ਬਰਨਾਲਾ, 16 ਫਰਵਰੀ (ਕੁਲਦੀਪ ਸੂਦ)-ਬਠਿੰਡਾ-ਚੰਡੀਗੜ੍ਹ ਕੌਮੀ ਮੁੱਖ ਮਾਰਗ ਤੇ ਸਥਿਤ ਪਿੰਡ ਹਰੀਗੜ੍ਹ ਵਿਖੇ ਕਰੀਬ ਸਾਢੇ ਗਿਆਰਾਂ ਵਜੇ ਸ੍ਰੀ ਗੰਗਾਨਗਰ ਤੋਂ ਪਟਿਆਲਾ ਜਾ ਰਹੀ ਬੱਸ ਨੇ ਮੋਟਰਸਾਇਕਲ ਸਵਾਰ ਪਤੀ–ਪਤਨੀ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਜਿਸ ਦੌਰਾਨ ਪਤਨੀ ਦੀ ਮੌਕੇ ’ਤੇ ਮੌਤ ਹੋ ਗਈ ਤੇ ਪਤੀ ਗੰਭੀਰ ਜਖ਼ਮੀ ਹੋ ਗਿਆ। ਜਾਣਕਾਰੀ ਅਨੁਸਾਰ ਪਿੰਡ ਹਰੀਗੜ੍ਹ ਦੇ ਵਸਨੀਕ ਗੁਰਲਾਭ ਸਿੰਘ ਆਪਣੀ ਪਤਨੀ ਗੁਰਦੀਪ ਕੌਰ ਦੇ ਨਾਲ ਮੋਟਰਸਾਈਕਲ ਨੰਬਰ ਪੀ.ਬੀ.13 ਐਚ 4601 ’ਤੇ ਸਵਾਰ ਹੋ ਕੇ ਗੁਰਦੁਆਰਾ ਸ੍ਰੀ ਮਸਤੂਆਣਾ ਸਾਹਿਬ ਵਿਖੇ ਮੱਥਾ ਟੇਕਣ ਜਾ ਰਹੇ ਸਨ ਤਾਂ ਸ੍ਰੀ ਗੰਗਾਨਗਰ ਤੋਂ ਪਟਿਆਲਾ ਵੱਲ ਨੂੰ ਜਾ ਰਹੀ ਇਕ ਬੱਸ ਪੀ.ਬੀ.03 ਐੱਸ 0635 ਨੇ ਉਕਤ ਮੋਟਰ ਸਾਈਕਲ ਸਵਾਰਾਂ ਨੂੰ ਪਿੰਡ ਹਰੀਗੜ੍ਹ ਤੋਂ ਕੁਝ
ਹੀ ਦੂਰੀ ’ਤੇ ਆਪਣੀ ਲਪੇਟ ਵਿਚ ਲੈ ਲਿਆ। ਜਿਸ ਕਾਰਨ ਮੋਟਰ ਸਾਈਕਲ ਸਵਾਰ ਗੁਰਦੀਪ ਕੌਰ (42) ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦੋਂਕਿ ਗੁਰਲਾਭ ਸਿੰਘ ਜਖ਼ਮੀ ਹੋ ਗਿਆ। ਇਸ ਹਾਦਸੇ ਦੌਰਾਨ ਬੱਸ ਚਾਲਕ ਬੱਸ ਛੱਡ ਕੇ ਮੌਕੇ ਤੋਂ ਫਰਾਰ ਹੋ ਗਿਆ। ਇਸ ਹਾਦਸੇ ਦੀ ਖ਼ਬਰ ਜਦੋ ਮ੍ਰਿਤਕ ਦੇ ਪਰਿਵਾਰ ਅਤੇ ਪਿੰਡ ਵਾਸੀਆਂ ਨੂੰ ਲੱਗੀ ਤਾਂ ਉਹ ਮੌਕੇ ’ਤੇ ਪਹੁੰਚ ਗਏ, ਉਨ੍ਹਾਂ ਵੱਲੋਂ ਪੰਜਾਬ ਸਰਕਾਰ ਅਤੇ ਪੁਲਿਸ ਖਿਲਾਫ਼ ਜਮ ਕੇ ਨਆਰੇਬਾਜ਼ੀ ਕੀਤੀ ਗਈ ਅਤੇ ਬੱਸ ਚਾਲਕਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਨੂੰ ਸਖ਼ਤ ਤੋਂ ਸਖ਼ਤ ਸਜਾ ਦੇਣ ਦੀ ਮੰਗ ਕੀਤੀ ਗਈ। ਭੜਕੀ ਭੀੜ ਨੂੰ ਦੇਖ ਕੇ ਬੱਸ ਵਿਚ ਵਚਦੀਆਂ ਸਵਾਰੀਆਂ ਵੀ ਬੱਸ ਵਿੱਚੋਂ ਉਤਰ ਗਈਆਂ। ਪੁਲਿਸ ਵੱਲੋਂ ਭੜਕੇ ਲੋਕਾਂ ਨੂੰ ਸਮਝਾਉਣ ਦਾ ਬਹੁਤ ਯਤਨ ਕੀਤਾ ਗਿਆ ਪਰ ਭੜਕੇ ਲੋਕਾਂ ਨੇ ਪਹਿਲਾਂ ਬੱਸ ’ਤੇ ਪਥਰਾਵ ਕੀਤਾ ਅਤੇ ਦੇਖਦਿਆਂ ਹੀ ਦੇਖਦਿਆਂ ਬੱਸ ਨੂੰ ਅੱਗ ਲਾ ਦਿੱਤੀ। ਮੌਕੇ ’ਤੇ ਪੁੱਜੇ ਥਾਣਾ ਧਨੌਲਾ ਦੇ ਮੁਖੀ ਨੇ ਸਥਿਤੀ ਨਾਲ ਨਜਿੱਠਣ ਦੀ ਭਰਪੂਰ ਕੋਸ਼ਿਸ ਕੀਤੀ ਪਰ ਇੱਕਠੇ ਹੋਏ ਲੋਕਾਂ ਨੇ ਪੁਲਿਸ ’ਤੇ ਦੋਸ਼ ਲਗਾਉਣਾ ਸ਼ੁਰੂ ਕਰ ਦਿੱਤਾ ਕਿ ਐਕਸੀਡੈਂਟ ਦੌਰਾਨ ਮ੍ਰਿਤਕ ਗੁਰਦੀਪ ਕੌਰ ਅਤੇ ਜ਼ਖਮੀ ਗੁਰਲਾਭ ਸਿੰਘ ਨੂੰ ਮੁੱਢਲੀ ਸਹਾਇਤਾ ਦੇਣ ਦੀ ਵਜਾਏ ਪੁਲਸ ਨੇ ਬੱਸ ਦੀ ਰੱਖਵਾਲੀ ਕਰਨੀ ਸ਼ੁਰੂ ਕਰ ਦਿੱਤੀ। ਪੁਲਸ ਇੰਨੀ ਜ਼ਿਆਦਾ ਭੀੜ ਅੱਗੇ ਬੇਵੱਸ ਹੀ ਨਜ਼ਰ ਆਈ। ਇਥੇ ਇਹ ਵੀ ਦੱਸਣਯੋਗ ਹੈ ਕਿ ਗੁੱਸੇ ਵਿੱਚ ਆਏ ਲੋਕਾਂ ਵੱਲੋਂ ਪੱਤਰਕਾਰਾਂ ਦੇ ਕੈਮਰੇ ਖੋਹਣ ਦੀ ਵੀ ਕੋਸ਼ਿਸ਼ ਕੀਤੀ ਗਈ।