ਫੋਟੋ ਪੱਤਰਕਾਰੀ ਇਕ ਕਲਾ ਵੀ ਹੁੰਦੀ ਹੈ

ਪੱਤਰਕਾਰ ਅਤੇ ਫੋਟੋ ਪੱਤਰਕਾਰ ਵਿੱਚ ਬੁਨਿਆਦੀ ਅੰਤਰ ਸਿਰਫ ਏਨਾ ਹੀ ਹੈ ਕਿ ਪੱਤਰਕਾਰ ਆਪਣੀ ਕਲਮ ਨਾਲ ਜੋ ਕੰਮ ਕਿਸੇ ਅਖ਼ਬਾਰ ਜਾਂ ਰਸਾਲੇ ਲਈ ਕਰਦਾ ਹੈ, ਉਹ ਕੰਮ ਫੋਟੋ ਪੱਤਰਕਾਰ ਆਪਣੇ ਕੈਮਰੇ ਨਾਲ ਕਰਦਾ ਹੈ। ਇਕ ਗੱਲ ਸਪੱਸ਼ਟ ਅਤੇ ਸੱਚ ਹੈ ਕਿ ਪੱਤਰਕਾਰ ਹੋਵੇ ਜਾਂ ਫੋਟੋ ਪੱਤਰਕਾਰ ਦੋਵੇਂ ਪੱਤਰਕਾਰ ਹੋਣ ਦੇ ਨਾਲ-ਨਾਲ ਥੋੜ੍ਹੇ ਸਿਰਜਨਾਤਮਕ ਵੀ ਹੁੰਦੇ ਹਨ ਅਤੇ ਕਲਾਕਾਰ ਵੀ। ਫੋਟੋ ਪੱਤਰਕਾਰ ਨੂੰ ਆਪਣੀ ਕਲਾ ਨੂੰ ਨਿਖਾਰਨ ਅਤੇ ਪੇਸ਼ ਕਰਨ ਦੇ ਜ਼ਿਆਦਾ ਮੌਕੇ ਮਿਲਦੇ ਹਨ। ਫੋਟੋ ਪੱਤਰਕਾਰੀ ਦੇ ਪੇਸ਼ੇ ਵਿੱਚ ਸਚਾਈ, ਇਮਾਨਦਾਰੀ, ਦ੍ਰਿੜ ਨਿਸ਼ਚੇ, ਮਿਹਨਤ ਅਤੇ ਲਗਨ ਆਦਿ ਦੇ ਗੁਣਾਂ ਦੀ ਜ਼ਰੂਰਤ ਹੁੰਦੀ ਹੈ। ਅੱਜ ਦੀ ਪੱਤਰਕਾਰੀ ਵਿੱਚ ਬਹੁਤ ਸਾਰੇ ਅਖਬਾਰਾਂ ਅਤੇ ਪੱਤਰਕਾਰਾਂ ਦੀ ਵਿਸ਼ਵਾਸਯੋਗਤਾ ਨੂੰ ਖੌਰਾ ਲੱਗ ਚੁੱਕਾ ਹੈ। ਕਈ ਅਖ਼ਬਾਰ ਅਜਿਹੇ ਹਨ ਜਿਨ੍ਹਾਂ ਦੀਆਂ ਖ਼ਬਰਾਂ ਉ¤ਤੇ ਪਾਠਕ ਭਰੋਸਾ ਨਹੀਂ ਕਰਦੇ ਅਤੇ ਅਜਿਹੇ ਅਖਬਾਰਾਂ ਲਈ ਫੋਟੋ ਪੱਤਰਕਾਰਾਂ ਦੀਆਂ ਫੋਟੋਆਂ ਬਹੁਤ ਮਦਦਗਾਰ ਸਾਬਤ ਹੁੰਦੀਆਂ ਹਨ। ਲੋਕ ਅਖ਼ਬਾਰਾਂ ਵਿੱਚ ਛਪੀਆਂ ਫੋਟੋਆਂ ਕਾਰਨ ਖਬਰਾਂ ਉ¤ਤੇ ਵਿਸ਼ਵਾਸ ਕਰ ਲੈਂਦੇ ਹਨ। ਇਉਂ ਫੋਟੋ ਪੱਤਰਕਾਰੀ ਪੱਤਰਕਾਰਾਂ ਅਤੇ ਅਖ਼ਬਾਰਾਂ ਦੀ ਵਿਸ਼ਵਾਸਯੋਗਤਾ ਵਧਾਉਣ ਦਾ ਅਹਿਮ ਸਾਧਨ ਹੁੰਦੀ ਹੈ। ਉਂਜ ਵੀ ਸਾਡੇ ਦੇਸ਼ ਵਿੱਚ ਵੱਡੀ ਗਿਣਤੀ ਵਿੱਚ ਪਾਠਕ ਅਖ਼ਬਾਰ ਵਿੱਚ ਫੋਟੋਆਂ ਨੂੰ ਬਹੁਤ ਮਹੱਤਵ ਦਿੰਦੇ ਹਨ। ਰੰਗੀਨ ਅਤੇ ਚੰਗੀਆਂ ਤਸਵੀਰਾਂ ਪ੍ਰਕਾਸ਼ਿਤ ਕਰਨ ਵਾਲੇ ਸਮਾਚਾਰ ਪੱਤਰਾਂ ਦੀ ਵਿਕਰੀ ਬਾਕੀ ਅਖ਼ਬਾਰਾਂ ਨਾਲੋਂ ਵੱਧ ਹੁੰਦੀ ਹੈ।
ਫੋਟੋਗਰਾਫੀ ਨੇ ਪੱਤਰਕਾਰੀ ਨੂੰ ਸੱਚ ਉਜਾਗਰ ਕਰਨ ਦਾ ਸਾਧਾਨ ਦਿੱਤਾ ਜਿਸ ਨੇ ਪੱਤਰਕਾਰੀ ਦਾ ਵਿਸ਼ਵਾਸ ਪਾਠਕਾਂ ਦੇ ਮਨਾਂ ਵਿੱਚ ਪੱਕਾ ਕਰਨ ਲਈ ਰਾਹ ਪੱਧਰਾ ਕੀਤਾ। ਫੋਟੋ ਪੱਤਰਕਾਰੀ ਅੱਜ ਸੰਚਾਰ ਦਾ ਅਜਿਹਾ ਮਾਧਿਅਮ ਬਣ ਗਈ ਹੈ ਜੋ ਭੂਗੋਲਿਕ ਹੱਦਾਂ ਪਾਰ ਕਰਕੇ ਸਮਾਜ ਦੇ ਸਾਰੇ ਵਰਗਾਂ ਤੱਕ ਪਹੁੰਚ ਗਈ ਹੈ। ਇਸ ਦੀ ਹਰਮਨ ਪਿਆਰਤਾ ਦਾ ਇਕ ਹੋਰ ਕਾਰਨ ਇਸ ਦੀ ਭਾਸ਼ਾਵਾਂ ਅਤੇ ਸਾਖਰਤਾ ਦੀਆਂ ਸੀਮਾਵਾਂ ਤੋਂ ਉ¤ਪਰ ਹੋਣਾ ਵੀ ਹੈ। ਖ਼ਬਰਾਂ ਅਤੇ ਆਰਟੀਕਲਾਂ ਦੇ ਨਾਲ ਫੋਟੋਆਂ ਪ੍ਰਕਾਸ਼ਿਤ ਕਰਨ ਦਾ ਮੁੱਖ ਮੰਤਵ ਪਾਠਕਾਂ ਨੂੰ ਸੂਚਨਾ ਦੇਣਾ, ਪਾਠਕਾਂ ਦਾ ਮਾਰਗ-ਦਰਸ਼ਨ ਅਤੇ ਮੰਨੋਰੰਜਨ ਕਰਨ ਤੋਂ ਇਲਾਵਾ ਅਖ਼ਬਾਰਾਂ ਨੂੰ ਆਕ੍ਰਸ਼ਿਕ ਅਤੇ ਦਿਲ ਖਿਚਵੇਂ ਬਣਾਉਣਾ ਹੁੰਦਾ ਹੈ। ਫੋਟੋ ਪੱਤਰਕਾਰੀ ਨੇ ਪੱਤਰਕਾਰੀ ਦੇ ਖੇਤਰ ਵਿੱਚ ਇਕ ਅਜਿਹੀ ਕ੍ਰਾਂਤੀ ਲਿਆ ਦਿੱਤੀ ਹੈ, ਜਿਸ ਵਿੱਚ ਅਖ਼ਬਾਰ ਖ਼ਬਰਾਂ ਅਤੇ ਲੇਖਾਂ ਨੂੰ ਨਾ ਕੇਵਲ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕਰਨ ਲੱਗੇ ਹਨ ਸਗੋਂ ਘੱਟ ਪੜ੍ਹੇ ਲਿਖੇ ਲੋਕਾਂ ਨੂੰ ਵੀ ਅਖ਼ਬਾਰਾਂ ਦੇ ਪਾਠਕ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਪੱਤਰਕਾਰੀ ਵਿੱਚ ਤਸਵੀਰਾਂ ਦੀ ਮਹੱਤਤਾ ਨੂੰ ਪ੍ਰਗਟ ਕਰਦੇ ਹੋਏ ਇਹ ਕਿਹਾ ਗਿਆ ਹੈ ਕਿ ਇਕ ਫੋਟੋ ਹਜ਼ਾਰਾਂ ਸ਼ਬਦਾਂ ਦੇ ਬਰਾਬਰ ਹੁੰਦੀ ਹੈ। ਉਂਜ ਤਾਂ ਫੋਟੋਗ੍ਰਾਫੀ ਵਿੱਚ ਤਕਨੀਕੀ ਤੌਰ ’ਤੇ ਲਗਾਤਾਰ ਖੋਜਾਂ ਵੀ ਹੁੰਦੀਆਂ ਰਹੀਆਂ ਅਤੇ ਫੋਟੋਗ੍ਰਾਫੀ ਹਮੇਸ਼ਾਂ ਸਮੇਂ ਦੇ ਹਾਣ ਦੀ ਹੁੰਦੀ ਰਹੀ ਪਰ ਮੋਬਾਇਲ ਪੱਤਰਕਾਰੀ ਦੇ ਆਉਣ ਨਾਲ ਫੋਟੋ ਪੱਤਰਕਾਰੀ ਨੂੰ ਵੱਡਾ ਹੁਲਾਰਾ ਮਿਲਿਆ ਹੈ।
ਆਧੁਨਿਕ ਪੱਤਰਕਾਰੀ ਵਿੱਚ ਤਸਵੀਰਾਂ ਤੋਂ ਬਿਨਾਂ ਪੱਤਰਕਾਰੀ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਅਖ਼ਬਾਰਾਂ ਤੇ ਰਸਾਲੇ ਰੰਗਦਾਰ ਤਸਵੀਰਾਂ ਨਾਲ ਭਰੇ ਮਿਲਦੇ ਹਨ। ਲੋਕ ਖ਼ਬਰਾਂ ਨਾਲ ਫੋਟੋਆਂ ਵੇਖਣੀਆਂ ਪਸੰਦ ਕਰਦੇ ਹਨ। ਉਂਜ ਵੀ ਸ਼ਬਦਾਂ ਨਾਲੋਂ ਤਸਵੀਰ ਦਾ ਪ੍ਰਭਾਵ ਨਾ ਸਿਰਫ ਜ਼ਿਆਦਾ ਹੁੰਦਾ ਹੈ ਸਗੋਂ ਲੰਬੇ ਸਮੇਂ ਤੱਕ ਮਨ-ਮਸਤਕ ’ਤੇ ਰਹਿੰਦਾ ਹੈ। ਕੋਈ ਵਕਤ ਸੀ ਸਿਆਸੀ ਲੋਕ ਬਹੁਤ ਸਾਰੀਆਂ ਖ਼ਬਰਾਂ ਨੂੰ ਝੁਠਲਾ ਦਿੰਦੇ ਸਨ ਅੱਜ ਫੋਟੋ ਪੱਤਰਕਾਰੀ ਦੇ ਜ਼ਮਾਨੇ ਵਿੱਚ ਤੱਥਾਂ ਨੂੰ ਝੁਠਲਾਉਣਾ ਕਾਫੀ ਮੁਸ਼ਕਿਲ ਹੁੰਦਾ ਹੈ। ਸਬੂਤ ਵਜੋਂ ਸ਼੍ਰੀ ਰਾਹੁਲ ਗਾਂਧੀ ਨਾਲ ਸ਼੍ਰੀ ਹਾਰਦਿਕ ਪਟੇਲ ਦੀ ਮੁਲਾਕਾਤ ਨੂੰ ਹਾਰਦਿਕ ਪਟੇਲ ਦੇ ਹਮਾਇਤੀ ਨਕਾਰਦੇ ਰਹੇ ਪਰ ਜਦੋਂ ਉਨ੍ਹਾਂ ਦੀ ਫੋਟੋ ਅਖ਼ਬਾਰ ਵਿੱਚ ਛੱਪ ਜਾਂਦੀ ਹੈ ਤਾਂ ਭਲਾ ਉਹ ਕਿਵੇਂ ਝੁਠਲਾ ਸਕਦੇ ਹਨ। ਸੋ, ਇਸ ਤਰ੍ਹਾਂ ਨਾ ਸਿਰਫ ਫੋਟੋਆਂ ਸੱਚ ਪੇਸ਼ ਕਰਦੀਆਂ ਨੇ ਸਗੋਂ ਪੱਤਰਕਾਰੀ ਦੀ ਵਿਸ਼ਵਾਸਯੋਗਤਾ ਵਿੱਚ ਵੀ ਵਾਧਾ ਕਰਦੀਆਂ ਹਨ।
ਪੱਤਰਕਾਰੀ ਦੇ ਮੁਕਾਬਲੇ ਫੋਟੋ ਪੱਤਰਕਾਰੀ ਮੁਸ਼ਕਿਲ ਧੰਦਾ ਹੈ। ਕਈ ਵਾਰ ਰਿਪੋਰਟਰ ਵੱਖ-ਵੱਖ ਸਰੋਤਾਂ ਤੋਂ ਖ਼ਬਰਾਂ ਲੈ ਕੇ ਡੰਗ ਟਪਾ ਲੈਂਦੇ ਹਨ ਪਰ ਫੋਟੋ ਪੱਤਰਕਾਰ ਨੂੰ ਤਾਂ ਹਰ ਹਾਲਤ ਵਿੱਚ ਮੌਕੇ ’ਤੇ ਹਾਜ਼ਰ ਹੋਣਾ ਪੈਂਦਾ ਹੈ। ਫੋਟੋ ਪੱਤਰਕਾਰ ਹਮੇਸ਼ਾਂ ਚੌਕਸ ਰਹਿੰਦਾ ਹੈ ਅਤੇ ਖ਼ਬਰ ਤੱਤ ਨਾਲ ਭਰਪੂਰ ਜਾਣਕਾਰੀ ਨੂੰ ਕੈਮਰੇ ਵਿੱਚ ਕੈਦ ਕਰਨ ਲਈ ਮੌਕਾ ਹੱਥੋਂ ਨਹੀਂ ਜਾਣ ਦਿੰਦਾ। ਇਹ ਇਕ ਅਜਿਹੀ ਪੱਤਰਕਾਰੀ ਹੈ ਜਿਸ ਵਿੱਚ ਮੌਕਾ ਖੂੰਝਾਉਣ ਦਾ ਮੌਕਾ ਨਹੀਂ ਹੁੰਦਾ। ਇਸੇ ਕਾਰਨ ਤਾਂ ਫੋਟੋ ਪੱਤਰਕਾਰੀ ਨੂੰ ਕਰਨਾ ਹਰ ਕਿਸੇ ਦੇ ਹਿੱਸੇ ਨਹੀਂ ਆਉਂਦਾ। ਸਿਆਣਾ ਫੋਟੋ ਪੱਤਰਕਾਰ ਹਮੇਸ਼ਾ ਅਜਿਹੇ ਮੌਕੇ ਦੀ ਤਲਾਸ਼ ਵਿੱਚ ਰਹਿੰਦਾ ਹੈ, ਜਿਸ ਨਾਲ ਉਹ ਖ਼ਬਰ ਦੇ ਨਜ਼ਰੀਏ ਤੋਂ ਚੰਗੀ ਫੋਟੋ ਖਿੱਚ ਸਕੇ। ਮੁੱਖ ਮੰਤਰੀ ਦੇ ਸਮਾਗਮ ਵਿੱਚ ਇਕ ਮੰਤਰੀ ਸੌਂ ਰਿਹਾ ਹੈ ਅਤੇ ਫੋਟੋ ਪੱਤਰਕਾਰ ਉਸ ਮੰਤਰੀ ਨੂੰ ਕੈਮਰੇ ਵਿੱਚ ਕੈਦ ਕਰ ਲੈਂਦਾ ਹੈ। ਦੂਜੇ ਦਿਨ ਜਦੋਂ ਅਖ਼ਬਾਰ ਵਿੱਚ ਉਸ ਦੀ ਫੋਟੋ ਨਾਲ ਖ਼ਬਰ ਛਪਦੀ ਹੈ ਤਾਂ ਉਸ ਖ਼ਬਰ ਦੀ ਤਰਦੀਦ ਕਰਨ ਦਾ ਕੋਈ ਮੌਕਾ ਨਹੀਂ ਹੁੰਦਾ। ਇਸੇ ਤਰ੍ਹਾਂ ਇਕ ਮੰਤਰੀ ਵੱਲੋਂ ਮੁਜ਼ਾਹਰਾ ਕਰ ਰਹੀ ਇਕ ਅਧਿਆਪਕਾ ਉ¤ਤੇ ਥੱਪੜ ਮਾਰਨ ਦੀ ਫੋਟੋ ਦਾ ਪ੍ਰਭਾਵ ਚੋਣਾਂ ਵਿੱਚ ਪੈਂਦਾ ਨਜ਼ਰ ਆਉਂਦਾ ਹੈ। ਇਕ ਸਿਆਸੀ ਬੰਦਾ ਕਿਸੇ ਗੈਰ ਔਰਤ ਨਾਲ ਸ਼ਿਮਲੇ ਦੇ ਰਿਜ ’ਤੇ ਅਨੰਦ ਮਾਨ ਰਿਹਾ ਹੈ ਅਤੇ ਦੂਜੇ ਦਿਨ ਅਖ਼ਬਾਰ ਵਿੱਚ ਛਪੀ ਉਸ ਦੀ ਤਸਵੀਰ ਉਸ ਦਾ ਸਿਆਸੀ ਭਵਿੱਖ ਧੁੰਦਲਾ ਕਰ ਸਕਦੀ ਹੈ। ਸਪੱਸ਼ਟ ਹੈ ਕਿ ਫੋਟੋ ਪੱਤਰਕਾਰੀ ਜ਼ਿਆਦਾ ਪ੍ਰਭਾਵਸ਼ਾਲੀ ਹੁੰਦੀ ਹੈ। ਫੋਟੋ ਪੱਤਰਕਾਰੀ ਵਿੱਚ ਦਿਲਚਸਪੀ ਰੱਖਣ ਵਾਲੇ ਪੱਤਰਕਾਰਾਂ ਨੂੰ ਆਪਣੀ ਇਸ ਕਲਾ ਨੂੰ ਨਿਖਾਰਦੇ ਰਹਿਣਾ ਚਾਹੀਦਾ ਹੈ।

Send this to a friend