ਨਾਭਾ, 20 ਅਪ੍ਰੈਲ (ਕਰਮਜੀਤ ਸੋਮਲ, ਸਿਕੰਦਰ)- ਇਤਿਹਾਸਕ ਅਤੇ ਵਿਰਾਸਤੀ ਨਗਰੀ ਨਾਭਾ ਅੰਦਰ 21 ਅਪ੍ਰੈਲ ਦਿਨ ਸ਼ਨੀਵਾਰ ਨੂੰ ਸ਼ਾਮ 7 ਤੋਂ ਵਜੇ ਤੋਂ ਲੈ ਕੇ ਦੇਰ ਰਾਤ ਤੱਕ ਕੀਰਤਨ,ਕਥਾ ਵਿਚਾਰਾਂ ਅਤੇ ਢਾਡੀ ਵਾਰਾਂ ਦੀ ਛਹਿਬਰ ਗੁ. ਡੇਰਾ ਬਾਬਾ ਅਜਾਪਾਲ ਸਿੰਘ ਜੀ ਘੋੜਿਆਂ ਵਾਲਾ ਵਿਖੇ ਲੱਗੇਗੀ। ਇਹ ਜਾਣਕਾਰੀ ਸ਼ਹੀਦ ਬਾਬਾ ਦੀਪ ਸਿੰਘ ਜੀ ਵੈਲਫੇਅਰ ਸੇਵਾ ਸੁਸਾਇਟੀ ਨਾਭਾ ਦੇ ਮੁੱਖ ਸੇਵਾਦਾਰ ਭਾਈ ਅਮਨਦੀਪ ਸਿੰਘ ਖ਼ਾਲਸਾ, ਗੁਰਦੀਪ ਸਿੰਘ ਖ਼ਾਲਸਾ, ਗੁਰਮੁੱਖ ਸਿੰਘ, ਗੁਰਪ੍ਰੀਤ ਸਿੰਘ ਨਾਮਧਾਰੀ, ਸੁਖਲੀਨ ਸਿੰਘ, ਅਮਰਜੋਤ ਸਿੰਘ ਵਲੋਂ ਸਾਂਝੇ ਤੌਰ ’ਤੇ ਦਿੱਤੀ। ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਸਮਾਗਮ ਸਬੰਧੀ ਤਿਆਰੀਆਂ ਵੱਡੇ ਪੱਧਰ ’ਤੇ ਜਾਰੀ ਹਨ। ਪੰਜਵੇਂ ਮਹਾਨ ਕੀਰਤਨ ਦਰਬਾਰ ਵਿਚ ਵਿਸ਼ੇਸ਼ ਤੌਰ ’ਤੇ ਭਾਈ ਗੁਰਇਕਬਾਲ ਸਿੰਘ ਜੀ ਬੀਬੀ ਕੌਲਾਂ ਭਲਾਈ ਕੇਂਦਰ ਅੰਮ੍ਰਿਤਸਰ ਵਾਲੇ, ਪ੍ਰਸਿੱਧ ਕਥਾ ਵਾਚਕ ਗਿਆਨੀ ਸਰਬਜੀਤ ਸਿੰਘ ਲੁਧਿਆਣੇ ਵਾਲੇ, ਨਿਧੜਕ ਅਵਾਜ਼ ਦੀ ਮਾਲਕ ਬੀਬੀ ਦਲੇਰ ਕੌਰ ਖ਼ਾਲਸਾ ਨਕੋਦਰ ਜਲੰਧਰ ਵਾਲਿਆਂ ਦਾ ਢਾਡੀ ਜੱਥਾ ਅਤੇ ਭਾਈ ਜਗਜੀਤ ਸਿੰਘ ਸੰਗਤਪੁਰਾ ਵਾਲੇ ਜਿਥੇ ਸੰਗਤਾਂ ਨੁੂੰ ਗੁਰੂ ਦੀ ਇਲਾਹੀ ਬਾਣੀ ਦੇ ਕੀਰਤਨ, ਕਥਾ ਵਿਚਾਰਾਂ ਅਤੇ ਢਾਡੀ ਵਾਰਾਂ ਰਾਹੀਂ ਨਿਹਾਲ ਕਰਨਗੇ ਉਥੇ ਹੀ ਗਿਆਨੀ ਸਰਬਜੀਤ ਸਿੰਘ ਨੂੰ ਸਿੱਖ ਕੌਮ, ਧਰਮ ਅਤੇ ਪੰਥ ਪ੍ਰਤੀ ਗੁਰਸ਼ਬਦ ਵਿਚਾਰ ਰਾਹੀਂ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਨ, ਕੌਮ ਨੂੰ ਗੁਰਮਤਿ ਅਨੁਸਾਰ ਸੇਧ ਦੇਣ ਅਤੇ ਕੌਮ ਦੀ ਚੜ੍ਹਦੀਕਲ੍ਹਾ ਲਈ ਨਿਭਾਈਆਂ ਜਾ ਰਹੀਆਂ ਵਡਮੁੱਲੀਆਂ ਸੇਵਾਵਾਂ ਸਦਕਾ ਭਾਈ ਕਾਨ੍ਹ ਸਿੰਘ ਨਾਭਾ ਐਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ। ਭਾਈ ਕਾਨ੍ਹ ਸਿੰਘ ਨਾਭਾ ਦੇ ਪੜਪੋਤਰੇ ਮੇਜਰ ਆਦਰਸ਼ਪਾਲ ਸਿੰਘ ਵਿਸ਼ੇਸ਼ ਤੌਰ ’ਤੇ ਸ਼ਮੂਲੀਅਤ ਕਰਨਗੇ। ਸੰਸਥਾਂ ਵਲੋਂ ਨਾਭਾ ਦੇ ਸਰਕਾਰੀ ਹਸਪਤਾਲ ਵਿਚ ਨੌਕਰੀ ਦੌਰਾਨ ਲੋੜਵੰਦ ਮਰੀਜ਼ਾਂ ਲਈ ਵਧੀਆ ਸੇਵਾਵਾਂ ਨਿਭਾਉਣ ਵਾਲੇ ਡਾ. ਅਨੁਮੇਹਾ ਭੱਲਾ ਅਤੇ ਡਾ. ਸੰਜੇ ਗੋਇਲ ਦਾ ਵਿਸ਼ੇਸ਼ ਸਨਮਾਨ ਹੋਵੇਗਾ। ਸਮਾਗਮ ਵਿਚ ਕੌਮ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਜਿਥੇ ਹਾਜ਼ਰੀ ਭਰਨਗੀਆਂ ਉਥੇ ਹੀ ਗੁਰੂ ਘਰ ਨੂੰ ਵਿਸ਼ੇਸ਼ ਤੌਰ ’ਤੇ ਰੌਸ਼ਨੀਆਂ ਦੇ ਰੰਗ ਵਿਚ ਰੰਗਿਆਂ ਜਾਵੇਗਾ। ਵੱਖ-ਵੱਖ ਪਦਾਰਥਾਂ ਦੇ ਲੰਗਰ ਅਤੁੱਟ ਵਰਤਾਏ ਜਾਣਗੇ। ਇਸ ਮੌਕੇ ਵਿਪਨ ਕਪੂਰ, ਰਾਜਾ ਕਰਤਾਰਪੁਰੀਆ, ਰਵਿੰਦਰ ਸਿੰਘ ਸਿਮਰਨ, ਰਾਜਨ, ਗਮਦੂਰ ਸਿੰਘ, ਰਵਿੰਦਰ ਸਿੰਘ, ਬਹਾਦਰ ਸਿੰਘ,ਦਵਿੰਦਰਪਾਲ ਸੰਜੂ, ਗੁਰਦਿੱਤ ਸੇਠ, ਮਨਜੀਤ ਸਿੰਘ ਕਪੂਰ, ਧਰਮਿੰਦਰ ਸਿੰਘ ਰਿੰਕੂ ਆਦਿ ਹਾਜ਼ਰ ਸਨ।