ਬਠਿੰਡਾ, 11 ਅਪ੍ਰੈਲ (ਇੰਦਰਜੀਤ ਨਥਾਣਾ)- ਸਰਕਾਰੀ ਸਕੂਲ ਸਿੱਖਿਆ ਬਚਾਓ ਮੰਚ ਜ਼ਿਲਾ ਬਠਿੰਡਾ ਦੇ ਅਧਿਆਪਕ ਆਗੂਆਂ ਨੇ ਜ਼ਿਲਾ ਸਿੱਖਿਆ ਅਫ਼ਸਰ ਬਠਿੰਡਾ ਬਲਜੀਤ ਕੁਮਾਰ ਨੂੰ ਪੜ੍ਹ੍ਰੋ ਪੰਜਾਬ ਪੜ੍ਹਾਓ ਪੰਜਾਬ ਪ੍ਰੋਜੈਕਟ ਦੇ ਬਾਈਕਾਟ ਕਰਨ ਸਬੰਧੀ ਮੰਗ ਪੱਤਰ ਦਿੱਤਾ। ਸਵਰਨਜੀਤ ਸਿੰਘ ਭਗਤਾ, ਸ਼ੁਖਦਰਸ਼ਨ ਸਿੰਘ, ਜਗਵਿੰਦਰ ਸਿੰਘ ਬਰਾੜ, ਰਾਜਵਿੰਦਰ ਸਿੰਘ, ਹਰਪਾਲ ਸਿੰਘ, ਗੁਰਵਿੰਦਰ ਸਿੰਘ, ਸ਼ੁਰੇਸ਼ ਕੁਮਾਰ ਆਦਿ ਨੇ ਦੱਸਿਆ ਕਿ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਪ੍ਰੋਜੈਕਟ ਅਤੇ ਹਰ ਤਰ੍ਹਾਂ ਦੇ ਗੈਰ ਵਿਦਿਅਕ ਕੰਮਾਂ ਦਾ ਮੰਚ ਵੱਲੋ ਬਾਈਕਾਟ ਕੀਤਾ ਗਿਆ ਹੈ ਜਿਸ ਸਬੰਧੀ ਜ਼ਿਲਾ ਸਿੱਖਿਆ ਅਫ਼ਸਰ ਬਲਜੀਤ ਕੁਮਾਰ ਨੂੰ ਮੰਗ ਪੱਤਰ ਦੇ ਕੇ ਦੱਸਿਆ ਗਿਆ ਹੈ ਕਿ ਕੋਈ ਵੀ ਪ੍ਰੋਜੈਕਟ ਨਾਲ ਸਬੰਧਿਤ ਸੀਐਮ ਟੀ, ਬੀਐਮ ਟੀ ਸਕੂਲਾਂ ਵਿਚ ਆਪਣੀ ਵਿਜ਼ਟ ਪਾਕੇ ਅਧਿਆਪਕਾਂ ਵਿਚ ਹੋਰ ਰੋਸ ਨਾ ਪੈਦਾ ਕਰੇ। ਉਨ੍ਹਾਂ ਦੱਸਿਆ ਕਿ ਬਲਜੀਤ ਕੁਮਾਰ ਜ਼ਿਲਾ ਸਿੱਖਿਆ ਅਫ਼ਸਰ ਨਾਲ ਗੱਲਬਾਤ ਕਰਦਿਆਂ ਕੁਲਦੀਪ ਸਿੰਘ ਬਲਾਕ ਤਲਵੰਡੀ ਦੇ ਮਾਮਲੇ ਨੂੰ ਵੀ ਵਿਸ਼ੇਸ਼ ਤੌਰ ਵਿਚਾਰਿਆ ਗਿਆ ਤਾਂ ਕਿ ਅਧਿਆਪਕ ਵਰਗ ਵਿਚ ਪਾਈ ਜਾ ਰਹੀ ਫੁੱਟ ਨੂੰ ਨਾਕੇਲ ਪਾਈ ਜਾਵੇ। ਉਨ੍ਹਾਂ ਦੱਸਿਆ ਕਿ ਉਹ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਪ੍ਰੋਜੈਕਟ ਵਿਚ ਕੰਮ ਕਰਦੇ ਅਧਿਆਪਕਾਂ ਨੂੰ ਵੀ ਪ੍ਰੇਰਿਤ ਕਰ ਰਹੇ ਹਨ ਕਿ ਉਹ ਅਧਿਅਪਕਾਂ ਦਾ ਸਾਥ ਦੇਣ, ਜਿਸ ਨਾਲ ਕੱਚੇ ਮੁਲਜ਼ਮਾਂ ਨੂੰ ਪੂਰੇ ਸਕੇਲ ਤੇ ਪੱਕੇ ਕਰਵਾ ਸਕਣ ਅਤੇ ਸਰਕਾਰ ਦੀਆਂ ਸਿੱਖਿਆ ਮਾਰੂ ਨੀਤੀਆਂ ਨੂੰ ਠੱਲ ਪਾਈ ਜਾ ਸਕੇ। ਅਧਿਆਪਕਾਂ ਦੀ ਸੱਤ ਸਾਲਾਂ ਬਦਲੀ ਕਰਨ ਸਬੰਧੀ ਸਰਕਾਰ ਦੇ ਰੁੱਖ ਦਾ ਵੀ ਉਨ੍ਹਾਂ ਸਖ਼ਤ ਨੋਟਿਸ ਲਿਆ ਹੈ। ਇਸ ਮੌਕੇ ਨਰਪਿੰਦਰ ਸਿੰਘ, ਸਤਵਿੰਦਰ ਸਿੰਘ, ਹਰਵਿੰਦਰ ਸਿੰਘ, ਪ੍ਰਤਾਪ ਸਿੰਘ ਆਦਿ ਨੇ ਕਿਹਾ ਕਿ 22 ਤਾਰੀਖ ਦਿਨ ਐਤਵਾਰ ਨੂੰ ਪਟਿਆਲਾ ਵਿਖੇ ਵੱਧ ਤੋ ਵੱਧ ਇਕੱਠ ਕਰਕੇ ਮੋਤੀ ਮਹਿਲ ਨੂੰ ਘੇਰਨ ਦੀਆਂ ਤਿਆਰੀਆਂ ਜ਼ੋਰਾਂ ਤੇ ਚੱਲ ਰਹੀਆਂ ਹਨ।