ਕੁੱਝ ਤੋ ਲੋਗ ਕਹੇਂਗੇ, ਲੋਗੋਂ ਕਾ ਕਾਮ ਹੈ ਕਹਿਣਾ

‘‘ਕੁੱਛ ਤੋ ਲੋਗ ਕਹੇਂਗੇ, ਲੋਗੋਂ ਕਾ ਕਾਮ ਹੈ ਕਹਿਨਾ’’ ਇਹ ਗੀਤ ਦਹਾਕਿਆਂ ਤੋਂ ਲੋਕਾਂ ਦੇ ਮੂੰਹ ’ਤੇ ਚੜ੍ਹਿਆ ਹੋਇਆ ਹੈ। ਇਸ ਗੀਤ ਦੇ ਹਰਮਨ ਪਿਆਰਾ ਹੋਣ ਦਾ ਇੱਕ ਵੱਡਾ ਕਾਰਨ ਇਸ ਦੇ ਬੋਲ ਸਾਡੇ ਸਮਾਜ ਦੀ ਇਕ ਸਚਾਈ ਨੂੰ ਬਿਆਨ ਕਰਦੇ ਹਨ। ਬਹੁਤ ਸਾਰੇ ਕੰਮ ਅਸੀਂ ਮਜ਼ਬੂਰੀਵਸ ਸਮਾਜ ਦੇ ਡਰੋਂ ਕਰਦੇ ਹਾਂ। ਜੇ ਇਉਂ ਨਾ ਕੀਤਾ ਤਾਂ ਲੋਕ ਕੀ ਕਹਿਣਗੇ, ਜੇ ਵਿਆਹ ਸਾਦੇ ਢੰਗ ਨਾਲ ਕੀਤਾ ਤਾਂ ਭਾਈਚਾਰਾ ਕੀ ਕਹੇਗਾ। ਜੇ ਕੁੜੀ ਨੂੰ ਕਿਸੇ ਹੋਰ ਜਾਤ ਵਿੱਚ ਵਿਆਹ ਕਰਨ ਦੀ ਆਗਿਆ ਦੇ ਦਿੱਤੀ ਤਾਂ ਬਰਾਬਦਰੀ ਵਿੱਚ ਨੱਕ ਵੱਢੀ ਜਾਉ।
ਇੱਕ 35-37 ਵਰ੍ਹਿਆਂ ਦਾ ਬੇਰੁਜ਼ਗਾਰ ਨੌਜਵਾਨ ਮੇਰੇ ਕੋਲ ਨੌਕਰੀ ਲੈਣ ਆਇਆ। ਮੈਂ ਉਸ ਨੂੰ ਕਿਹਾ ਕਿ ਤੇਰੀ ਯੋਗਤਾ ਮੁਤਾਬਕ ਕੋਈ ਨੌਕਰੀ ਨਹੀਂ ਹੈ। ਤੂੰ ਇਉਂ ਕਰ ਆਪਣੇ ਘਰ ਦਾ ਲਾਗੇ ਚਾਗੇ ਕੋਈ ਛੋਟਾ-ਮੋਟਾ ਧੰਦਾ ਕਰ ਲੈ ਜਾਂ ਫਿਰ ਕਿਸੇ ਹੋਸਟਲ ਦੇ ਮੈਸ ਦਾ ਠੇਕਾ ਦਿਵਾ ਦਿੰਦੇ ਹਾਂ। ਨਹੀਂ ਜੀ, ਇਹ ਕੰਮ ਕਰਦੇ ਅਸੀਂ ਠੀਕ ਲਗਾਂਗੇ। ਲੋਕ ਕੀ ਕਹਿਣਗੇ ਕਿ ਆਹਲੂਵਾਲੀਏ ਸਰਦਾਰਾਂ ਦੇ ਮੁੰਡੇ ਆਹ ਕੰਮ ਕਰਨ ਲਗ ਪਏ। ਮੈਂ ਕਿਹਾ ਕਿ ਜਿਹੜੇ ਲੋਕਾਂ ਦੇ ਡਰੋਂ ਤੁਸੀਂ 37ਵਰ੍ਹਿਆਂ ਤੱਕ ਬੇਰੁਜ਼ਗਾਰ ਫਿਰ ਰਹੇ ਹੈ, ਉਹ ਤੁਹਾਨੂੰ ਰੋਟੀ ਦੇ ਦੇਣਗੇ। ਅਜਿਹੇ ਅਨੇਕਾਂ ਲੋਕ ਤੁਹਾਨੂੰ ਆਪਣੇ ਆਲੇ-ਦੁਆਲੇ ਮਿਲ ਜਾਣਗੇ ਜੋ ‘ਲੋਕ ਕੀ ਕਹਿਣਗੇ’ ਦਾ ਬਹਾਨਾ ਲਾਉਂਦੇ ਵਿਹਲੇ ਰਹਿ ਰਹੇ ਹਨ। ਅੱਜ ਇਸੇ ਸਮਾਜ ਦੇ ਡਰੋਂ ਅਨੇਕਾਂ ਨੌਜਵਾਨਾਂ ਦੀ ਜ਼ਿੰਦਗੀ ਦੁੱਭਰ ਹੋਈ ਪਈ ਹੈ। ਇਸ ਸਮਾਜ ਵਿੱਚ ਆਪਣੀ ਨੱਕ ਬਚਾਉਣ ਖਾਤਰ ਆਪਣੀਆਂ ਜੰਮੀਆਂ ਧੀਆਂ ਦੇ ਕਤਲ ਕਰਨ ਦੀਆਂ ਅਨੇਕਾਂ ਘਟਨਾਵਾਂ ਰੋਜ਼ਾਨਾ ਅਖ਼ਬਾਰਾਂ ਦੀਆਂ ਸੁਰਖੀਆਂ ਬਣਦੀਆਂ ਹਨ। ਵਿਆਹਾਂ ਸ਼ਾਦੀਆਂ ਤੇ ਬੇਹਿਸਾਬਾ ਖਰਚ ਕਰਨ ਦਾ ਕਾਰਨ ਵੀ ਸਮਾਜ ਅਤੇ ਬਰਾਦਰੀ ਵਿੱਚ ਆਪਣੀ ਇਜ਼ਤ ਬਣਾਉਣਾ ਜਾਂ ਬਚਾਉਣਾ ਹੁੰਦਾ ਹੈ। ਅਸਲ ਵਿੱਚ ਅਸੀਂ ਜ਼ਿੰਦਗੀ ਵਿੱਚ ਬਹੁਤ ਕੁੱਝ ਦੂਜਿਆਂ ਦੇ ਮੁਤਾਬਿਕ ਕਰਦੇ ਹਾਂ। ਕੱਪੜੇ ਲੋਕਾਂ ਸਾਹਮਣੇ ਸੋਹਣੇ ਦਿਖਣ ਲਈ ਪਾਉਂਦੇ ਹਾਂ। ਮਕਾਨ ਸਿਰਫ਼ ਰਹਿਣ ਲਈ ਨਹੀਂ ਸਗੋਂ ਅਮੀਰੀ ਦੇ ਵਿਖਾਵੇ ਲਈ ਵੀ ਬਣਾਏ ਜਾਂਦੇ ਹਨ। ਮਹਿੰਗੀਆਂ ਕਾਰਾਂ ਨੂੰ ਵੀ ਇਸੇ ਪ੍ਰਸੰਗ ਵਿੱਚ ਵੇਖਿਆ ਜਾ ਸਕਦਾ ਹੈ। ਜਦੋਂ ਕੋਈ ਜ਼ਿੰਦਗੀ ਆਪਣੇ ਮੁਤਾਬਿਕ ਜਿਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਸਮਾਜ ਵੱਲੋਂ ਵਿਰੋਧ ਅਤੇ ਨੁਕਤਾਚੀਨੀ ਹੋਣਾ ਸੁਭਾਵਿਕ ਹੈ।
ਦੁਨੀਆਂ ਦਾ ਇਤਿਹਾਸ ਦਸਦਾ ਹੈ ਕਿ ਜਿਸ ਵੀ ਧਰਮ ਗੁਰੂ, ਵਿਗਿਆਨੀ ਜਾਂ ਸਮਾਜਿਕ ਅਤੇ ਸਿਆਸੀ ਨੇਤਾ ਨੇ ਲੀਹ ਤੋਂ ਹੱਟਕੇ ਕੁੱਝ ਨਵਾਂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਸਮਾਜ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਇਸ ਕਿਸਮ ਦੇ ਸਵਾਲ ਅਕਸਰ ਵਿਦਿਆਰਥੀ ਪੁਛਦੇ ਰਹਿੰਦੇ ਹਨ। ਇਹ ਸਵਾਲ ਵੀ ਮੇਰੇ ਸਾਹਮਣੇ ਕਈ ਵਾਰ ਆਇਆ ਹੈ ਕਿ ਜੇ ਤੁਹਾਡੀ ਕਿਸੇ ਗੱਲ ਦਾ ਸਮਾਜ ਵਿਰੋਧ ਕਰੇ ਤਾਂ ਕੀ ਕਰਨਾ ਚਾਹੀਦਾ ਹੈ। ਇਸ ਸਬੰਧ ਵਿੱਚ ਮੈਂ ਬੱਚਿਆਂ ਨੂੰ ਇਕ ਪ੍ਰਚਲਤ ਕਹਾਣੀ ਸੁਣਾ ਦਿੰਦਾ ਹਾਂ। ਤੁਸੀਂ ਵੀ ਸੁਣੋ :
‘‘ਇਕ ਵਾਰ ਇਕ ਆਸ਼ਰਮ ਵਿੱਚ ਰਹਿਣ ਵਾਲੇ ਚੇਲਿਆਂ ਨੇ ਗੁਰੂ ਨੂੰ ਇਹੀ ਸਵਾਲ ਕੀਤਾ ਕਿ ਜੇ ਕੁੱਝ ਨਵਾਂ ਕਰਨ ਲੱਗੇ ਤੋਂ ਸਮਾਜ ਵਿਰੋਧ ਕਰੇ ਤਾਂ ਉਹ ਕੀ ਕਰਨ। ਗੁਰੂ ਨੇ ਸਾਰੇ ਚੇਲਿਆਂ ਨੂੰ ਇੱਕ ਵੱਡੇ ਤਲਾਅ ਦੇ ਕਿਨਾਰੇ ’ਤੇ ਇਕੱਠਾ ਕਰ ਲਿਆ। ਗੁਰੂ ਜੀ ਨੇ ਇਕ ਚੇਲੇ ਨੂੰ ਮੱਛੀ ਫੜਨ ਲਈ ਕਿਹਾ। ਚੇਲੇ ਨੇ ਕਾਂਟੇ ਨਾਲ ਆਟਾ ਲਾਇਆ ਅਤੇ ਪਾਣੀ ਵਿੱਚ ਡੰਡੀ ਨੂੰ ਸੁੱਟਿਆ। ਵੇਖਦੇ ਵੇਖਦੇ ਇਕ ਵੱਡੀ ਮੱਛੀ ਫਸ ਗਈ। ਗੁਰੂ ਨੇ ਪੂਰੇ ਜ਼ੋਰ ਨਾਲ ਡੰਡੀ ਨੂੰ ਬਾਹਰ ਖਿਚਣ ਦਾ ਆਦੇਸ਼ ਦਿੱਤਾ। ਚੇਲੇ ਨੇ ਪੂਰਾ ਜ਼ੋਰ ਲਾਇਆ ਅਤੇ ਉਧਰ ਮੱਛੀ ਨੇ ਵੀ ਪੂਰਾ ਜ਼ੋਰ ਲਾ ਕੇ ਵਿਰੋਧ ਕੀਤਾ, ਫਲਸਰੂਪ ਡੰਡੀ ਟੁੱਟ ਗਈ। ਇਸ ਤੋਂ ਬਾਅਦ ਦੂਜੇ ਚੇਲੇ ਨੂੰ ਕੋਸ਼ਿਸ਼ ਕਰਨ ਲਈ ਕਿਹਾ ਗਿਆ। ਦੂਜੀ ਵਾਰ ਵੀ ਵੱਡੀ ਮੱਛੀ ਫਸ ਗਈ। ਇਸ ਵਾਰ ਗੁਰੂ ਨੇ ਹੁਕਮ ਦਿੱਤਾ ਕਿ ਅਰਾਮ ਨਾਲ ਖਿਚੋ। ਜਦੋਂ ਉਹ ਅਰਾਮ ਨਾਲ ਖਿੱਚਣ ਲੱਗਾ ਤਾਂ ਮੱਛੀ ਨੇ ਜ਼ੋਰ ਲਾਇਆ ਅਤੇ ਡੰਡੀ ਚੇਲੇ ਦੇ ਹੱਥੋਂ ਛੁੱਟ ਗਈ। ਗੁਰੂ ਨੇ ਤੀਜੇ ਚੇਲੇ ਨੂੰ ਯਤਨ ਕਰਨ ਲਈ ਕਿਹਾ। ਇਸ ਵਾਰ ਵੀ ਵੱਡੀ ਮੱਛੀ ਫਸੀ ਪਰ ਇਸ ਵਾਰ ਗੁਰੂ ਨੇ ਇਕ ਜੁਗਤ ਦੱਸੀ ਜਿੰਨੀ ਤਾਕਤ ਮੱਛੀ ਅੰਦਰ ਵੱਲ ਖਿੱਚ ਰਹੀ ਹੈ ਉਨੀ ਤਾਕਤ ਨਾਲ ਬਾਹਰ ਵੱਲ ਖਿਚੋ। ਇਸ ਤਰ੍ਹਾਂ ਨਾਲ ਥੋੜ੍ਹੇ ਚਿਰ ਬਾਅਦ ਮੱਛੀ ਥੱਕ ਜਾਵੇਗੀ ਅਤੇ ਤੁਸੀਂ ਉਸ ਨੂੰ ਅਸਾਨੀ ਨਾਲ ਫੜ ਸਕੋਗੇ। ਇਸ ਜੁਗਤ ਨਾਲ ਮੱਛੀ ਫੜੀ ਗਈ।
ਗੁਰੂ ਨੇ ਪ੍ਰਯੋਗ ਰਾਹੀਂ ਸੂਤਰ ਸਪੱਸ਼ਟ ਕੀਤਾ ਕਿ ਮੱਛੀਆਂ ਵੀ ਸਮਾਜ ਵਰਗੀਆਂ ਹਨ ਜੋ ਤੁਹਾਡੇ ਕੁੱਝ ਕਰਨ ’ਤੇ ਵਿਰੋਧ ਕਰਦੀਆਂ ਹਨ। ਜਦੋਂ ਤੁਸੀਂ ਜ਼ਿਆਦਾ ਵਿਰੋਧ ਕਰੋਗੇ ਤਾਂ ਟੁੱਟ ਜਾਉਗੇ। ਘੱਟ ਵਿਰੋਧ ਕਰੋਗੇ ਤਾਂ ਤੁਸੀਂ ਸਫ਼ਲ ਨਹੀਂ ਹੋ ਪਾਉਗੇ। ਜੇ ਤੁਸੀਂ ਪੂਰੀ ਜੁਗਤ ਅਤੇ ਸਾਵਧਾਨੀ ਨਾਲ ਉਨ੍ਹਾਂ ਹੀ ਜ਼ੋਰ ਲਗਾਉਗੇ ਜਿਨ੍ਹਾਂ ਤੁਹਾਡਾ ਵਿਰੋਧੀ ਸਮਾਜ, ਤਾਂ ਮੱਛੀ ਵਾਂਗ ਇਹ ਵਿਰੋਧੀ ਵੀ ਥੱਕ ਜਾਣਗੇ ਅਤੇ ਤੁਸੀਂ ਸਫਲ ਹੋ ਜਾਵੋਗੇ। ਸੂਤਰ ਸਪੱਸ਼ਟ ਹੈ ਕਿ ਜਦੋਂ ਸਮਾਜ ਵਿਰੋਧ ਕਰੇ ਤਾਂ ਸਮਾਨ ਬਲ ਸਿਧਾਂਤ ਦਾ ਪ੍ਰਯੋਗ ਕਰੋ। ਇਹੀ ਹੈ ਜਿੱਤ ਦਾ ਮੰਤਰ।

 

Send this to a friend