ਸੂਚੀਬੱਧ ਪ੍ਰਾਈਵੇਟ ਹਸਪਤਾਲਾਂ ਨੇ ਲੋੜਵੰਦ ਗਰੀਬ ਦੇ ਇਲਾਜ ਤੋਂ ਕੀਤੇ ਹੱਥ ਖੜ੍ਹੇ
ਮਾਨਸਾ, 16 ਅਪ੍ਰੈਲ (ਨਛੱਤਰ ਸਿੰਘ ਕਾਹਨਗੜ੍ਹ)- ਪੰਜਾਬ ਅੰਦਰ ਕਾਂਗਰਸ ਦੀ ਸਰਕਾਰ ਦਾ ਇਕ ਵਰ੍ਹਾਂ ਲੰਘਣ ਤੇ ਹੋਰਨਾਂ ਸਕੀਮਾਂ ਵਾਂਗ ਲੋੜਵੰਦ ਗਰੀਬ ਲੋਕਾਂ ਦੀ ਸਿਹਤ ਭਲਾਈ ਲਈ ਬਣਾਈ ਭਗਤ ਪੂਰਨ ਸਿੰਘ ਸਿਹਤ ਬੀਮਾਂ ਯੋਜਨਾਂ ਸਕੀਮ ਹੁਣ ਦਮ ਤੋੜਣ ਲੱਗੀ ਹੈ ਕਿਉਂਕਿ ਇਸ ਸਕੀਮ ’ਚ ਸੂਚੀਬੱਧ ਪ੍ਰਾਈਵੇਟ ਹਸਪਤਾਲਾਂ ਨੇ ਲੋੜਵੰਦ ਗਰੀਬ ਲੋਕਾਂ ਦੇ ਇਲਾਜ ਕਰਨ ਤੋ ਹੱਥ ਖੜੇ ਕਰਨ ਲੱਗੇ ਹਨ। ਇਸ ਸਬੰਧੀ ਅੱਜ ਇੱਥੋਂ ਦੇ ਵੱਖ ਵੱਖ ਪ੍ਰਾਈਵੇਟ ਹਸਪਤਾਲਾਂ ਦੇ ਡਾਕਟਰਾਂ ਨੇ ਸਿਵਲ ਸਰਜਨ ਦੇ ਨਾਮ ਸਿਹਤ ਵਿਭਾਗ ਨੂੰ ਇਕ ਮੰਗ ਪੱਤਰ ਸੌਂਪਿਆ ਅਤੇ ਇਸ ਦੀ ਕਾਪੀ ਮੈਡਸੇਵ ਪੰਜਾਬ , ਡਿਪਟੀ ਕਮਿਸ਼ਨਰ ਮਾਨਸਾ ਅਤੇ ਯੁਨਾਈਟਿਡ ਇੰਡੀਆ ਇਸ਼ੋਰੈਸ਼ ਕੰਪਨੀ ਨੂੰ ਲਿਖਤੀ ਤੌਰ ਤੇ ਪੱਤਰ ਲਿਖ ਕੇ ਜਾਣੁ ਕਰਵਾ ਦਿੱਤਾ ਹੈ ਕਿ ਅਗਰ ਉਨ੍ਹਾਂ ਨੂੰ 20 ਅਪ੍ਰੈਲ ਤੱਕ ਇਸ ਦੀ ਅਦਾਇਗੀ ਨਾ ਕੀਤੀ ਗਈ ਤਾਂ ਉਹ 22 ਅਪ੍ਰੈਲ ਤੋਂ ਬਾਅਦ ਇਸ ਸਕੀਮ ਤਹਿਤ ਗਰੀਬ ਅਤੇ ਲੋੜਵੰਦ ਮਰੀਜਾਂ ਦਾ ਇਲਾਜ ਨਹੀਂ ਕਰਨਗੇ। ਮੰਗ ਪੱਤਰ ਦੇਣ ਸਮੇਂ ਰੇਖੀ ਨਰਸਿੰਗ ਅਤੇ ਸਰਜੀਕਲ ਸੈਂਟਰ ਦੇ ਡਾ. ਤੇਜਿੰਦਰਪਾਲ ਸਿੰਘ ਰੇਖੀ, ਡੁਮੇਲੀ ਨਰਸਿੰਗ ਅਤੇ ਸਰਜੀਕਲ ਸੈਂਟਰ ਦੇ ਡਾ. ਸੁਖਦੇਵ ਸਿੰਘ ਡੁਮੇਲੀ, ਕੁਲਵੰਤ ਨਰਸਿੰਗ ਅਤੇ ਸਰਜੀਕਲ ਸੈਂਟਰ ਦੇ ਡਾ. ਕੁਲਵੰਤ ਸਿੰਘ, ਅਡਵਾਂਸ ਆਈ ਕੇਅਰ ਸੈਂਟਰ ਦੇ ਡਾ. ਰਾਜਨ ਸਿੰਗਲਾ, ਪ੍ਰਦੀਪ ਆਈ ਕੇਅਰ ਸੈਂਟਰ ਦੇ ਡਾ. ਪ੍ਰਦੀਪ ਕੁਮਾਰ ਬਾਂਸਲ, ਰਾਜ ਨਰਸਿੰਗ ਅਤੇ ਸਰਜੀਕਲ ਸੈਂਟਰ ਦੇ ਡਾ. ਰਾਜ ਕੁਮਾਰ, ਆਤਮਾ ਸਿੰਘ ਨਰਸਿੰਗ ਅਤੇ ਸਰਜੀਕਲ ਸੈਂਟਰ ਭੀਖੀ ਦੇ ਅਨਿਲ ਕੁਮਾਰ ਨੇ ਕਿਹਾ ਕਿ ਉਨ੍ਹਾਂ ਵਲੋਂ ਭਗਤ ਪੂਰਨ ਸਿੰਘ ਬੀਮਾ ਯੋਜਨਾ ਤਹਿਤ ਕਾਫ਼ੀ ਸਮੇਂ ਤੋਂ ਕੰਮ ਕੀਤਾ ਜਾ ਰਿਹਾ ਹੈ ਪਰ ਇਸ ਸਕੀਮ ਤਹਿਤ ਉਨ੍ਹਾਂ ਵਲੋਂ ਦਿੱਤੀਆਂ ਗਈਆਂ ਸੇਵਾਵਾਂ ਦੇ ਬਦਲੇ ਯੂਨਾਈਟਡ ਇੰਡੀਆ ਇੰਸ਼ੋਰੈਂਸ ਕੰਪਨੀ ਵਲੋਂ ਪਿਛਲੇ 5 ਮਹੀਨਿਆਂ ਦੀ ਰਕਮ ਦੀ ਅਦਾਇਗੀ ਅਜੇ ਤੱਕ ਨਹੀਂ ਕੀਤੀ ਗਈ। ਜਿਸ ਕਾਰਨ ਹੁਣ ਉਹ ਇਸ ਸਕੀਮ ਤਹਿਤ ਹੋਰ ਸੇਵਾਵਾਂ ਨਿਭਾਉਣਾ ਉਨ੍ਹਾਂ ਲਈ ਹੁਣ ਅਮਲੀ ਰੂਪ ਵਿਚ ਸੰਭਵ ਨਹੀਂ ਰਿਹਾ ਹੈ। ਜਿਸ ਨੂੰ ਮੁੱਖ ਰੱਖਦਿਆਂ ਉਨ੍ਹਾਂ ਦੀ ਇਹ ਬਕਾਇਆ ਰਕਮ ਦੀ ਅਦਾਇਗੀ ਬਿਨਾਂ ਕਿਸੇ ਦੇਰੀ ਤੋਂ ਤੁਰੰਤ ਕਰਨ ਲਈ ਕਦਮ ਚੁੱਕੇ ਜਾਣ। ਉਨ੍ਹਾਂ ਚੇਤਾਵਨੀ ਦਿੱਤੀ ਹੈ ਕਿ ਜੇਕਰ ਮੈਡੀਕਲ ਬਿਲਾਂ ਦੀ 20 ਅਪ੍ਰੈਲ ਤੱਕ ਅਦਾਇਗੀ ਨਾ ਹੋਈ ਤਾਂ 22 ਅਪ੍ਰੈਲ ਤੋਂ ਇਸ ਸਕੀਮ ਤਹਿਤ ਗਰੀਬ ਅਤੇ ਲੋੜਵੰਦ ਮਰੀਜਾਂ ਦਾ ਇਲਾਜ ਨਹੀ ਕੀਤਾ ਜਾਵੇਗਾ।