ਅੰਮ੍ਰਿਤਸਰ, 15 ਫਰਵਰੀ (ਮਨਿੰਦਰ ਸਿੰਘ ਗੋਰੀ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲੰਗਰ ਸ੍ਰੀ ਗੁਰੂ ਰਾਮਦਾਸ ਜੀ ਦੀ ਇਮਾਰਤ ਦੀ ਉਸਾਰੀ ਸਮੇਂ ਪੰਥਕ ਭਾਵਨਾਵਾਂ ਤੇ ਮਰਯਾਦਾ ਨੂੰ ਯਕੀਨੀ ਬਣਾਏਗੀ ਇਸ ਬਾਰੇ ਲੰਗਰ ਇਮਾਰਤ ਦੀ ਉਸਾਰੀ ਕਰਵਾ ਰਹੀ ਐਸ. ਐਸ. ਕਨਸਟਰਕਸ਼ਨ ਕੰਪਨੀ ਚੰਡੀਗੜ੍ਹ ਨੂੰ ਸਪੱਸ਼ਟ ਹਦਾਇਤ ਕੀਤੀ ਗਈ ਹੈ ਕਿ ਉਹ ਆਪਣੇ ਇੰਜੀਨੀਅਰ ਤੇ ਕੰਮ ਕਰਨ ਵਾਲੇ ਆਦਮੀਆਂ ਨੂੰ ਸਿੱਖ ਭਾਵਨਾਵਾਂ ਤੇ ਮਰਯਾਦਾ ਦਾ ਖਾਸ ਖਿਆਲ ਰੱਖਣ ਲਈ ਕਹਿਣ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪ੍ਰੈ¤ਸ ਦੇ ਨਾਂ ਜਾਰੀ ਬਿਆਨ ’ਚ ਕਿਹਾ ਹੈ ਕਿ ਢਾਡੀ ਤੇ ਕਵੀਸ਼ਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪੰਥ ਦਾ ਅਨਿੱਖੜਵਾਂ ਅੰਗ ਹਨ। ਢਾਡੀ ਸਭਾ ਦੇ ਪ੍ਰਧਾਨ ਸ.ਬਲਦੇਵ ਸਿੰਘ ਐਮ.ਏ. ਨੇ ਉਨ੍ਹਾਂ
ਦੇ ਧਿਆਨ ’ਚ ਲਿਆਂਦਾ ਹੈ ਕਿ ਲੰਗਰ ਦੇ ਨਿਰਮਾਣ ਲਈ ਉਸਾਰੀ ਕਰਵਾ ਰਹੀ ਕੰਪਨੀ ਵੱਲੋਂ ਲਗਾਏ ਗਏ ਕੁਝ ਕਾਮਿਆਂ ਨੂੰ ਸਿੱਖ ਧਰਮ ਬਾਰੇ ਗਿਆਨ ਨਹੀਂ ਤੇ ਉਹ ਕੰਮ ਕਰਦੇ ਸਮੇਂ ਸਿੱਖ ਭਾਵਨਾਵਾਂ ਤੇ ਮਰਯਾਦਾ ਦਾ ਖਿਆਲ ਨਹੀਂ ਰੱਖਦੇ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲੰਗਰ ਇਮਾਰਤ ਉਸਾਰੀ ਦੀ ਨਿਗਰਾਨੀ ਸਮੇਂ ਸਿੱਖ ਭਾਵਨਾਵਾਂ ਤੇ ਮਰਯਾਦਾ ਨੂੰ ਯਕੀਨੀ ਬਣਾਉਂਦਿਆਂ ਆਪਣੇ ਨਿਗਰਾਨ ਵੀ ਲਗਾਏਗੀ ਤਾਂ ਕੇ ਦੂਜੇ ਧਰਮਾਂ ਦੇ ਆਦਮੀ ਜੋ ਇਮਾਰਤ ਉਸਾਰੀ ਲਈ ਕੰਮ ਕਰ ਰਹੇ ਹਨ। ਉਨ੍ਹਾਂ ਨੂੰ ਪੰਥਕ ਭਾਵਨਾਵਾਂ ਤੇ ਮਰਯਾਦਾ ਬਾਰੇ ਜਾਣਕਾਰੀ ਦਿੱਤੀ ਜਾ ਸਕੇ। ਉਨ੍ਹਾਂ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਰੋਜ਼ਾਨਾ ਹੀ ਲੱਖਾਂ ਸ਼ਰਧਾਲੂ ਆਉਂਦੇ ਹਨ। ਉਨ੍ਹਾਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਲੰਗਰ ਇਮਾਰਤ ਦੀ ਜਲਦੀ ਉਸਾਰੀ ਕਰਵਾਉਣ ਲਈ ਐਸ.ਐਸ. ਕਨਸਟਰਕਸ਼ਨ ਕੰਪਨੀ ਚੰਡੀਗੜ੍ਹ ਪਾਸੋਂ ਕੰਮ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰੂ-ਘਰਾਂ ਵਿੱਚ ਸੰਗਤਾਂ ਦੀ ਆਮਦ ਨੂੰ ਮੁੱਖ ਰੱਖਦਿਆਂ ਸਮੇਂ-ਸਮੇਂ ਅਨੁਸਾਰ ਇਮਾਰਤਾਂ ਦਾ ਨਿਰਮਾਣ ਕਨਸਟਰਕਸ਼ਨ ਕੰਪਨੀਆਂ ਪਾਸੋਂ ਕਰਵਾਉਂਦੀ ਰਹਿੰਦੀ ਹੈ।