ਤਲਵੰਡੀ ਸਾਬੋ, 22 ਅਪ੍ਰੈਲ (ਰਾਮ ਰੇਸ਼ਮ ਸ਼ਰਨ)- ਤਲਵੰਡੀ ਸਾਬੋ ਪੁਲਿਸ ਨੇ ਵੱਖ ਵੱਖ ਤਿੰਨ ਮਾਮਲਿਆਂ ਵਿੱਚ ਸ਼ਰਾਬ ਅਤੇ ਹੈਰੋਇਨ ਬਰਾਮਦ ਕਰਕੇ 5 ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਹੈ,ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਜਾਣਕਾਰੀ ਅਤੇ ਦਰਜ ਮਾਮਲੇ ਅਨੁਸਾਰ ਸੀਂਗੋ ਚੌਂਕੀ ਪੁਲਸ ਇੰਚਾਰਜ ਮੇਜਰ ਸਿੰਘ ਪੁਲਸ ਪਾਰਟੀ ਸਮੇਤ ਗੁਪਤਾ ਸੂਚਨਾ ਦੇ ਅਧਾਰ ਤੇ ਪਿੰਡ ਕੌਰੇਆਣਾ ਤੋਂ ਪੱਕਾ ਸ਼ਹੀਦਾਂ (ਹਰਿਆਣਾ) ਵਾਲੇ ਪਾਸੇ ਗਸ਼ਤ ਕਰ ਰਹੇ ਸਨ ਤਾਂ ਹਰਿਆਣਾ ਤੋਂ ਆ ਰਹੀ ਇੱਕ ਕਾਰ ਹੌਂਡਾ ਸਿਟੀ ਨੂੰ ਸ਼ੱਕ ਦੇ ਅਧਾਰ ਤੇ ਰੋਕ ਕੇ ਤਲਾਸ਼ੀ ਲਈ ਤਾਂ ਉਸ ਵਿੱਚੋਂ 90 ਲੀਟਰ (120 ਬੋਤਲਾਂ) ਸ਼ਰਾਬ ਠੇਕਾ ਮਾਰਕਾ ਫਸਟ ਚੁਆਇਸ ਬਰਾਮਦ ਕੀਤੀ ਗਈ। ਪੁਲਿਸ ਨੇ ਕਾਰ ਵਿੱਚ ਸਵਾਰ ਦੋ ਲੋਕਾਂ ਨੂੰ ਗ੍ਰਿਫਤਾਰ ਕਰਕੇ ਸ਼ਰਾਬ ਅਤੇ ਗੱਡੀ ਆਪਣੇ ਕਬਜ਼ੇ ਵਿੱਚ ਲੈ ਲਈ ਹੈ।ਏ.ਐਸ.ਆਈ ਮੇਜਰ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਇਤਲਾਹ ਮਿਲੀ ਕਿ ਉਕਤ ਕਥਿਤ ਦੋਸ਼ੀ ਹਰਿਆਣੇ ਤੋਂ ਸ਼ਰਾਬ ਲਿਆ ਕੇ ਤਲਵੰਡੀ ਸਾਬੋ ਅਤੇ ਸੀਂਗੋ ਦੇ ਇਲਾਕੇ ਵਿੱਚ ਸਸਤੇ ਭਾਅ ਵਿੱਚ ਵੇਚਦੇ ਹਨ।ਉਹਨਾ ਦੱਸਿਆ ਕਿ ਕਾਰ ਸਵਾਰ ਕਰਮਜੀਤ ਸਿੰਘ ਅਤੇ ਸੰਜੇ ਕੁਮਾਰ ਵਾਸੀ ਮੋਗਾ ਤੋਂ ਇਲਾਵਾ ਠੇਕੇਦਾਰ ਵਿਸ਼ਾਲ ਵਾਸੀ ਕੋਟਕਪੂਰਾ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਉਧਰ ਦੂਜੇ ਮਾਮਲੇ ਵਿੱਚ ਏ.ਐਸ.ਆਈ ਸੁਖਪਾਲ ਸਿੰਘ ਨੇ ਜਸਵਿੰਦਰ ਸਿੰਘ ਵਾਸੀ ਬਹਿਮਣ ਕੌਰ ਸਿੰਘ ਤੋਂ 7 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ ਜਿਸ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਜਦੋਂ ਕਿ ਤੀਜੇ ਮਾਮਲੇ ਵਿੱਚ ਸੀ.ਆਈ.ਏ 02 ਦੇ ਏ.ਐਸ.ਆਈ ਕੌਰ ਸਿੰਘ ਨੇ ਹਰਜੀਤ ਸਿੰਘ ਵਾਸੀ ਕੈਲੇਵਾਂਦਰ ਤੋਂ 12 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ ਜਿਸ ਖਿਲ਼ਾਫ ਥਾਣਾ ਤਲਵੰਡੀ ਸਾਬੋ ਵਿਖੇ ਮਾਮਲਾ ਦਰਜ ਕਰਕੇ ਜਾਂਚ ਆਰੰਭ ਦਿੱਤੀ ਹੈ।