ਨਵਜੋਤ ਸਿੰਘ ਸਿੱਧੂ ਨੇ ਬਿਲਡਰ ਖ਼ਿਲਾਫ਼ ਦਰਜ ਕਰਵਾਇਆ ਕੇਸ

ਜ਼ੀਰਕਪੁਰ, 19 ਅਪਰੈਲ (ਧੱਮੀ ਸ਼ਰਮਾ)- ਜ਼ੀਰਕਪੁਰ ਦੇ ਪੀਰ ਮੁਛਲਾ ਖੇਤਰ ਵਿਚ ਨਿਰਮਾਣ ਅਧੀਨ ਬਿਲਡਿੰਗ ਡਿਗਣ ਦੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਸਥਾਨਕ ਸਰਕਾਰਾਂ ਬਾਰੇ ਮੰਤਰੀ ਸ. ਨਵਜੋਤ ਸਿੰਘ ਸਿਧੂ ਨੇ ਅਜ ਖੁਦ ਜ਼ੀਰਕਪੁਰ ਥਾਣੇ ਜਾ ਕੇ ਗੈਰ ਕਾਨੂੰਨੀ ਬਿਲਡਿੰਗ ਦੇ ਨਿਰਮਾਣ ਲਈ ਜ਼ਿੰਮੇਵਾਰ ਬਿਲਡਰਾਂ ਦੇ ਖਿਲਾਫ ਕੇਸ ਦਰਜ ਕਰਵਾਇਆ। ਸ. ਸਿਧੂ ਨੇ ਮੌਕੇ ‘ਤੇ ਹਾਜ਼ਰ ਮੁਹਾਲੀ ਦੇ ਐਸ.ਐਸ.ਪੀ. ਸ੍ਰੀ ਕੁਲਦੀਪ ਚਾਹਲ ਨੂੰ ਬਿਲਡਿੰਗ ਸਬੰਧੀ ਸਾਰੇ ਕਾਗਜ਼ ਸੌਂਪੇ।ਸਥਾਨਕ ਸਰਕਾਰਾਂ ਬਾਰੇ ਮੰਤਰੀ ਸ. ਸਿਧੂ ਨੇ ਮੌਕੇ ‘ਤੇ ਹੀ ਪਤਰਕਾਰਾਂ ਨਾਲ ਗਲਬਾਤ ਕਰਦਿਆਂ ਕਿਹਾ ਕਿ ਵਿਭਾਗ ਦੇ ਰਿਕਾਰਡ ਮੁਤਾਬਕ ਜਿਹੜੀਆਂ ਛੇ ਬਿਲਡਿੰਗਾਂ (139 ਤੋਂ 144 ਨੰਬਰ) ਡਿਗੀਆਂ ਹਨ, ਉਨ੍ਹਾਂ ਵਿਚੋਂ ਪੰਜ ਬਿਲਡਿੰਗਾਂ ਦੇ ਲਾਇਸੈਂਸ ਦੀ ਮਿਆਦ ਅਕਤੂਬਰ 2017 ਅਤੇ ਇਕ ਬਿਲਡਿੰਗ ਦੇ ਲਾਇਸੈਂਸ ਦੀ ਮਿਆਦ 31 ਮਾਰਚ 2018 ਨੂੰ ਪੁਗ ਚੁਕੀ ਸੀ ਜਿਸ ਕਾਰਨ ਬਿਲਡਰਾਂ ਨੇ ਬਿਨਾਂ ਪ੍ਰਮਾਣਿਕ ਲਾਇਸੈਂਸ ਦੇ ਇਹ ਬਿਲਡਿੰਗਾਂ ਬਣਾਈਆਂ ਸਨ। ਉਨ੍ਹਾਂ ਐਸ.ਐਸ.ਪੀ. ਨੂੰ ਇਨ੍ਹਾਂ ਬਿਲਡਿੰਗਾਂ ਬਣਾਉਣ ਵਾਲੇ ਬਿਲਡਰ ਪੁਸ਼ਪ ਇੰਪਾਇਰ ਖਿਲਾਫ ਕੇਸ ਦਰਜ ਕਰਨ ਲਈ ਕਿਹਾ। ਉਨ੍ਹਾਂ ਇਹ ਵੀ ਦਸਿਆ ਕਿ ਬਿਲਡਰ ਨੂੰ ਸੈਕਸਨਡ ਪਲਾਨ ਦੇ ਮੁਤਾਬਕ ਬਿਲਡਿੰਗ ਦਾ ਡਿਜ਼ਾਇਨ ਸਟਰਕਚਰਲ ਇੰਜਨੀਅਰ ਕੋਲ ਸਰਟੀਫਾਈ ਕਰਵਾਉਣਾ ਹੁੰਦਾ ਹੈ ਜੋ ਕਿ ਕੰਪਲੀਸ਼ਨ ਦੇ ਨਾਲ ਉਸ ਨੇ ਜਮ੍ਹਾਂ ਕਰਵਾਉਣਾ ਹੁੰਦਾ ਹੈ ਜੋ ਕਿ ਕੁਝ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਬਿਲਡਰ ਵਲੋਂ ਫਲੈਟ ਵੀ ਬਿਨਾਂ ਪ੍ਰਵਾਨਗੀ ਤੋਂ ਬਣਾਏ ਜਾ ਰਹੇ ਸਨ ਕਿਉਂਕਿ ਪ੍ਰਵਾਨਗੀ ਸਿਰਫ ਘਰਾਂ ਦੀ ਸੀ ਨਾ ਕਿ ਫਲੈਟਾਂ ਦੀ।ਸ. ਸਿਧੂ ਨੇ ਕਿਹਾ ਕਿ ਬਿਲਡਰਾਂ ਦੇ ਖਿਲਾਫ ਪੰਜਾਬ ਮਿਉਂਸਪਲ ਐਕਟ 2011, ਬਿਲਡਿੰਗ ਬਾਏ ਲਾਅਜ਼ ਦੀ ਉਲੰਘਣਾ ਕਰਨ ਲਈ ਆਈ.ਪੀ.ਸੀ. ਦੀਆਂ ਧਾਰਾਵਾਂ ਅੰਦਰ ਕੇਸ ਦਰਜ ਕਰਨ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਨ ਲਈ ਵਿਭਾਗ ਦੇ ਡਾਇਰੈਕਟਰ ਦੀ ਅਗਵਾਈ ਹੇਠ ਚਾਰ ਮੈਂਬਰੀ ਕਮੇਟੀ ਬਣਾ ਕੇ ਸਤ ਦਿਨਾਂ ਅੰਦਰ ਮੁਕੰਮਲ ਰਿਪੋਰਟ ਮੰਗੀ ਗਈ ਹੈ। ਇਸ ਕਮੇਟੀ ਵਿਚ ਚੀਫ ਇੰਜਨੀਅਰ, ਟਾਊਨ ਪਲਾਨਰ ਅਤੇ ਨਗਰ ਕੌਂਸਲ ਜ਼ੀਰਕਪੁਰ ਦੇ ਕਾਰਜ ਸਾਧਕ ਅਧਿਕਾਰੀ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਇਸ ਕਮੇਟੀ ਦੀ ਰਿਪੋਰਟ ਆਉਣ ਤੋਂ ਬਾਅਦ ਦੋਸ਼ੀ ਪਾਏ ਜਾਣ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜ਼ੀਰਕਪੁਰ ਦੀ ਘਟਨਾ ਸਾਡੇ ਲਈ ਸਬਕ ਹੈ ਅਤੇ ਹੁਣ ਉਨ੍ਹਾ ਫੈਸਲਾ ਕੀਤਾ ਹੈ ਕਿ ਆਉਂਦੇ ਦਿਨਾਂ ਵਿਚ ਸਾਰੇ ਪੰਜਾਬ ਦਾ ਦੌਰਾ ਕਰ ਕੇ ਸਾਰੀਆਂ ਬਿਲਡਿੰਗਾਂ ਦਾ ਨਿਰੀਖਣ ਕੀਤਾ ਜਾਵੇਗਾ ਅਤੇ ਇਹ ਯਕੀਨੀ ਬਣਾਇਆ ਜਾਵੇਗਾ ਕਿ ਕੋਈ ਵੀ ਬਿਲਡਿੰਗ ਬਿਨਾਂ ਪ੍ਰਵਾਨਗੀ ਅਤੇ ਲਾਇਸੈਂਸ ਦੇ ਨਾ ਬਣ ਰਹੀ ਹੋਵੇ। ਸ. ਸਿਧੂ ਨੇ ਅਜ ਜ਼ੀਰਕਪੁਰ ਪੁਲਿਸ ਥਾਣੇ ਤੋਂ ਬਾਅਦ ਪੀਰ ਮੁਛਲਾ ਵਿਖੇ ਬਿਲਡਿੰਗ ਡਿਗਣ ਵਾਲੀ ਜਗ੍ਹਾਂ ਦਾ ਦੌਰਾ ਵੀ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਵਿਭਾਗ ਦੇ ਡਾਇਰੈਕਟਰ ਸ੍ਰੀ ਕਰਨੇਸ਼ ਸ਼ਰਮਾ, ਸੀਨੀਅਰ ਕਾਂਗਰਸੀ ਆਗੂ ਸ੍ਰੀ ਦੀਪਇੰਦਰ ਸਿੰਘ ਢਿਲੋਂ, ਐਸ.ਐਸ.ਪੀ. ਸ੍ਰੀ ਕੁਲਦੀਪ ਚਾਹਲ, ਡੇਰਾਬਸੀ ਦੇ ਐਸ.ਡੀ.ਐਮ. ਪਰਮਜੀਤ ਸਿੰਘ, ਅਤੇ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਸ੍ਰੀ ਮਨਵੀਰ ਸਿੰਘ ਵੀ ਹਾਜ਼ਰ ਸਨ।

Send this to a friend