ਚੰਡੀਗੜ੍ਹ, 15 ਫਰਵਰੀ (ਪੀ.ਟੀ.)-ਪ੍ਰਗਤੀਸ਼ੀਲ ਪੰਜਾਬ ਖੇਤੀਬਾੜੀ ਸੰਮੇਲਨ ਦੇ ਉਦਘਾਟਨ ਤੋਂ ਇੱਕ ਦਿਨ ਪਹਿਲਾਂ ਅੱਜ ਪੰਜਾਬ ਸਰਕਾਰ ਨੇ ਭਾਰਤ ਵਿੱਚ ਸਰਗਰਮ ਥਾਈਲੈਂਡ ਦੀ ਇੱਕ ਨਾਮਵਰ ਕੰਪਨੀ ਚਾਰੋਏਨ ਪੋਕਫਾਂਦ (ਇੰਡੀਆ) ਪ੍ਰਾਈਵੇਟ ਲਿਮਟਡ ਵੱਲੋਂ ਸੂਬੇ ਵਿੱਚ ਮੁਰਗੀ ਤੇ ਸੂਰ ਪਾਲਣ ਦੇ ਖੇਤਰ ਵਿੱਚ ਪੰਜ ਆਧੁਨਿਕ ਯੂਨਿਟ ਕਾਇਮ ਕਰਨ ਲਈ 571.2 ਕਰੋੜ ਰੁਪਏ ਦਾ ਨਿਵੇਸ਼ ਕਰਨ ਦਾ ਸਮਝੌਤਾ ਸਹੀਬੰਦ ਕੀਤਾ। ਅੱਜ ਇੱਥੇ ਪ੍ਰਗਟਾਵਾ ਕਰਦਿਆਂ ਮੁੱਖ ਮੰਤਰੀ ਦਫ਼ਤਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਪੋਕਫਾਂਦ ਕੰਪਨੀ ਦੇ ਉਪ ਚੇਅਰਮੈਨ ਸ੍ਰੀ ਚਾਇਆਫੋਰਨ ਮੌਂਥਾ ਦੀ ਅਗਵਾਈ ਵਿੱਚ ਇਕ ਵਫ਼ਦ ਨੇ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨਾਲ ਉਨ੍ਹਾਂ ਦੀ ਰਿਹਾਇਸ਼ ’ਤੇ ਮੁਲਾਕਾਤ ਕਰਕੇ ਉਨ੍ਹਾਂ ਨੂੰ ਪੰਜਾਬ ਵਿੱਚ 571.2 ਕਰੋੜ ਰੁਪਏ ਨਿਵੇਸ਼ ਕਰਨ ਦੀ ਯੋਜਨਾ ਬਾਰੇ ਜਾਣਕਾਰੀ ਦਿੱਤੀ।
ਬੁਲਾਰੇ ਮੁਤਾਬਕ ਕੰਪਨੀ ਵੱਲੋਂ ਸਥਾਪਤ ਕੀਤੇ ਜਾਣ ਵਾਲੇ ਪੰਜ ਯੂਨਿਟਾਂ ਵਿੱਚ ਇਕ ਫੀਡ ਮਿਲ (120 ਕਰੋੜ ਰੁਪਏ), ਇਕ ਹੈਚਰੀ (24 ਕਰੋੜ ਰੁਪਏ), ਇਕ ਬਰੀਡਿੰਗ ਫਾਰਮ (102 ਕਰੋੜ ਰੁਪਏ), ਇਕ ਬਰਾਇਲਰ ਫਾਰਮ (324 ਕਰੋੜ ਰੁਪਏ) ਅਤੇ ਇਕ ਸੂਰ ਫਾਰਮ (1.2 ਕਰੋੜ ਰੁਪਏ) ਸ਼ਾਮਲ ਹਨ। ਸ੍ਰੀ ਮੌਂਥਾ ਨੇ ਦੱਸਿਆ ਕਿ ਸੀ.ਪੀ. ਗਰੁੱਪ ਵੱਲੋਂ ਸਾਲ 2014 ਵਿੱਚ ਵਪਾਰਕ ਉਤਪਾਦਨ ਕਰਨਾ ਸ਼ੁਰੂ ਕਰ ਦਿੱਤਾ ਜਾਵੇਗਾ ਅਤੇ ਸਾਲ 2018 ਤੱਕ ਤਜਵੀਜ਼ਤ ਨਿਵੇਸ਼ ਮੁਕੰਮਲ ਕਰ ਲਿਆ ਜਾਵੇਗਾ। ਉਨ੍ਹਾਂ ਨੇ ਇਸ ਸਮਝੌਤੇ ਨੂੰ ਸਹੀਬੰਦ ਕਰਨ ਲਈ ਸੂਬਾ ਸਰਕਾਰ ਦੀ ਤਰਫ਼ੋਂ ਦਿਖਾਈ ਸਰਗਰਮੀ ਲਈ ਮੁੱਖ ਮੰਤਰੀ ਦਾ ਧੰਨਵਾਦ ਕੀਤਾ।
ਇਸ ਮੌਕੇ ਪੰਜਾਬ ਸਰਕਾਰ ਦੀ ਤਰਫ਼ੋਂ ਪਸ਼ੂ ਪਾਲਣ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਜੀ. ਵਜਰਾਲਿੰਗਮ ਅਤੇ ਸ.ਪੀ. ਗਰੁੱਪ ਦੇ ਉਤਰੀ ਭਾਰਤ ਦੇ ਮੁਖੀ ਸੀ ਤੇਪ ਤੇਪਸਤਿਤ ਨੇ ਮੁੱਖ ਮੰਤਰੀ ਦੀ ਹਾਜ਼ਰੀ ਵਿੱਚ ਕਰਾਰਨਾਮੇ ’ਤੇ ਦਸਖ਼ਤ ਕੀਤੇ ਅਤੇ ਲੋੜੀਂਦੇ ਦਸਤਾਵੇਜ਼ਾਂ ਦਾ ਆਦਾਨ-ਪ੍ਰਦਾਨ ਕੀਤਾ।
ਸ. ਬਾਦਲ ਨੇ ਵਫ਼ਦ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੀ ਸਰਕਾਰ ਵੱਲੋਂ ਕੰਪਨੀ ਨੂੰ ਸੂਬੇ ਵਿੱਚ ਆਪਣਾ ਕਾਰੋਬਾਰ ਚਲਾਉਣ ਲਈ ਪੂਰਾ ਸਹਿਯੋਗ ਦਿੱਤਾ ਜਾਵੇਗਾ। ਉਨ੍ਹਾਂ ਨੇ ਕੰਪਨੀ ਦੇ ਨੁਮਾਇੰਦਿਆਂ ਨੂੰ ਆਖਿਆ ਕਿ ਸੇਮਗ੍ਰਸਤ ਇਲਾਕਿਆਂ ਵਿੱਚ ਮੱਛੀ ਪਾਲਣ ਦੇ ਖੇਤਰ ਵਿੱਚ ਕੁਝ ਪ੍ਰਾਜੈਕਟ ਸਥਾਪਤ ਕੀਤੇ ਜਾਣ।
ਇਸ ਮੌਕੇ ਮੁੱਖ ਸਕੱਤਰ ਸ੍ਰੀ ਰਾਕੇਸ਼ ਸਿੰਘ, ਮੁੱਖ ਮਤੰਰੀ ਦੇ ਪ੍ਰਮੁੱਖ ਸਕੱਤਰ ਸ੍ਰੀ ਐਸ.ਕੇ.ਸੰਧੂ, ਪੰਜਾਬ ਨਿਵੇਸ਼ ਬਿਊਰੋ ਦੇ ਸੀ.ਈ.ਓ. ਸ੍ਰੀ ਅਨੁਰਿਧ ਤਿਵਾੜੀ ਅਤੇ ਡਾਇਰੈਕਟਰ ਪਸ਼ੂ ਪਾਲਣ ਡਾ. ਐਸ.ਐਸ. ਸੰਧਾ ਤੋਂ ਇਲਾਵਾ ਵਫ਼ਦ ਵਿੱਚ ਸ੍ਰੀ ਵਿਟੋਨ ਕਿਟੀਮੋਂਗ ਕੋਲਸੁਕ, ਸ੍ਰੀ ਪਿਚਹਟ ਸੁਬਿਨ, ਸ੍ਰੀ ਏਕਕਾਰਤ ਲੇਕਸੁਟ ਅਤੇ ਕੰਸਲਟੈਂਟ ਸ੍ਰੀ ਕੇ.ਐਸ. ਅਰੋੜਾ ਹਾਜ਼ਰ ਸਨ।