ਅੰਤ੍ਰਿਮ ਬਜਟ ’ਚ ਇਨਕਮ ਟੈਕਸ ’ਚ ਕੋਈ ਤਬਦੀਲੀ ਨਹੀਂ

ਰੱਖਿਆ ਬਲਾਂ ਲਈ ਇੱਕ ਰੈਂਕ-ਇੱਕ ਪੈਨਸ਼ਨ ਦੇ ਸਿਧਾਂਤ ਨੂੰ ਸਵੀਕਾਰਿਆ
ਕਾਰ, ਮੋਟਰਸਾਇਕਲ ਤੇ ਮੋਬਾਈਲ ਸਸਤੇ
ਖੇਤੀ ਕਰਜ਼ੇ ਦਾ ਟੀਚਾ ਵਧਾ ਕੇ 8 ਲੱਖ ਕਰੋੜ ਕੀਤਾ

image ਨਵੀਂ ਦਿੱਲੀ, 17 ਫਰਵਰੀ (ਪੰਜਾਬ ਟਾਇਮਜ਼ ਬਿਊਰੋ)-ਯੂ.ਪੀ.ਏ-2 ਸਰਕਾਰ ਵੱਲੋਂ ਅੱਜ ਆਪਣਾ ਅੰਤ੍ਰਿਮ ਬਜਟ ਪੇਸ਼ ਕਰ ਦਿੱਤਾ ਗਿਆ। ਇਸ ਬਜਟ ਤੋਂ ਆਮ ਜਨਤਾ ਨੂੰ ਕਾਫੀ ਉਮੀਦਾਂ ਸਨ, ਪਰ ਵਿੱਤ ਮੰਤਰੀ ਪੀ. ਚਿਦੰਬਰਮ ਨੇ ਲੋਕਾਂ ਨੂੰ ਕੁਝ ਫਾਇਦਾ ਨਹੀਂ ਦਿੱਤਾ। ਲੋਕ ਉਮੀਦ ਕਰ ਰਹੇ ਸਨ ਕਿ ਇਨਕਮ ਟੈਕਸ ਸਲੈਬ ਵਿਚ ਤਬਦੀਲੀ ਹੋਵੇਗੀ, ਪਰ ਅਜਿਹਾ ਨਾ ਹੋ ਸਕਿਆ, ਨਾ ਹੀ ਕੋਈ ਨਵਾਂ ਟੈਕਸ ਲਾਇਆ ਗਿਆ। ਹਾਲਾਂਕਿ ਸਰਕਾਰ ਨੇ ਛੋਟੀਆਂ ਗੱਡੀਆਂ ’ਤੇ ਐਕਸਾਈਜ਼ ਡਿਊਟੀ 12 ਫੀਸਦੀ ਤੋਂ ਘਟਾ ਕੇ 8 ਫੀਸਦੀ, ਐਸ.ਯੂ.ਪੀ ਗੱਡੀਆਂ ’ਤੇ ਡਿਊਟੀ 30 ਤੋਂ ਘਟਾ ਕੇ 24 ਫੀਸਦੀ ਕਰ ਦਿੱਤੀ ਹੈ। ਨਾਲ ਹੀ ਦੇਸ਼ ਵਿਚ ਬਣੇ ਸਾਬਣ ਅਤੇ ਮੋਬਾਈਲ ਫੋਨ ਵੀ ਸਸਤੇ ਹੋ ਗਏ ਹਨ।  ਵਿੱਤ ਮੰਤਰੀ ਸ੍ਰੀ ਪੀ ਚਿਦੰਬਰਮ ਨੇ ਅੱਜ ਨੀਤੀਗਤ

ਠਹਿਰਾਵ ਦੀ ਦਲੀਲ ਨੂੰ ਖਾਰਜ ਕਰਦਿਆਂ ਯੂ ਪੀ ਏ ਸਰਕਾਰ ਦੇ ਅਸਾਧਾਰਨ ਵਾਧਾ ਰਿਪੋਰਟ ਨੂੰ ਪੇਸ਼ ਕੀਤਾ। ਉਹਨਾਂ ਨੇ ਸਰਕਾਰ ਵੱਲੋਂ ਚੁੱਕੇ ਗਏ ਦਸ ਮੁੱਖ ਕਦਮਾਂ ਦੇ ਨਾਲ ਭਵਿੱਖ ਦੀ ਦ੍ਰਿਸ਼ਟੀ ਵੀ ਪੇਸ਼ ਕੀਤੀ। ਵਿੱਤੀ ਘਾਟੇ ਨੂੰ ਕੁਲ ਘਰੇਲੂ ਉਤਪਾਦ ਦੇ 4.1 ਫੀਸਦ ਤੇ ਰੱਖਣ ਅਤੇ ਰੱਖਿਆ ਕਰਮਚਾਰੀਆਂ ਲਈ ਇਕ ਰੈਂਕ ਇਕ ਪੈਨਸ਼ਨ ਦੀ ਪ੍ਰਰਾਣੀ ਮੰਗ ਨੂੰ ਸਵੀਕਾਰ ਕਰਨਾ ਉਹਨਾਂ ਵੱਲੋਂ ਪੇਸ਼ ਕੀਤੇ ਗਏ ਅੰਤ੍ਰਿਮ ਬਜਟ ਦੇ ਮੁੱਖ ਅਕਾਰਸ਼ਣ ਹਨ।
ਵਿੱਤ ਮੰਤਰੀ ਨੇ ਚਾਲੂ ਮਾਲੀ ਸਾਲ ਦੌਰਾਨ ਸਰਕਾਰ ਵੱਲੋਂ ਲਏ ਗਏ ਮੁੱਖ ਫੈਸਲਿਆਂ ਦਾ ਵੀ ਵਰਨਣ ਕੀਤਾ ਹੈ। ਇਸ ਵਿੱਚ ਖੰਡ ਨੂੰ ਕੰਟਰੋਲ ਕਰਨਾ, ਡੀਜ਼ਲ ਦੀਆਂ ਕੀਮਤਾਂ ਵਿੱਚ ਕ੍ਰਮਵਾਰ ਤਰੀਕੇ ਨਾਲ ਸੁਧਾਰ, ਰੇਲ ਕਿਰਾਏ ਨੂੰ ਤਰਕ ਸੰਗਤ ਬਣਾਉਣਾ, ਨਵੇਂ ਬੈਕਾਂ ਲਈ ਲਾਇਸੰਸ ਜਾਰੀ ਕਰਨ ਦੀ ਪ੍ਰਕਿਰਿਆ ਅਤੇ ਡਿਸਕਾਮ ਨੂੰ ਨਵਾਂ ਢਾਂਚਾ ਦੇਣਾ ਸ਼ਾਮਲ ਹੈ। ਸ੍ਰੀ ਚਿਦੰਬਰਮ ਨੇ ਕਿਹਾ ਕਿ ਚੱਲ ਰਹੇ ਮਾਲੀ ਸਾਲ ਦੀ ਪਹਿਲੀ ਤਿਮਾਹੀ ਵਿੱਚ ਕੁਲ ਘਰੇਲੂ ਉਤਪਾਦ ਵਿੱਚ ਗਿਰਾਵਟ ਨੂੰ ਕੰਟਰੋਲ ਵਿੱਚ ਕਰ ਲਿਆ ਜਾਵੇਗਾ ਅਤੇ ਦੂਜੀ ਤਿਮਾਹੀ ਵਿੱਚ ਵਾਧਾ ਚੱਕਰ ਬਦਲੇਗਾ। ਉਹਨਾਂ ਨੇ ਯਕੀਨ ਦਿਵਾਇਆ ਕਿ 2013-14 ਦੀ ਤੀਸਰੀ ਅਤੇ ਚੌਥੀ ਤਿਮਾਹੀ ਵਿੱਚ ਘੱਟੋ ਘੱਟ 5..2 ਫੀਸਦ ਦਾ ਵਾਧਾ ਦਰ ਰਹੇਗਾ। ਵਿੱਤ ਮੰਤਰੀ ਨੇ ਕਿਹਾ ਕਿ ਯੂ ਪੀ ਏ ਦੀ ਪਿਛਲੇ ਦਸ ਸਾਲਾਂ ਲਈ ਕੁਲ ਘਰੇਲੂ ਉਤਪਾਦ ਵਾਧਾ ਪਿਛਲੇ 33 ਸਾਲਾਂ ਦੇ 6.2 ਫੀਸਦ ਤੋਂ ਉੱਪਰ ਹੈ। ਯੂ ਪੀ ਏ -ਇਕ ਵਿੱਚ ਇਹ ਵਾਧਾ ਦਰ 8.4 ਫੀਸਦ ਸੀ ਜਦ ਕਿ ਯੂ ਪੀ ਏ -2 ਵਿੱਚ 6.6 ਫੀਸਦ ਸੀ।
2014-15 ਵਿੱਚ ਅਨੁਮਾਨਿਤ ਯੋਜਨਾ ਖਰਚ 5 ਲੱਖ 55 ਹਜ਼ਾਰ 322 ਕਰੋੜ ਰੁਪਏ ਹੈ। ਇਹ ਲਗਭਗ ਪਿਛਲੇ ਸਾਲ ਦੇ ਬਰਾਬਰ ਹੈ।
ਗੈਰ ਯੋਜਨਾ ਖਰਚ ਵਿੱਚ ਮਾਮੂਲੀ ਵਾਧਾ ਕੀਤਾ ਗਿਆ ਹੈ ਅਤੇ ਇਹ 12 ਲੱਖ 7 ਹਜ਼ਾਰ 892 ਕਰੋੜ ਰੁਪਏ ਅਨੁਮਾਨਿਤ ਹੈ। 2013-14 ਲਈ ਵਿੱਤੀ ਘਾਟਾ ਕੁਲ ਘਰੇਲੂ ਉਤਪਾਦ ਦੇ 4.6 ਫੀਸਦ ਉੱਤੇ ਕੰਟਰਲ ਕਰ ਲਿਆ ਜਾਵੇਗਾ ਅਤੇ 2014-15 ਵਿੱਚ ਇਹ 4.1 ਫੀਸਦ ਹੋਵੇਗਾ।
ਖੇਤੀਬਾੜੀ ਕੁੱਲ ਘਰੇਲੂ ਉਤਪਾਦ ਵਿੱਚ 4.6 ਫੀਸਦ ਦੇ ਵਾਧੇ ਦਾ ਅਨੁਮਾਨ
ਕੇਂਦਰੀ ਵਿੱਤ ਮੰਤਰੀ ਨੇ ਕਿਹਾ ਕਿ ਖੇਤੀ ਕਰਜ਼ਾ ਚਾਲੂ ਮਾਲੀ ਸਾਲ ਦੌਰਾਨ 7 ਲੱਖ 35 ਹਜ਼ਾਰ ਕਰੋੜ ਰੁਪਏ ਤੱਕ ਪਹੁੰਚ ਜਾਵੇਗਾ। ਜਦਕਿ ਟੀਚਾ 7 ਲੱਖ ਕਰੋੜ ਰੁਪਏ ਦਾ ਸੀ। ਉਨ੍ਹਾਂ ਨੇ ਕਿਹਾ ਕਿ ਆਉਂਦੇ ਮਾਲੀ ਸਾਲ ਲਈ ਖੇਤੀ ਕਰਜ਼ੇ ਵਾਸਤੇ 8 ਲੱਖ ਕਰੋੜ ਰੁਪਏ ਦੀ ਵਿਵਸਥਾ ਕੀਤੀ ਗਈ ਹੇੈ। ਚਾਲੂ ਮਾਲੀ ਸਾਲ ਦੌਰਾਨ ਖੇਤੀ ਵਿੱਚ 4.6 ਫੀਸਦ ਵਾਧੇ ਦਾ ਅਨੁਮਾਨ ਲਗਾਇਆ ਗਿਆ ਹੈ।
ਉਨ੍ਹਾਂ ਨੇ 2006-07 ਦੌਰਾਨ ਵਿਆਜ਼ ਛੋਟ ਸਕੀਮ ਤੇ ਗੱਲਬਾਤ ਕਰਦਿਆਂ ਕਿਹਾ ਕਿ ਇਸ ਸਕੀਮ ਹੇਠ 23 ਹਜ਼ਾਰ 224 ਕਰੋੜ ਰੁਪਏ ਜਾਰੀ ਕੀਤੇ ਗਏ ਹਨ। ਜਿਹੜੇ ਕਿਸਾਨ ਕਰਜ਼ੇ ਦੀ ਸਮੇਂ ਸਿਰ ਅਦਾਇਗੀ ਕਰਨਗੇ ਉਹਨਾਂ ਨੂੰ ਵਿਆਜ ਦਰ 4 ਫੀਸਦ ਲੱਗੇਗੀ। ਉਨ੍ਹਾਂ ਨੇ ਦੱਸਿਆ ਕਿ ਪਿਛਲੇ ਮਾਲੀ ਸਾਲ ਦੌਰਾਨ 25 ਕਰੋੜ 53 ਲੱਖ 60 ਹਜ਼ਾਰ ਟਨ ਅਨਾਜ ਦਾ ਉਤਪਾਦਨ ਕੀਤਾ ਗਿਆ ਹੈ। ਮੌਜੂਦਾ ਮਾਲੀ ਸਾਲ ਦੌਰਾਨ 26 ਕਰੋੜ 30 ਲੱਖ ਟਨ ਅਨਾਜ ਉਤਪਾਦਨ ਦਾ ਅਨੁਮਾਨ ਲਗਾਇਆ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਪਿਛਲੇ ਮਾਲੀ ਸਾਲ ਦੌਰਾਨ 41 ਅਰਬ ਅਮਰੀਕੀ ਡਾਲਰ ਦੀ ਬਰਾਮਦ ਕੀਤੀ ਗਈ, ਜਦਕਿ 20 ਅਰਬ ਅਮਰੀਕੀ ਡਾਲਰ ਦੀ ਦਰਾਮਦ ਕੀਤੀ ਗਈ ਸੀ। ਮੌਜੂਦਾ ਮਾਲੀ ਸਾਲ ਦੌਰਾਨ ਖੇਤੀ ਦਰਾਮਦ 45 ਅਰਬ ਅਮਰੀਕੀ ਡਾਲਰ ਤੋਂ ਵੱਧ ਹੋਣ ਦਾ ਅਨੁਮਾਨ ਹੈ।
41 ਲੱਖ ਤੋਂ ਵੱਧ ਮਹਿਲਾ ਸਵੈ ਸਹਾਇਤਾ ਸਮੂਹਾਂ ਨੂੰ ਕਰਜ਼ਾ
ਉਨ੍ਹਾਂ ਕਿਹਾ ਕਿ ਦਸੰਬਰ 2013 ਤੱਕ 41 ਲੱਖ ਤੋਂ ਵੱਧ ਮਹਿਲਾ ਸਵੈ ਸਹਾਇਤਾ ਸਮੂਹਾਂ ਨੂੰ ਕਰਜ਼ਾ ਦਿੱਤਾ ਗਿਆ ਹੈ। 10 ਸਾਲ ਪਹਿਲਾਂ ਸਿਰਫ 9 ਲੱਖ 71 ਹਜ਼ਾਰ 182 ਮਹਿਲਾ ਸਵੈ ਸਹਾਇਤਾ ਸਮੂਹਾਂ ਨੂੰ ਬੈਂਕਾਂ ਰਾਹੀਂ ਕਰਜ਼ਾ ਦਿੱਤਾ ਗਿਆ ਸੀ। ਦਸੰਬਰ, 2013 ਤੱਕ 41 ਲੱਖ 16 ਹਜ਼ਾਰ ਮਹਿਲਾਂ ਸਵੈ ਸਹਾਇਤਾ ਗਰੁੱਪਾਂ ਨੂੰ ਕਰਜ਼ਾ ਦਿੱਤਾ ਗਿਆ ਹੈ, ਜਿਸ ਦੀ ਰਕਮ 36 ਹਜਾਰ 893 ਕਰੋੜ ਰੁਪਏ ਹੈ।
ਕੁੱਲ ਘਰੇਲੂ ਉਤਪਾਦਨ ਵਿੱਚ 6 ਫੀਸਦ ਵਾਧਾ
ਉਨ੍ਹਾਂ ਕਿਹਾ ਕਿ ਆਉਂਦੇ ਵਿੱਤੀ ਸਾਲ ਲਈ ਅੰਤ੍ਰਿਮ ਬਜਟ ਪੇਸ਼ ਕਰਦਿਆਂ ਕਿਹਾ ਕਿ ਯੂ.ਪੀ.ਏ. ਸਰਕਾਰ ਦੀ ਪਿਛਲੇ 10 ਸਾਲਾਂ ਵਿੱਚ ਕੁੱਲ ਘਰੇਲੂ ਉਤਪਾਦ ਦੀ ਵਿਕਾਸ ਦਰ ਪਿਛਲੇ 33 ਸਾਲਾਂ ਦੇ ਵਿਕਾਸ ਦਰ 6.2 ਫੀਸਦ ਤੋਂ ਵੱਧ ਰਹੀ ਹੈ, ਜਦਕਿ ਯੂ.ਪੀ.ਏ. ਦੇ ਪਹਿਲੇ ਪੰਜ ਸਾਲਾਂ ਦੌਰਾਨ ਕੁੱਲ ਘਰੇਲੂ ਉਤਪਾਦ ਵਿਕਾਸ ਦਰ 8.4 ਫੀਸਦ ਰਹੀ ਤੇ ਯੂ.ਪੀ.ਏ. ਦੇ ਦੂਜੇ ਕਾਰਜਕਾਲ ਦੌਰਾਨ ਇਹ ਵਿਕਾਸ ਦਰ 6.6 ਫੀਸਦ ਦਰਜ ਕੀਤੀ ਗਈ।
ਰੱਖਿਆ ਬਜਟ ’ਚ 10 ਫੀਸਦੀ ਵਾਧਾ
ਲੋਕ ਸਭਾ ਵਿੱਚ ਅੱਜ ਅੰਤ੍ਰਿਮ ਬਜਟ ਪੇਸ਼ ਕਰਦੇ ਹੋਏ ਵਿੱਤ ਮੰਤਰੀ ਪੀ ਚਿਦੰਬਰਮ ਨੇ ਦੱਸਿਆ ਕਿ ਰਖਿਆ ਲਈ  ਬਜਟ ਵਿੱਚ ਪਿਛਲੇ ਸਾਲ ਦੇ ਮੁਕਾਬਲੇ 10 ਪ੍ਰਤੀਸ਼ਤ ਦਾ ਵਾਧਾ ਕੀਤਾ ਗਿਆ ਹੈ। ਅਗਲੇ ਮਾਲੀ ਸਾਲ ਵਿੱਚ ਇਸ ਵਾਰ 224,000 ਕਰੋੜ ਰੁਪਏ ਰੱਖੇ ਗਏ ਹਨ, ਜਦ ਕਿ ਪਿਛਲੇ ਬਜਟ ਵਿੱਚ 203, 672 ਕਰੋੜ ਰੁਪਏ ਸੀ।
ਅੰਤ੍ਰਿਮ ਬਜਟ ਵਿੱਚ ਕੇਦਰੀ ਹਥਿਆਰਬੰਦ ਪੁਲਿਸ ਬਲਾਂ ਦੇ ਆਧੁਨਿਕੀਕਰਨ ਲਈ 11, 000 ਹਜ਼ਾਰ ਕਰੋੜ ਰੁਪਏ ਰੱਖੇ ਗਏ ਹਨ । ਇਸ ਰਕਮ ਦਾ ਨਵੇ ਹਥਿਆਰਾਂ ਅਤੇ ਨਵੀਂ ਤਕਨਾਲੌਜੀ ਲਈ ਇਸਤੇਮਾਲ ਕਰਕੇ ਫੌਰਸ ਨੂੰ ਬੇਹਤਰ ਬਣਾਇਆ ਜਾਵੇਗਾ।
ਇੱਕ ਰੈਂਕ-ਇੱਕ ਪੈਨਸ਼ਨ 2014 ਤੋਂ 2015 ਤੱਕ ਹੋਣਗੇ ਲਾਗੂ
ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਰੱਖਿਆ ਪੈਨਸ਼ਨ ਖਾਤੇ ਵਿੱਚ 500 ਕਰੋੜ ਰੁਪਏ ਦੀ ਰਕਮ ਰੱਖੀ ਗਈ ਹੈ, ਜਿਸ ਦੇ ਨਾਲ ਸਾਬਕਾ ਫੌਜੀਆਂ ਲਈ  ਵਨ ਰੈਂਕ ਵਨ ਪੈਨਸ਼ਨ ਸਕੀਮ ਨੂੰ ਲਾਗੂ ਕੀਤਾ ਜਾਵੇਗਾ। ਵਿੱਤ ਮੰਤਰੀ ਪੀ ਚਿਦੰਬਰਮ ਨੇ ਦੱਸਿਆ ਕਿ ਇਸ ਗੱਲ ਦੀ ਮੰਗ ਕਈ ਵਰ੍ਹਿਆਂ ਤੋਂ ਕੀਤੀ ਜਾ ਰਹੀ ਸੀ। ਇਹ ਸਕੀਮ ਅਗਲੇ ਵਰ੍ਹੇ 2014-15 ਤੋਂ ਲਾਗੂ ਕੀਤੀ ਜਾਵੇਗੀ।

Send this to a friend