ਪਟਿਆਲਾ ’ਚ ਪੀਣ ਵਾਲੇ ਪਾਣੀ ਦੇ ਨਵੇਂ ਟਿਊਬਵੈਲ ਲਾਉਣ ਲਈ ਇੱਕ ਕਰੋੜ ਰੁਪਏ ਹੋਰ ਦੇਣ ਦਾ ਐਲਾਨ
ਪਟਿਆਲਾ, 10 ਅਪਰੈਲ- ਪਟਿਆਲਾ, 10 ਅਪ੍ਰੈਲ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਕਿਹਾ ਕਿ 2019 ਦੀਆਂ ਲੋਕ ਸਭਾ ਚੋਣਾਂ ਲਈ ਪੰਜਾਬ ਵਿੱਚ ਕਿਸੇ ਵੀ ਤਰ੍ਹਾਂ ਦੇ ਗੱਠਜੋੜ ਬਾਰੇ ਫ਼ੈਸਲਾ ਕਾਂਗਰਸ ਹਾਈ ਕਮਾਂਡ ਵੱਲੋਂ ਢੁਕਵੇਂ ਸਮੇਂ ਉਤੇ ਕੀਤਾ ਜਾਵੇਗਾ।
ਉਤਰ ਪ੍ਰਦੇਸ਼ ਵਿੱਚ ਸਮਾਜਵਾਦੀ ਪਾਰਟੀ ਵੱਲੋਂ ਬਸਪਾ ਅਤੇ ਕਾਂਗਰਸ ਨਾਲ ਕੀਤੇ ਗੱਠਜੋੜ ਦੀ ਤਰਜ਼ ਉਤੇ ਪੰਜਾਬ ਵਿੱਚ ਚੋਣ ਗੱਠਜੋੜ ਦੀ ਸੰਭਾਵਨਾ ਬਾਰੇ ਮੀਡੀਆ ਦੇ ਸਵਾਲ ਉਤੇ ਉਨ੍ਹਾਂ ਨੇ ਇਹ ਜਵਾਬ ਦਿੱਤਾ।
ਪਟਿਆਲਾ ਵਿੱਚ ਉਦਮ ਤੇ ਕਾਢ ਕਨਵੈਨਸ਼ਨ ਦੌਰਾਨ ਵੱਖਰੇ ਤੌਰ ’ਤੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਇਸ ਸਬੰਧੀ ਕੋਈ ਵੀ ਫ਼ੈਸਲਾ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਵੱਲੋਂ ਲਿਆ ਜਾਵੇਗਾ। ਇਕ ਹੋਰ ਸਵਾਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਸੰਕੇਤ ਦਿੱਤਾ ਕਿ ਵਜ਼ਾਰਤ ਵਿੱਚ ਵਾਧੇ, ਜਿਸ ਦੇ ਜਲਦੀ ਹੋਣ ਦੀ ਉਮੀਦ ਹੈ, ਵਿੱਚ ਨਵਾਂ ਖੇਡ ਮੰਤਰੀ ਬਣਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਨਵੀਂ ਖੇਡ ਨੀਤੀ ਤਿਆਰ ਕੀਤੀ ਜਾਵੇਗੀ। ਕੈਪਟਨ ਅਮਰਿੰਦਰ ਸਿੰਘ ਨੇ ਗੋਲਡ ਕੋਸਟ ਵਿੱਚ ਚੱਲ ਰਹੀਆਂ ਰਾਸ਼ਟਰਮੰਡਲ ਖੇਡਾਂ ਵਿੱਚ ਸੋਨੇ ਦਾ ਤਗ਼ਮਾ ਜਿੱਤਣ ਲਈ ਨਿਸ਼ਾਨੇਬਾਜ਼ ਹਿਨਾ ਸਿੱਧੂ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਸ ਨੇ ਹਰੇਕ ਪੰਜਾਬੀ ਦਾ ਮਾਣ ਵਧਾਇਆ ਹੈ। ਉਨ੍ਹਾਂ ਨੇ ਇਸ ਖਿਡਾਰਨ ਦੇ ਖੇਡ ਕਰੀਅਰ ਲਈ ਸਰਕਾਰ ਵੱਲੋਂ ਹਰ ਸੰਭਵ ਸਮਰਥਨ ਦਾ ਭਰੋਸਾ ਦਿੱਤਾ।
ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਪਟਿਆਲਾ ਸ਼ਹਿਰ ਵਾਸੀਆਂ ਨੂੰ ਪੀਣ ਵਾਲਾ ਸਾਫ਼ ਪਾਣੀ ਮੁਹੱਈਆ ਕਰਵਾਉਣ ਲਈ ਹੋਰ ਨਵੇਂ ਟਿਊਬਵੈਲ ਲਗਾਉਣ ਲਈ ਇੱਕ ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ, ਅੱਜ ਇਥੇ ਪਟਿਆਲਾ ਸ਼ਹਿਰ ਦੇ ਵਿਕਾਸ ਕਾਰਜਾਂ ਦਾ ਮੁ¦ਕਣ ਕਰਨ ਲਈ ਨਗਰ ਨਿਗਮ ਦੇ ਮੇਅਰ, ਸੀਨੀਅਰ ਡਿਪਟੀ ਮੇਅਰ, ਡਿਪਟੀ ਮੇਅਰ ਅਤੇ ਕੌਂਸਲਰਾਂ ਨਾਲ ਇੱਕ ਵਿਸ਼ੇਸ਼ ਮੀਟਿੰਗ ਕਰਨ ਪੁੱਜੇ ਹੋਏ ਸਨ। ਦੱਸਣਯੋਗ ਹੈ ਕਿ ਮੁੱਖ ਮੰਤਰੀ ਇਸ ਤੋਂ ਪਹਿਲਾਂ ਵੀ ਪਟਿਆਲਾ ਨਗਰ ਨਿਗਮ ਨੂੰ ਪੀਣ ਵਾਲੇ ਪਾਣੀ ਅਤੇ ਹੋਰ ਵਿਕਾਸ ਕਾਰਜ ਕਰਨ ਲਈ 32 ਕਰੋੜ ਰੁਪਏ ਜਾਰੀ ਕਰ ਚੁੱਕੇ ਹਨ।
ਇਸ ਮੀਟਿਗ ਮੌਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੱਸਿਆ ਕਿ ਪਟਿਆਲਾ ਸ਼ਹਿਰ ਦੇ ਵਸਨੀਕਾਂ ਨੂੰ ਪੀਣ ਵਾਲਾ ਸਾਫ਼ ਪਾਣੀ ਮੁਹੱਈਆ ਕਰਵਾਉਣ ਲਈ ਪੰਜਾਬ ਸਰਕਾਰ 782 ਕਰੋੜ ਰੁਪਏ ਦੀ ਲਾਗਤ ਵਾਲਾ ਨਹਿਰੀ ਪਾਣੀ ਦਾ ਪ੍ਰਾਜੈਕਟ ਪਹਿਲਾਂ ਹੀ ਉਲੀਕ ਚੁੱਕੀ ਹੈ। ਮੀਟਿੰਗ ’ਚ ਪੁੱਜੇ ਸਿਹਤ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਨੇ ਕਿਹਾ ਕਿ ਹੁਣ ਪਟਿਆਲਾ ਦੇ ਹਾਲਾਤ ਬਦਲ ਰਹੇ ਹਨ ਤੇ ਸ਼ਹਿਰ ਵਾਸੀ ਵਿਕਾਸ ਕਾਰਜਾਂ ਤੋਂ ਸੰਤੁਸ਼ਟ ਹਨ। ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਅਤੇ ਕਮਿਸ਼ਨਰ ਨਗਰ ਨਿਗਮ ਸ. ਗੁਰਪ੍ਰੀਤ ਸਿੰਘ ਖਹਿਰਾ ਨੇ ਸ਼ਹਿਰ ਦੇ ਵਿਕਾਸ ਕਾਰਜਾਂ ਬਾਰੇ ਰਿਪੋਰਟ ਪੇਸ਼ ਕੀਤੀ। ਇਸ ਦੌਰਾਨ ਮੇਅਰ ਸ੍ਰੀ ਸੰਜੀਵ ਸ਼ਰਮਾ ਬਿੱਟੂ, ਸੀਨੀਅਰ ਡਿਪਟੀ ਮੇਅਰ ਸ. ਯੋਗਿੰਦਰ ਸਿੰਘ ਯੋਗੀ, ਡਿਪਟੀ ਮੇਅਰ ਸ੍ਰੀਮਤੀ ਵਿਨਤੀ ਸੰਗਰ ਅਤੇ ਕਮਿਸ਼ਨਰ ਸ. ਗੁਰਪ੍ਰੀਤ ਸਿੰਘ ਖਹਿਰਾ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਿਹਤ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਦਾ ਸਨਮਾਨ ਵੀ ਕੀਤਾ ਗਿਆ। ਮੀਟਿੰਗ ’ਚ ਨਗਰ ਨਿਗਮ ਦੇ ਕੌਂਸਲਰਾਂ ਸਮੇਤ ਵਿਧਾਇਕ ਰਾਜਪੁਰਾ ਸ੍ਰੀ ਹਰਦਿਆਲ ਸਿੰਘ ਕੰਬੋਜ, ਵਿਧਾਇਕ ਘਨੌਰ ਸ੍ਰੀ ਮਦਨ ਲਾਲ ਜਲਾਲਪੁਰ, ਪੀ.ਆਰ.ਟੀ.ਸੀ. ਦੇ ਚੇਅਰਮੈਨ ਸ੍ਰੀ ਕੇ.ਕੇ. ਸ਼ਰਮਾ, ਸ਼ਹਿਰੀ ਕਾਂਗਰਸ ਪ੍ਰਧਾਨ ਸ੍ਰੀ ਪੀ.ਕੇ. ਪੁਰੀ, ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਸ੍ਰੀ ਤੇਜਵੀਰ ਸਿੰਘ, ਮੁੱਖ ਮੰਤਰੀ ਦੇ ਓ.ਐਸ.ਡੀ. ਸ. ਅੰਮ੍ਰਿਤਪ੍ਰਤਾਪ ਸਿੰਘ ਹਨੀ ਸੇਖੋਂ ਤੇ ਸ੍ਰੀ ਰਜੇਸ਼ ਸ਼ਰਮਾ, ਸਥਾਨਕ ਸਰਕਾਰਾਂ ਵਿਭਾਗ ਦੇ ਸਕੱਤਰ ਸ੍ਰੀ ਏ.ਵੇਣੂ ਪ੍ਰਸ਼ਾਦ, ਪਟਿਆਲਾ ਡਵੀਜਨ ਦੇ ਕਮਿਸ਼ਨਰ ਸ੍ਰੀ ਵੀ.ਕੇ. ਮੀਣਾ, ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ, ਕਮਿਸ਼ਨਰ ਸ. ਗੁਰਪ੍ਰੀਤ ਸਿੰਘ ਖਹਿਰਾ, ਆਈ.ਜੀ. ਸ੍ਰੀ. ਏ.ਐਸ. ਰਾਏ, ਐਸ.ਐਸ.ਪੀ. ਡਾ. ਐਸ. ਭੂਪਤੀ, ਜੁਆਇੰਟ ਕਮਿਸ਼ਨਰ ਸ੍ਰੀ ਅੰਕੁਰ ਮਹਿੰਦਰੂ ਸਮੇਤ ਵੱਡੀ ਗਿਣਤੀ ’ਚ ਕਾਂਗਰਸ ਪਾਰਟੀ ਦੇ ਆਗੂ ਵੀ ਹਾਜਰ ਸਨ।