ਅੰਮ੍ਰਿਤਸਰ, 15 ਫਰਵਰੀ (ਵਿਸ਼ਵ ਵਾਰਤਾ) : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ’ਤੇ ਵੱਖਵਾਦੀ ਤਾਕਤਾਂ ਨੂੰ ਭੜਕਾਉਣ ਤੇ ਮਾਰੇ ਗਏ ਅੱਤਵਾਦੀਆਂ ਦੇ ਮੈਮੋਰੀਅਲ ’ਤੇ ਸਿਆਸਤ ਖੇਡਣ ਦਾ ਦੋਸ਼ ਲਗਾਇਆ ਹੈ। ਉਨ੍ਹਾਂ ਨੇ ਕਿਹਾ ਕਿ ਬਾਦਲ ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ’ਚ ਬਲੂ ਸਟਾਰ ਮੈਮੋਰੀਅਲ ਬਣਾਏ ਜਾਣ ਪਿੱਛੇ ਸਨ।ਇਥੇ ਜਾਰੀ ਬਿਆਨ ’ਚ ਬਾਜਵਾ ਨੇ ਕਿਹਾ ਹੈ ਕਿ ਝੂਠ ਬੋਲਣਾ ਬਾਦਲ ਦੀ ਆਦਤ ਹੈ ਅਤੇ ਆਪ੍ਰੇਸ਼ਨ ਬਲੂ ਸਟਾਰ ਮੈਮੋਰੀਅਲ ਮਾਮਲੇ ’ਚ ਆਪਣੀ ਸ਼ਮੂਲਿਅਤ ਤੋਂ ਇਨਕਾਰ ਕਰਕੇ ਉਨ੍ਹਾਂ ਇਕ ਵਾਰ ਫਿਰ ਤੋਂ ਇਹ ਸਾਬਤ ਕਰ ਦਿੱਤਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਸਾਫ ਤੌਰ ’ਤੇ ਕਿਹਾ ਸੀ ਕਿ ਮੈਮੋਰੀਅਲ ਬਣਾਉਣ ਦਾ ਫੈਸਲਾ
ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਰਜਾਮੰਦੀ ਨਾਲ ਲਿਆ ਗਿਆ ਸੀ। ਉਨ੍ਹਾਂ ਨੇ ਕਿਹਾ ਕਿ ਸ੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਅਕਾਲੀ ਦਲ ਦਾ ਇਕ ਹਿੱਸਾ ਹੈ ਤੇ ਬਾਦਲ ਆਪਣੇ ਸਿਆਸੀ ਹਿੱਤਾਂ ਲਈ ਇਸ ਨੂੰ ਮੰਚ ਦੀ ਤਰ੍ਹਾਂ ਇਸਤੇਮਾਲ ਕਰ ਰਹੇ ਹਨ।ਬਾਜਵਾ ਨੇ ਕਿਹਾ ਕਿ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਕਮੇਟੀ ਦੇ ਜਨਰਲ ਹਾਊਸ ਦੇ ਮੈਂਬਰਾਂ ਵੱਲੋ ਨਹੀਂ ਚੁਣਿਆ ਜਾਂਦਾ ਅਤੇ ਕਈ ਸਾਲਾਂ ਤੋਂ ਪ੍ਰਧਾਨ ਦਾ ਨਾਂ ਬਾਦਲ ਵੱਲੋਂ ਭੇਜੇ ਸੀਲ ਲਿਫਾਫੇ ’ਚੋਂ ਕੱਢਿਆ ਜਾਂਦਾ ਹੈ। ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੇ ਮੈਂਬਰ ਕੋਈ ਵੀ ਫੈਸਲਾ ਲੈਣ ਨੂੰ ਅਜ਼ਾਦ ਨਹੀਂ ਹਨ ਅਤੇ ਇਹ ਬਾਦਲ ਤੇ ਉਨ੍ਹਾਂ ਦੇ ਬੇਟੇ ਸੁਖਬੀਰ ਦੀਆਂ ਰਬਰ ਸਟੈਂਪਾਂ ਸਮਾਨ ਹਨ। ਬਾਦਲ ਨੇ ਹਮੇਸ਼ਾ ਤੋਂ ਵੱਖਵਾਦੀ ਤਾਕਤਾਂ ਦਾ ਸਮਰਥਨ ਕੀਤਾ ਹੈ ਤੇ ਬਾਦਲ ਦੀ ਸਿਆਸੀ ਲਾਲਚ ਕਾਰਨ ਹੀ ਪੰਜਾਬ ਨੂੰ ਅੱਤਵਾਦ ਦੇ ਕਾਲੇ ਦਹਾਕੇ ਨੂੰ ਭੋਗਣਾ ਪਿਆ ਹੈ। ਅਕਾਲੀ ਦਲ ਨੇ ਉਗਰਵਾਦੀਆਂ ਦੇ ਸਮਰਥਨ ਨਾਲ ਧਰਮ ਯੁੱਧ ਮੋਰਚਾ ਬਣਾਇਆ ਤੇ ਆਪਣੇ ਸਿਆਸੀ ਹਿੱਤਾਂ ਨੂੰ ਪ੍ਰਾਪਤ ਕਰਨ ਲਈ ਪੰਜਾਬ ਦੇ ਨੌਜਵਾਨਾਂ ਨੂੰ ਗੁੰਮਰਾਹ ਕੀਤਾ।
ਪ੍ਰਦੇਸ਼ ਕਾਂਗਰਸ ਨੇ ਕਿਹਾ ਕਿ ਬਾਦਲ ਮਾਰੇ ਗਏ ਅੱਤਵਾਦੀਆਂ ਦੇ ਭੋਗਾਂ ’ਤੇ ਵੀ ਸ਼ਾਮਿਲ ਹੁੰਦੇ ਰਹੇ ਹਨ ਅਤੇ ਬਾਰਡਰ ਦੇ ਪਿੰਡਾਂ ’ਚ ਅੱਤਵਾਦੀਆਂ ਵਾਸਤੇ ਮੈਮੋਰੀਅਲ ਬਣਾਉਣ ਲਈ ਚੁਪਚਾਪ ਸਮਰਥਨ ਦੇ ਰਹੇ ਹਨ। ਇਕ ਵਾਰ ਫਿਰ ਤੋਂ ਬਾਦਲ ਉਗਰਵਾਦੀ ਕਾਰਡ ਖੇਡ ਰਹੇ ਹਨ ਅਤੇ ਉਗਰਵਾਦੀ ਸਿੱਖ ਸੰਗਠਨਾਂ ਦੇ ਆਗੂਆਂ ਨਾਲ ਮੇਲਜੋਲ ਰੱਖ ਰਹੇ ਹਨ। ਉਗਰਵਾਦੀ ਆਗੂਆਂ ਨੂੰ ਖੁਸ਼ ਕਰਨ ਲਈ ਹੀ ਬਲੂ ਸਟਾਰ ਮੈਮੋਰੀਅਲ ਬਣਾਇਆ ਗਿਆ ਤੇ ਬਾਦਲ ਦੀ ਇਹ ਗੱਲ ਸੁਣ ਕੇ ਹਾਸਾ ਆਉਂਦਾ ਹੈ ਕਿ ਮੈਮੋਰੀਅਲ ਬਾਰੇ ਫੈਸਲਾ ਲੈਣ ਤੋਂ ਪਹਿਲਾਂ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਨ੍ਹਾਂ ਨੂੰ ਨਹੀਂ ਪੁੱਛਿਆ। ਬਾਜਵਾ ਨੇ ਕਿਹਾ ਕਿ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮੱਕੜ ਬਾਦਲ ਪਰਿਵਾਰ ਦੇ ਤੋਤੇ ਹਨ।
ਬਾਜਵਾ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਉਸ ਵੇਲੇ ਵੀ ਤੇ ਇਕ ਵਾਰ ਫਿਰ ਤੋਂ ਮਾਰੇ ਗਏ 35000 ਬੇਕਸੂਰ ਪੰਜਾਬੀਆਂ, ਜਿਨ੍ਹਾਂ ’ਚ ਹਿੰਦੂ, ਸਿੱਖ ਤੇ ਕ੍ਰਿਸ਼ਚਿਅਨ ਸ਼ਾਮਿਲ ਹਨ, ਲਈ ਸ਼ਾਂਤੀ ਮੈਮੋਰੀਅਲ ਬਣਾਉਣ ਦੀ ਮੰਗ ਕੀਤੀ ਹੈ। ਮੰਦਭਾਗਾ ਹੈ ਕਿ ਬਾਦਲ ਇਸ ਦੌਰਾਨ ਆਪਣੀਆਂ ਜਾਨਾਂ ਗੁਆਉਣ ਵਾਲੇ ਬੇਕਸੂਰ ਪੰਜਾਬੀਆਂ ਲਈ ਅਜਿਹਾ ਮੈਮੋਰੀਅਲ ਬਣਾਉਣ ’ਤੇ ਗੋਲਮੋਲ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਅਕਾਲੀ ਦਲ ਦੀ ਸਾਂਝੇਦਾਰ ਭਾਜਪਾ ਨੇ ਵੀ ਬਲੂਸਟਾਰ ਮੈਮੋਰੀਅਲ ’ਤੇ ਚੁੱਪੀ ਬਣਾ ਕੇ ਪੰਜਾਬ ਦੇ ਲੋਕਾਂ ਨੂੰ ਧੋਖਾ ਦਿੱਤਾ ਹੈ। ਜਦਕਿ ਭਾਜਪਾ ਸੂਬੇ ਦੇ ਹਿੰਦੂਆਂ ਦੀ ਅਗਵਾਈ ਕਰਨ ਦਾ ਦਾਅਵਾ ਕਰਦੀ ਹੈ, ਪਰ ਇਹ ਹਾਲੇ ਤੱਕ ਬਾਦਲਾਂ ਦੇ ਇਸ਼ਾਰੇ ’ਤੇ ਨੱਚਦੀ ਆ ਰਹੀ ਹੈ।