ਮਾਛੀਵਾੜਾ ਸਾਹਿਬ 15 ਜਨਵਰੀ (ਕਰਮਜੀਤ ਸਿੰਘ ਆਜ਼ਾਦ)-ਦੇਸ਼ ਦੀਆਂ ਆ ਰਹੀਆਂ ਲੋਕ ਸਭਾ ਚੋਣਾਂ ਵਿਚ ਐਨ.ਡੀ.ਏ. ਦੀ ਭਾਰੀ ਬਹੁਮੱਤ ਨਾਲ ਜਿੱਤ ਹੋਵੇਗੀ ਤੇ ਸ੍ਰੀ ਨਰਿੰਦਰ ਮੋਦੀ ਭਾਰਤ ਦੇ ਪ੍ਰਧਾਨ ਮੰਤਰੀ ਬਣਕੇ ਦੇਸ਼ ਦੀ ਕਾਇਆ ਕਲਪ ਕਰਨਗੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਚਰਨਜੀਤ ਸਿੰਘ ਅਟਵਾਲ ਨੇ ਅੱਜ ਇੱਥੇ ਆਪਣੇ ਨੇੜਲੇ ਸਾਥੀ ਦਲਬੀਰ ਸਿੰਘ ਖੁਰਾਣਾ ਸਰਪੰਚ ਸ਼ੇਰਪੁਰ ਵੱਲੋਂ ਆਯੋਜਿਤ ਇੱਕ ਸਮਾਗਮ ਦੋਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।
ਸਪੀਕਰ ਅਟਵਾਲ ਨੇ ਕਿਹਾ ਕਿ ਦੇਸ਼ ਵਿਚ ਕਾਂਗਰਸ ਦੀ ਅਗਵਾਈ ਵਾਲੀ ਯੂ.ਪੀ.ਏ. ਦੀ ਸਰਕਾਰ ਹਰ ਫਰੰਟ ਤੋਂ ਫੇਲ ਹੋ ਚੁੱਕੀ ਹੈ ਤੇ ਇਸਦੇ ਪ੍ਰਧਾਨ ਮੰਤਰੀ ਮਨਮੋਹਣ ਸਿੰਘ ਹਰ ਪੱਖ ਤੋਂ ਨਿਕੰਮੇ ਪ੍ਰਧਾਨ ਮੰਤਰੀ ਸਿੱਧ ਹੋਏ ਹਨ। ਉਨ੍ਹਾਂ ਕਿਹਾ ਕਿ ਮਨਮੋਹਣ ਸਿੰਘ ਗਾਂਧੀ ਪਰਿਵਾਰ ਦੇ ਹੱਥੋ ਠੋਕੇ ਬਣੇ ਹੋਏ ਹਨ ਤੇ ਉਹ ਆਪਣੀ ਮਰਜੀ ਨਾਲ ਕੋਈ ਵੀ ਕੰਮ ਨਹੀਂ ਕਰ ਰਹੇ। ਜੇਕਰ ਅੱਜ ਹੀ ਚੋਣਾਂ ਕਰਵਾਈਆਂ ਜਾਣ ਤਾਂ ਐਨ.ਡੀ.ਏ. ਭਾਰੀ ਬਹੁਮੱਤ ਨਾਲ ਜਿੱਤ ਪ੍ਰਾਪਤ ਕਰੇਗੀ। ਉਨ੍ਹਾਂ ਕਿਹਾ ਕਿ ਇਹ ਸਰਕਾਰ ਨੂੰ ਘਪਲਿਆਂ ਦੀ ਸਰਕਾਰ ਕਹਿਣਾ ਹੀ ਉਚਿਤ ਹੋਵੇਗਾ ਕਿਉਂਕਿ ਕੋਈ ਇੱਕ ਵੀ ਅਜਿਹਾ ਮਸਲਾ ਨਹੀਂ ਜਿਸ ਵਿਚ ਯੂ.ਪੀ.ਏ. ਦੇ ਆਗੂਆਂ ਵੱਲੋਂ ਘਪਲੇਬਾਜੀ ਨਾ ਕੀਤੀ ਗਈ ਹੋਏ। ਉਨ੍ਹਾਂ ਕਿਹਾ ਕਿ ਇਸ ਸਰਕਾਰ ਵੱਲੋਂ ਬੇਰੁਜ਼ਗਾਰੀ, ਮਹਿੰਗਾਈ ਤੋਂ ਇਲਾਵਾ ਹੋਰ ਕਈ ਅਜਿਹੇ ਮਸਲੇ ਹਨ ਜਿਨਾਂ ਨੂੰ ਅੱਖੋਂ ਪਰੋਖੇ ਕਰਕੇ ਦੇਸ਼ ਦੇ ਲੋਕਾਂ ਨਾਲ ਧਰੋਹ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਹੁਣ ਦੇਸ਼ ਦੇ ਲੋਕ ਸਮਝ ਚੁੱਕੇ ਹਨ ਕਿ ਉਨਾਂ ਦਾ ਐਨ.ਡੀ.ਏ. ਬਿਨਾ ਗੁਜਾਰਾ ਨਹੀਂ ਤੇ ਉਹ ਨਰਿੰਦਰ ਮੋਦੀ ਨੂੰ ਪ੍ਰਧਾਨ ਮੰਤਰੀ ਦੇ ਰੂਪ ਵਿਖੇ ਦੇਖਣਾ ਚਾਹੁੰਦੇ ਹਨ ਤਾਂ ਕਿ ਹਰ ਵਰਗ ਦਾ ਕੰਮ ਤਸੱਲੀਬਖਸ਼ ਹੋ ਜਾਵੇ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਘਪਲਿਆਂ ਨੇ ਦੇਸ਼ ਦੀ ਆਰਥਿਕਤਾ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ ਤੇ ਹੁਣ ਕੁਝ ਮਹੀਨਿਆਂ ਦਾ ਸਮਾਂ ਰਹਿ ਗਿਆ ਹੈ ਕਿ ਲੋਕ ਆਪਣੇ ਹਰਮਨ ਪਿਆਰੇ ਭਾਜਪਾ ਨੇ ਨਰਿੰਦਰ ਮੋਦੀ ਦੀ ਅਗਵਾਈ ਵਿਚ ਐਨ.ਡੀ.ਏੇ. ਦੀ ਸਰਕਾਰ ਬਣਾਉਣਗੇ ਜਿਸ ਨਾਲ ਦੇਸ਼ ਦੀ ਦਾਇਆ ਕਲਪ ਹੋਵੇਗੀ। ਸਪੀਕਰ ਚਰਨਜੀਤ ਸਿੰਘ ਅਟਵਾਲ ਨੇ ਕਿਹਾ ਕਿ ਪੰਜਾਬ ਵਿਚ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਸਾਂਝੇ ਗਠਜੋੜ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿਚ ਪੰਜਾਬ ਦੀਆਂ ਸਾਰੀਆਂ ਤੇਰਾਂ ਸੀਟਾਂ ਤੇ ਹੂੰਝਾਫੇਰ ਜਿੱਤ ਪ੍ਰਾਪਤ ਕਰੇਗਾ। ਇਸ ਮੌਕੇ ਉਨ੍ਹਾਂ ਨਾਲ ਹੋਰਨਾਂ ਤੋਂ ਇਲਾਵਾ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਉਜਾਗਰ ਸਿੰਘ ਬੈਨੀਪਾਲ, ਸਾਬਕਾ ਸਰਪੰਚ ਅਮਰੀਕ ਸਿੰਘ ਖੁਰਾਣਾ, ਰਾਜਵੀਰ ਸਿੰਘ ਸ਼ੇਰਪੁਰ ਠੇਕੇਦਾਰ, ਅਸੋਕ ਕੁਮਾਰ ਮੜਕਣ, ਸਤੀਸ਼ ਕੁਮਾਰ ਹੈਪੀ, ਸੁਰਿੰਦਰਪਾਲ ਸਿੰਘ ਨੰਬਰਦਾਰ, ਅਮਨਦੀਪ ਸਿੰਘ ਖੁਰਾਣਾ, ਗੁਰਮੀਤ ਸਿੰਘ, ਬਲਵਿੰਦਰਪਾਲ ਸਿੰਘ, ਸੰਜੀਵ ਮੜਕਣ, ਗੁਰਜਿੰਦਰ ਸਿੰਘ ਸਰਪੰਚ ਵਲੀਪੁਰ ਆਦਿ ਵੀ ਮੌਜੂਦ ਸਨ।