ਚੋਰ ਨਕਦੀ ਦੇ ਨਾਲ ਸੋਨੇ ਦੀਆਂ ਵਾਲੀਆਂ ਅਤੇ ਮੁੰਦਰੀ ਵੀ ਚੋਰੀ ਕਰਕੇ ਲੈ ਗਏ
ਸ਼ਾਹਕੋਟ, 9 ਅਪ੍ਰੈਲ (ਸੁਰਿੰਦਰ ਸਿੰਘ ਖਾਲਸਾ)- ਮਾਡਲ ਥਾਣਾ ਸ਼ਾਹਕੋਟ ਦੀ ਪੁਲੀਸ ਵੱਲੋ ਹਰ ਰੋਜ਼ ਕਈ ਨਸ਼ਾ ਤਸਕਰਾਂ ਨੂੰ ਫੜ ਕੇ ਜੇਲਾ ‘ਚ ਪਹੁੰਚਾਇਆ ਜਾ ਰਿਹਾ ਹੈ ਪਰ ਚੋਰਾਂ ਉੱਪਰ ਅਜੇ ਤੱਕ ਪੁਲੀਸ ਕੋਲੋ ਸਿਕੰਜ਼ਾ ਨਹੀ ਕੱਸਿਆ ਜਾ ਰਿਹਾ । ਸ਼ਾਹਕੋਟ ਦੇ ਵਾਰਡ ਨੰ:12 ਮਾਡਲ ਟਾਊਨ ਵਿਖੇ ਚੋਰਾਂ ਨੇ ਦਿਨ-ਦਿਹਾੜੇ ਇੱਕ ਘਰ ਨੂੰ ਨਿਸ਼ਾਨਾਂ ਬਣਾਕੇ ਨਕਦੀ ਅਤੇ ਸੋਨੇ ਦੇ ਗਹਿਣੇ ਚੋਰੀ ਕਰ ਲਏ। ਇਸ ਸਬੰਧੀ ਜਾਣਕਾਰੀ ਦਿੰਦਿਆ ਨਿਰਮਲ ਕੌਰ ਪਤਨੀ ਉੂਧਮ ਸਿੰਘ ਵਾਸੀ ਮਾਡਲ ਟਾਊਨ ਸ਼ਾਹਕੋਟ ਨੇ ਦੱਸਿਆ ਕਿ ਉਹ ਅੱਜ ਸਵੇਰੇ ਘਰ ਨੂੰ ਤਾਲੇ ਲਗਾਕੇ ਕਿਸੇ ਕੰਮ ਦੀ ਜਲੰਧਰ ਗਏ ਸਨ, ਜਦ ਉਹ ਦੁਪਹਿਰ ਕਰੀਬ 1:15 ਵਜੇ ਘਰ ਪਹੁੰਚੇ ਤਾਂ ਘਰ ਦੇ ਅੰਦਰ ਲੋਬੀ ਦਾ ਦਰਵਾਜ਼ਾਂ ਟੁੱਟਾ ਹੋਇਆ ਸੀ, ਜਦ ਉਨਾਂ ਘਰ ਦੇ ਅੰਦਰ ਵੜ੍ਹ ਕੇ ਦੇਖਿਆ ਤਾਂ ਘਰ ਅੰਦਰ ਕਮਰਿਆਂ ਅਤੇ ਸਟੋਰ ਵਿੱਚ ਸਾਰਾ ਸਮਾਨ ਖਿਲਰਿਆ ਪਿਆ ਸੀ। ਉਨਾਂ ਦੱਸਿਆ ਕਿ ਚੋਰ ਘਰ ਦੀ ਕੰਧ ਟੱਪ ਕੇ ਘਰ ਅੰਦਰ ਦਾਖਲ ਹੋਏ ਅਤੇ ਲੋਬੀ ਦਾ ਦਰਵਾਜ਼ਾਂ ਤੋੜ ਕੇ ਉਨਾਂ ਕਮਰਿਆਂ ਵਿੱਚ ਪਈਆਂ ਪੇਟੀਆਂ ਅਤੇ ਅਲਮਾਰੀ ਦੀ ਵੀ ਫਰੌਲਾ-ਫਰਾਲੀ ਕੀਤੀ। ਉਨਾਂ ਦੱਸਿਆ ਕਿ ਚੋਰ ਘਰ ਵਿੱਚੋਂ 9 ਹਜ਼ਾਰ ਰੁਪਏ ਦੀ ਨਕਦੀ, ਸੋਨੇ ਦੀਆਂ ਵਾਲੀਆਂ ਅਤੇ ਮੁੰਦਰੀ ਚੋਰੀ ਕਰਕੇ ਲੈ ਗਏ। ਇਸ ਸਬੰਧੀ ਜਦ ਪਰਿਵਾਰ ਮੈਂਬਰਾਂ ਨੇ ਪੁਲਿਸ ਨੂੰ ਸੂਚਿਤ ਕੀਤਾ ਤਾਂ ਪੀ.ਸੀ.ਆਰ. ਟੀਮ ਦੇ ਇੰਚਾਰਜ਼ ਹੋਲਦਾਰ ਗੁਰਮੀਤ ਸਿੰਘ ਅਤੇ ਸੋਹਣ ਮਸੀਹ ਮੌਕੇ ’ਤੇ ਪਹੁੰਚੇ, ਜਿਨਾਂ ਜਾਂਚ ਕਰਨ ਉਪਰੰਤ ਕਾਰਵਾਈ ਸ਼ੁਰੂ ਕਰ ਦਿੱਤੀ। ਹੋਲਦਾਰ ਗੁਰਮੀਤ ਸਿੰਘ ਨੇ ਦੱਸਿਆ ਕਿ ਚੋਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਜਲਦੀ ਹੀ ਚੋਰਾਂ ਨੂੰ ਕਾਬੂ ਕਰ ਲਿਆ ਜਾਵੇਗਾ।