੋਂ 7 ਘੰਟੇ ਜਿੰਮ ਵਿੱਚ ਹੀ ਪ੍ਰੈਕਟਿਸ ਕਰਕੇ ਬਿਤਾਉਂਦੇ ਹਨ। ਪੰਜਾਬ ਪੁਲਿਸ ਦਾ ਇਹ ਫ਼ੁਰਤੀਲਾ ਨੋਜਵਾਨ ਅਫ਼ਸਰ ਜਿੱਥੇ ਪੁਲਿਸ ਕਰਮਚਾਰੀਆਂ ਲਈ ਰੋਲ ਮਾਡਲ ਬਣ ਗਿਆ ਹੈ ਉਥੇ ਹੀ ਬਹੁਤੇ ਨੋਜਾਵਨ ਵੀ ਇਸ ਅਫ਼ਸਰ ਦੀ ਫਿੱਟ ਬਾਡੀ ਨੂੰ ਦੇਖ ਕੇ ਜਿੰਮ ਜਾਣ ਲਈ ਕਾਹਲ੍ਹਾ ਹੈ। ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖਿਲਾਫ਼ ਚਲਾਈ ਮੁਹਿੰਮ ਕਾਬਲ-ਏ-ਤਾਰੀਫ਼ ਹੈ ਪ੍ਰੰਤੂ ਜੇਕਰ ਸਰਕਾਰ ਅਜਿਹੇ ਪੁਲਿਸ ਅਫ਼ਸਰਾਂ ਜਾਂ ਕਰਮਚਾਰੀਆਂ ਨੂੰ ਨਸ਼ਾ ਮੁਹਿੰਮ ਤਹਿਤ ਕਰਵਾਏ ਸਮਾਗਮਾਂ ’ਚ ਸਨਮਾਨਿਤ ਕਰੇ ਤਾਂ ਪੰਜਾਬ ਪੁਲਿਸ ਦਾ ਹਰ ਕਰਮਚਾਰੀ ਹੀ ਜਿੱਥੇ ਖ਼ੇਡਾਂ ਵੱਲ ਉਤਸ਼ਾਹਿਤ ਹੋਵੇਗਾ ਉੱਥੇ ਹੀ ਨੋਜਵਾਨ ਵੀ ਅਜਿਹੇ ਅਫ਼ਸਰਾਂ ਤੋਂ ਪ੍ਰੇਰਣਾ ਲੈ ਕੇ ਨਸ਼ਾ ਕਰਨ ਤੋਂ ਗੁਰੇਜ਼ ਕਰਨਗੇ।