ਐਸ.ਏ.ਐਸ.ਨਗਰ, 17 ਅਪ੍ਰੈਲ (ਧੱਮੀ ਸ਼ਰਮਾ)- ਸਾਹਿਬਜਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ ਦੀਆਂ ਮੰਡੀਆਂ ਵਿਚ ਹੁਣ ਤਕ ਪੁਜੀ ਕਿਸਾਨਾਂ ਦੀ ਹਾੜੀ ਦੀ ਮੁਖ ਫਸਲ ਕਣਕ ਦੀ 52 ਹਜ਼ਾਰ 332 ਮੀਟਿਰਿਕ ਟਨ ਕਣਕ ਦੀ ਖਰੀਦ ਕੀਤੀ ਜਾ ਚੁਕੀ ਹੈ ਅਤੇ ਕਿਸਾਨਾਂ ਨੂੰ ਹੁਣ ਤਕ 28 ਕਰੋੜ 64 ਲਖ ਰੁਪਏ ਦੀ ਅਦਾਇਗੀ ਵੀ ਕੀਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਡਿਪਟੀ ਕਮਿਸ਼ਨਰ ਸ੍ਰੀਮਤੀ ਗੁਰਪ੍ਰੀਤ ਕੌਰ ਸਪਰਾ ਨੇ ਦਸਿਆ ਕਿ ਕਿਸਾਨਾਂ ਦੀ ਕਣਕ ਦੀ ਫਸਲ ਦਾ ਦਾਣਾ ਦਾਣਾ ਖਰੀਦਿਆਂ ਜਾਵੇਗਾ ਅਤੇ ਮੰਡੀਆਂ ਵਿਚ ਕਿਸਾਨਾਂ ਨੂੰ ਕਿਸੇ ਕਿਸਮ ਦੀ ਦਿਕਤ ਪੇਸ ਨਹੀਂ ਆਉਣ ਦਿਤੀ ਜਾਵੇਗੀ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਖਜਲ ਖੁਆਰੀ ਤੋਂ ਬਚਣ ਲਈ ਸੁਕੀ ਕਣਕ ਹੀ ਮੰਡੀ ਵਿਚ ਲੈ ਕੇ ਆਉਣ ਤਾਂ ਜੋ ਉਨ੍ਹਾਂ ਦੀ ਫਸਲ ਦੀ ਤੁਰੰਤ ਖਰੀਦ ਕੀਤੀ ਜਾ ਸਕੇ।ਸ੍ਰੀਮਤੀ ਸਪਰਾ ਨੇ ਕਿਹਾ ਕਿ ਖਰੀਦ ਏਜੰਸੀਆਂ ਨੂੰ ਹਦਾਇਤਾਂ ਦਿਤੀਆਂ ਗਈਆਂ ਹਨ ਕਿ ਉਹ ਕਣਕ ਦੀ ਖਰੀਦ ਵਿਚ ਕਿਸੇ ਕਿਸਮ ਦੀ ਢਿਲ ਮਠ ਨਾ ਦਿਖਾਉਣ ਅਤੇ ਕਿਸਾਨਾਂ ਨੂੰ ਕਣਕ ਦੀ ਅਦਾਇਗੀ ਨੂੰ ਵੀ ਯਕੀਨੀ ਬਣਾਉਣ। ਉਨ੍ਹਾਂ ਇਸ ਮੌਕੇ ਜ਼ਿਲ੍ਹੇ ਦੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਵਾਤਾਵਰਣ ਦੀ ਸਵਛਤਾ ਲਈ ਕਣਕ ਦੀ ਨਾੜ ਨੂੰ ਅਗ ਨਾ ਲਗਾਉਣ ਜਿਸ ਨਾਲ ਜਮੀਨ ਦੀ ਉਪਜਾਓ ਸ਼ਕਤੀ ਵੀ ਖਤਮ ਹੁੰਦੀ ਹੈ। ਸ੍ਰੀਮਤੀ ਸਪਰਾ ਨੇ ਦਸਿਆ ਕਿ ਜ਼ਿਲ੍ਹੇ ਦੀਆਂ ਮੰਡੀਆਂ ਵਿਚ ਪਨਗਰੇਨ ਨੇ ਹੁਣ ਤਕ 11 ਹਜਾਰ 911 ਮੀਟਿਰਿਕ ਟਨ, ਮਾਰਕਫੈਡ ਨੇ 12 ਹਜਾਰ 795 ਮੀਟਿਰਿਕ ਟਨ, ਪਨਸਪ 9093, ਪੰਜਾਬ ਸਟੇਟ ਵੇਅਰ ਕਾਰਪੋਰੇਸਨ ਨੇ 4033, ਪੰਜਾਬ ਐਗਰੋ ਨੇ 5992, ਐਫ.ਸੀ.ਆਈ ਨੇ 8508 ਮੀਟਿਰਿਕ ਟਨ ਕਣਕ ਦੀ ਖਰੀਦ ਕੀਤੀ ਗਈ ਹੈ ਅਤੇ ਕਣਕ ਖਰੀਦਣ ਵਿਚ ਮਾਰਕਫੈਡ ਸਭ ਤੋਂ ਮੋਹਰੀ ਹੈ। ਉਨ੍ਹਾਂ ਦਸਿਆ ਕਿ ਜ਼ਿਲ੍ਹੇ ਦੀਆਂ ਮੰਡੀਆਂ ਵਿਚੋ 21 ਹਜਾਰ 10 ਮੀਟਿਰਿਕ ਟਨ ਦੀ ਲਿਫਟਿੰਗ ਵੀ ਕੀਤੀ ਜਾ ਚੁਕੀ ਹੈ। ਉਨ੍ਹਾਂ ਕਿਹਾ ਕਿ ਖਰੀਦ ਏਜੰਸੀਆਂ ਨੂੰ ਮੰਡੀਆਂ ਵਿਚ ਕਣਕ ਦੀ ਲਿਫਟਿੰਗ ਵਿਚ ਤੇਜੀ ਲਿਆਉਣ ਦੀਆਂ ਹਦਾਇਤਾਂ ਦਿਤੀਆਂ ਗਈਆਂ ਹਨ। ਜ਼ਿਲ੍ਹਾ ਖੁਰਾਕ ਤੇ ਸਿਵਲ ਸਪਲਾਈ ਕੰਟਰੋਲਰ ਸ੍ਰੀ ਸੁਖਵਿੰਦਰ ਸਿੰਘ ਨੇ ਦਸਿਆ ਕਿ ਮੰਡੀਆਂ ਵਿਚੋ ਕਣਕ ਦੀ ਖਰੀਦ ਦਾ ਕੰਮ ਤਸਲੀਬਖ਼ਸ ਚਲ ਰਿਹਾ ਹੈ ਅਤੇ ਮੰਡੀਆਂ ਵਿਚ ਬਾਰਦਾਨੇ ਆਦਿ ਦੇ ਵੀ ਪੁਖਤਾ ਪ੍ਰਬੰਧ ਕੀਤੇ ਗਏ ਹਨ।