ਮਾਨਸਾ ਦੀਆਂ ਪੰਚਾਇਤ ਸੰਮਤੀਆਂ ਅਤੇ ਜ਼ਿਲ੍ਹਾ ਪ੍ਰੀਸ਼ਦ ਕਰਮਚਾਰੀਆਂ ਵੱਲੋਂ ਸਰਕਾਰ ਵਿਰੁੱਧ ਨਾਅਰੇਬਾਜ਼ੀ

ਮਾਨਸਾ, 24 ਅਪ੍ਰੈਲ (ਵਕੀਲ ਬਾਂਸਲ)- ਜ਼ਿਲ੍ਹਾ ਮਾਨਸਾ ਦੀਆਂ ਪੰਚਾਇਤ ਸੰਮਤੀਆਂ ਅਤੇ ਜ਼ਿਲ੍ਹਾ ਪ੍ਰੀਸ਼ਦ ਕਰਮਚਾਰੀਆਂ ਵੱਲੋਂ ਆਪਣੀਆਂ ਮੰਗਾਂ ਸਬੰਧੀ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਮੰਗਲਵਾਰ ਨੂੰ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਪਿਛਲੇ 39 ਦਿਨਾਂ ਤੋਂ ਕਲਮ ਛੋੜ ਹੜਤਾਲ ਕਰਕੇ ਧਰਨੇ ’ਤੇ ਬੈਠੇ ਸਮੂਹ ਪੰਚਾਇਤ ਸੰਮਤੀਆਂ ਅਤੇ ਜ਼ਿਲ੍ਹਾ ਪ੍ਰੀਸ਼ਦ ਕਰਮਚਾਰੀਆਂ ਵੱਲੋਂ ਅੱਜ ਸਰਕਾਰ ਦੇ ਅੜੀਅਲ ਵਤੀਰੇ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਪੰਚਾਇਤ ਮਹਿਕਮੇ ਨਾਲ ਸਬੰਧਿਤ ਪੰਜਾਬ ਦੀਆਂ ਸਾਰੀਆਂ ਪੰਚਾਇਤ ਸੰਮਤੀਆਂ ਅਤੇ ਜ਼ਿਲ੍ਹਾ ਪ੍ਰੀਸ਼ਦ ਕਰਮਚਾਰੀ ਆਪਣੀਆਂ ਹੱਕੀ ਮੰਗਾਂ ਨੂੰ ਪੂਰੀਆਂ ਕਰਵਾਉਣ ਹਿੱਤ ਬੀਤੇ ਕਈ ਦਿਨਾਂ ਤੋਂ ਸੰਘਰਸ਼ ਦੇ ਰਾਹ ਪਏ ਹੋਏ ਹਨ ਅਤੇ ਪੂਰੇ ਪੰਜਾਬ ਵਿੱਚ ਜ਼ਿਲ੍ਹਾ ਪੱਧਰ ’ਤੇ ਧਰਨਾ ਦੇ ਰਹੇ ਹਨ। ਧਰਨੇ ਨੂੰ ਸੰਬੋਧਨ ਕਰਦਿਆਂ ਪੰਚਾਇਤ ਸਕੱਤਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਰਾਜਵਿੰਦਰ ਸਿੰਘ ਮੱਤੀ, ਬਲਾਕ ਮਾਨਸਾ ਦੇ ਪ੍ਰਧਾਨ ਰਕੇਸ਼ ਕੁਮਾਰ, ਬਲਾਕ ਬੁਢਲਾਡਾ ਤੋਂ ਬਲਜਿੰਦਰ ਕੁਮਾਰ, ਬਲਾਕ ਭੀਖੀ ਦੇ ਪ੍ਰਧਾਨ ਪ੍ਰਿਤਪਾਲ ਸਿੰਘ, ਜ਼ਿਲ੍ਹਾ ਪ੍ਰੀਸ਼ਦ ਮਾਨਸਾ ਦੇ ਲੇਖਾਕਾਰ ਪਵਨ ਕੁਮਾਰ, ਪੰਚਾਇਤ ਸੰਮਤੀ ਮਾਨਸਾ ਦੇ ਸੁਪਰਡੈਂਟ ਪਰਮਿੰਦਰ ਕੌਰ, ਭੁਪਿੰਦਰ ਸਿੰਘ ਪੰਚਾਇਤ ਅਫਸਰ ਬਲਾਕ ਝੁਨੀਰ ਨੇ ਕਿਹਾ ਕਿ ਜ਼ਿਲ੍ਹਾ ਮਾਨਸਾ ਦੇ ਸਾਰੇ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਕਰਮਚਾਰੀ 25 ਅਪ੍ਰੈਲ ਨੂੰ ਮੁੱਖ ਦਫਤਰ ਮੋਹਾਲੀ ਵਿਖੇ ਧਰਨੇ ਵਿੱਚ ਸ਼ਾਮਿਲ ਹੋ ਕੇ ਭੁੱਖ ਹੜਤਾਲ ਸ਼ੁਰੂ ਕਰਨਗੇ। ਉਨ੍ਹਾਂ ਸਰਕਾਰ ਵੱਲੋਂ ਉਨ੍ਹਾਂ ਦੀਆਂ ਮੰਗਾਂ ਨਾ ਮੰਨਣ ਕਾਰਨ ਸਰਕਾਰ ਵੱਲੋਂ ਚਲਾਏ ਗਏ ਪੰਚਾਇਤੀ ਰਾਜ ਦਿਵਸ ਮਨਾਉਣ ਲਈ ਪੰਚਾਇਤ ਸੰਮਤੀ/ਜ਼ਿਲ੍ਹਾ ਪ੍ਰੀਸ਼ਦ ਕਰਮਚਾਰੀਆਂ ਵੱਲੋਂ ਇਸ ਸਕੀਮ ਦਾ ਪੂਰਨ ਬਾਈਕਾਟ ਕੀਤਾ ਗਿਆ ਹੈ। ਇਸ ਮੌਕੇ ਕੁੰਤੀ ਦੇਵੀ ਸੁਪਰਡੈਂਟ ਝੁਨੀਰ ਨੇ ਕਿਹਾ ਕਿ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਮੁਲਾਜ਼ਮਾਂ ਦੀ ਤਨਖਾਹ ਜ਼ਿਲ੍ਹਾ ਖਜਾਨਾ ਦਫਤਰ ਰਾਹੀਂ ਕੀਤੀ ਜਾਵੇ, ਪੰਚਾਇਤ ਵਿਭਾਗ ਦੇ ਜੋ ਕਰਮਚਾਰੀ 1 ਜਨਵਰੀ 2004 ਤੋਂ 8 ਫਰਵਰੀ 2012 ਤੱਕ ਭਰਤੀ ਹੋਏ ਹਨ, ਨੂੰ ਵੀ ਪੈਨਸ਼ਨ ਦੇ ਲਾਭ ਅਧੀਨ ਲਿਆਂਦਾ ਜਾਵੇ, ਈਓਪੀਐਸ ਦੀ ਅਸਾਮੀ ਬਹਾਲ ਕੀਤੀ ਜਾਵੇ ਜਾਂ ਬੀਡੀਪੀਓ ਦੀ ਅਸਾਮੀ ਲਈ ਸੁਪਰਡੈਂਟ ਅਤੇ ਪੰਚਾਇਤ ਅਫਸਰਾਂ ਲਈ ਕੋਟਾ ਨਿਸ਼ਚਿਤ ਕੀਤਾ ਜਾਵੇ। ਇਸ ਮੌਕੇ ਤਰਸੇਮ ਸਿੰਘ ਪੰਚਾਇਤ ਸਕੱਤਰ, ਗੁਰਮੀਤ ਕੌਰ ਟੈਕਸ ਕੁਲੈਕਟਰ, ਪ੍ਰਦੀਪ ਕੁਮਾਰ, ਕਿਰਨਪਾਲ ਸਿੰਘ, ਹਰਿੰਦਰ ਕੁਮਾਰ, ਅਰਵਿੰਦਰ ਸਿੰਘ, ਪੁਨੀਤ ਜਿੰਦਲ, ਕ੍ਰਿਸ਼ਨ ਕੁਮਾਰ, ਖੁਸ਼ਹਾਲ ਸਿੰਘ, ਕੁਲਦੀਪ ਸਿੰਘ, ਬਹਾਦਰ ਸਿੰਘ, ਜਗਤਾਰ ਸਿੰਘ, ਵਿਕੇਸ਼ ਕੁਮਾਰ, ਬਘੇਲ ਸਿੰਘ, ਬਲਵਿੰਦਰ ਕੁਮਾਰ, ਦੀਪਕ ਕੁਮਾਰ ਪੰਚਾਇਤ ਸਕੱਤਰ, ਛਿੰਦਰ ਕੌਰ ਅਤੇ ਭੀਮ ਸੈਨ ਆਦਿ ਹਾਜ਼ਰ ਸਨ।

Send this to a friend