ਮੁੱਖ ਮੰਤਰੀ ਵਜੀਫਾ ਯੋਜਨਾ ਤਹਿਤ ਸਰਕਾਰੀ ਪੋਲੀਟੈਕਨਿਕ ਕਾਲਜ ਵਿਖੇ ਪੋਸਟਰ ਜਾਰੀ

ਕੋਟਕਪੂਰਾ, 11 ਅਪ੍ਰੈਲ (ਚੰਦਰ ਗਰਗ)- ਸਰਕਾਰੀ ਪੋਲੀਟੈਕਨਿਕ ਕਾਲਜ, ਕੋਟਕਪੂਰਾ ਵਿਖੇ ਪ੍ਰਿੰਸੀਪਲ ਸਤਿੰਦਰਪਾਲ ਕੌਰ ਵੱਲੋਂ ਸਮੂਹ ਸਟਾਫ ਅਤੇ ਵਿਦਿਆਰਥੀਆਂ ਦੀ ਹਾਜ਼ਰੀ ਵਿਚ ਮੁੱਖ ਮੰਤ੍ਰੀ ਵਜੀਫਾ ਯੋਜਨਾ ਦਾ ਪੋਸਟਰ ਜਾਰੀ ਕੀਤਾ ਗਿਆ। ਇਸ ਮੌਕੇ ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸਥਾਪਤ ਇਹ ਕਾਲਜ ਫਰੀਦਕੋਟ ਜ਼ਿਲੇ ਦਾ ਇਕੋ-ਇਕ ਸਰਕਾਰੀ ਪੋਲੀਟੈਕਨਿਕ ਕਾਲਜ ਹੈ ਜੋ ਹੋਣਹਾਰ ਵਿਦਿਆਰਥੀਆਂ ਨੂੰ ਕਿਫਾਇਤੀ ਅਤੇ ਮਿਆਰੀ ਸਿੱਖਿਆ ਪ੍ਰਦਾਨ ਕਰ ਰਿਹਾ ਹੈ । ਉਨ੍ਹਾਂ ਦੱਸਿਆ ਕਿ ਇਸ ਕਾਲਜ ਵਿਚ ਕੰਪਿਊਟਰ ਇੰਜੀਨੀਅਰ ਅਤੇ ਇਲੈਕਟ੍ਰੋਨਿਕਸ ਐਡ ਕਮਿਊਨੀਕੇਸ਼ਨ ਇੰਜੀਨੀਅਰਿੰਗ ਦੇ ਤਿੰਨ ਸਾਲਾ ਡਿਪਲੋਮਾ ਕੋਰਸ ਚੱਲ ਰਹੇ ਹਨ । ਇਨ੍ਹਾਂ ਕੋਰਸਾਂ ਵਿਚ ਦਾਖਲੇ ਦੀ ਯੋਗਤਾ ਦਸਵੀਂ ਹੈ । ਉਨ੍ਹਾਂ ਇਹ ਵੀ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਮਾਨਯੋਗ ਤਕਨੀਕੀ ਸਿੱਖਿਆ ਮੰਤ੍ਰੀ ਚਰਨਜੀਤ ਸਿੰਘ ਚੰਨੀ ਜੀ ਦੇ ਉਦਮ ਨਾਲ ਰਾਜ ਦੇ ਸਰਕਾਰੀ ਪੋਲੀਟੈਕਨਿਕ ਕਾਲਜ ਦੇ ਵਿਦਿਆਰਥੀਆਂ ਲਈ ਮੁੱਖ ਮੰਤ੍ਰੀ ਵਜੀਫਾ ਯੋਜਨਾ ਸ਼ੁਰੂ ਕੀਤੀ ਗਈ ਹੈ ਜੋ ਕਿ ਇਸ ਕਾਲਜ ਵਿਖੇ ਵੀ ਪੂਰੀ ਤਰ੍ਹਾਂ ਲਾਗੂ ਹੈ । ਇਸ ਸਕੀਮ ਅਧੀਨ ਕਿਸੇ ਵੀ ਕੈਟਾਗਿਰੀ/ਵਰਗ ਜਿਵੇਂ ਕਿ ਜਨਰਲ, ਬੀ.ਸੀ, ਐਸ.ਸੀ, ਦੇ ਸਬੰਧਤ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਦਸਵੀਂ ਵਿਚੋਂ ਪ੍ਰਾਪਤ ਨੰਬਰਾਂ ਦੇ ਅਧਾਰ ਤੇ ਫੀਸ ਮੁਆਫ ਕੀਤੀ ਜਾਂਦੀ ਹੈ, ਸਕੀਮ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਜਿਨ੍ਹਾਂ ਵਿਦਿਆਰਥੀਆਂ ਦੇ ਦਸਵੀਂ ਵਿਚੋਂ 90% ਤੋਂ ਉਪਰ ਨੰਬਰ ਹਨ ਉਨ੍ਹਾਂ ਦੀ ਪੂਰੀ ਟਿਊਸ਼ਨ ਫੀਸ ਮੁਆਫ ਹੈ । ਇਸਤੋਂ ਇਲਾਵਾ 80 ਤੋਂ 90% ਵਾਲੇ ਵਿਦਿਆਰਥੀਆਂ ਦੀ 90%, 70% ਤੋਂ 80% ਵਾਲੇ ਵਿਦਿਆਰਥੀਆਂ ਦੀ 80% ਅਤੇ 60 ਤੋਂ 70% ਵਾਲੇ ਵਿਦਿਆਰਥੀਆਂ ਦੀ 70% ਟਿਊਸ਼ਨ ਫੀਸ ਮੁਆਫ ਹੋਵੇਗੀ ਅਤੇ ਇਹ ਫੀਸ ਮੁਆਫੀ ਤਿੰਨ ਸਾਲਾਂ ਦੌਰਾਨ ਜਾਰੀ ਰਹੇਗੀ । ਉਨ੍ਹਾਂ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਕਾਲਜ ਵਿਖੇ ਦਾਖਲਾ ਲੈ ਕੇ ਸਸਤੀ ਅਤੇ ਮਿਆਰੀ ਸਿੱਖਿਆ ਪ੍ਰਾਪਤ ਕਰਨ। ਇਸ ਮੌਕੇ ਕਾਲਜ ਦੇ ਮੁਖੀ ਵਿਭਾਗ ਮਨਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਕਾਲਜ ਵਿਖੇ ਉਪਰੋਕਤ ਸਕੀਮ ਤੋਂ ਇਲਾਵਾ ਪੰਜਾਬ ਅਤੇ ਭਾਰਤ ਸਰਕਾਰ ਦੀਆਂ ਬਾਕੀ ਫੀਸ ਮੁਆਫੀ ਸਕੀਮਾਂ ਵੀ ਪੂਰੀ ਤਰ੍ਹਾਂ ਲਾਗੂ ਹਨ । ਜਿਸ ਤਰ੍ਹਾਂ ਐਸ.ਸੀ, ਵਿਦਿਆਰਥੀ ਜਿਨ੍ਹਾਂ ਦੇ ਮਾਪਿਆਂ ਦੀ ਸਲਾਨਾ ਆਮਦਨ 2.50 ਲੱਖ ਤੋਂ ਘੱਟ ਹੈ ਦੀ ਪੋਸਟ ਮੈਟ੍ਰਿਕ ਸਕੀਮ ਅਧੀਨ ਪੂਰੀ ਫੀਸ ਮੁਆਫ ਹੈ । ਘੱਟ ਗਿਣਤੀ ਦੇ ਵਿਦਿਆਰਥੀਆਂ ਨੂੰ ਭਾਰਤ ਸਰਕਾਰ ਦੀ ਘੱਟ ਗਿਣਤੀ ਵਜੀਫਾ ਯੋਜਨਾ ਅਧੀਨ ਵੀ ਵਜੀਫੇ ਦਾ ਲਾਭ ਦਿੱਤਾ ਜਾਂਦਾ ਹੈ । ਇਸਤੋਂ ਇਲਾਵਾ ਕਾਲਜ ਵੱਲੋਂ ਪਹਿਲੀਆਂ ਪੁਜੀਸ਼ਨਾਂ ਤੇ ਆਉਣ ਵਾਲੇ ਵਿਦਿਆਰਥੀਆਂ ਦੀ ਸਰਕਾਰ ਦੇ ਨਿਯਮਾਂ ਮੁਤਾਬਕ ਫੀਸ ਮੁਆਫ ਕੀਤੀ ਜਾਂਦੀ ਹੈ । ਉਨ੍ਹਾਂ ਇਹ ਵੀ ਦੱਸਿਆ ਕਿ ਕਾਲਜ ਵੱਲੋਂ ਪੜ੍ਹਾਈ ਦੇ ਨਾਲ-ਨਾਲ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਵੱਲ ਵੀ ਧਿਆਨ ਦਿੱਤਾ ਜਾਂਦਾ ਹੈ । ਇਸ ਮੌਕੇ ਸੀਨੀਅਰ ਲੈਕਚਰਾਰ ਮਨਮੋਹਨ ਕ੍ਰਿਸ਼ਨ, ਲੈਕਚਰਾਰ ਅਨੁਪਮਾ, ਦਫਤਰੀ ਇੰਚਾਰਜ ਵੀਰਪਾਲ ਕੌਰ, ਲੈਬ ਸਹਾਇਕ ਲਖਵੰਤ ਸਿੰਘ ਤੋਂ ਇਲਾਵਾ ਸਮੂਹ ਸਟਾਫ ਮੈਂਬਰ ਤੇ ਵਿਦਿਆਰਥੀ ਹਾਜ਼ਰ ਸਨ ।

Send this to a friend