ਸੁਖਬੀਰ ਵੱਲੋਂ ਵਪਾਰੀਆਂ ਲਈ ‘ਰਾਹਤ ਯੋਜਨਾ’ ਸ਼ੁਰੂ

ਕਰ ਤੇ ਆਬਕਾਰੀ ਕਮਿਸ਼ਨਰ ਦੀ ਮਨਜ਼ੂਰੀ ਤੋਂ ਬਿਨਾ ਕੋਈ ਵੀ ਅਧਿਕਾਰੀ ਵਪਾਰੀਆਂ ਦੀਆਂ ਦੁਕਾਨਾਂ ਦੀ ਨਹੀਂ ਕਰ ਸਕੇਗਾ ਜਾਂਚ

image ਮੌੜ ਮੰਡੀ, (ਬਠਿੰਡਾ) 13 ਫਰਵਰੀ (ਪੰਜਾਬ ਟਾਇਮਜ਼ ਬਿਊਰੋ)-ਪੰਜਾਬ ਦੇ ਉਪ ਮੁੱਖ  ਮੰਤਰੀ ਸ. ਸੁਖਬੀਰ ਸਿੰਘ ਬਾਦਲ ਵਲੋਂ ਅੱਜ ਵਪਾਰੀਆਂ ਲਈ ਸ਼ੁਰੂ  ਕੀਤੀ ਗਈ ‘ਰਾਹਤ ਯੋਜਨਾ ’ ਨਾਲ ਪੰਜਾਬ ਵਿਚ ਇੰਸਪੈਕਟਰੀ ਰਾਜ ਦੇ ਖਾਤਮੇ ਦਾ ਮੁੱਢ ਬੱਝ ਗਿਆ ਹੈ, ਕਿਉਂ ਜੋ ਇਸ ਤਹਿਤ ਵਪਾਰੀ ਆਪਣੀ ਸ਼੍ਰੇਣੀ ਤਹਿਤ ਉੱਕਾ ਪੁੱਕਾ ਟੈਕਸ ਭਰ ਸਕਣਗੇ।ਅੱਜ ਇੱਥੇ ਵਪਾਰੀਆਂ ਦੀ ਇਕ ਵੱਡੀ ਰੈਲੀ ਨੂੰ ਸੰਬੋਧਨ ਕਰਦੇ ਹੋਏ ਸ. ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਇਹ ਯਤਨ ਵਪਾਰੀਆਂ ਨੂੰ ਵਪਾਰ ਦੌਰਾਨ ਪੇਸ਼ ਆਉਂਦੀਆਂ ਮੁਸ਼ਕਿਲਾਂ ਤੋਂ ਰਾਹਤ ਦਿਵਾਉਣ ਦਾ ਸੁਹਿਰਦ ਯਤਨ ਹੈ ਤਾਂ ਜੋ ਬਿਨਾਂ ਕਿਸੇ ਡਰ ਦੇ ਸਿਰਫ ਤੇ ਸਿਰਫ ਵਪਾਰ ਵੱਲ ਧਿਆਨ ਦੇ ਸਕਣ। ਸ਼ੁਰੂ ਕੀਤੀ ਗਈ ਰਾਹਤ ਯੋਜਨਾ ਤਹਿਤ ਪਹਿਲੇ ਪੜ੍ਹਾਅ ਵਿੱਚ ਪੰਜਾਬ ਦੇ 74

ਸ਼ਹਿਰਾਂ/ਕਸਬਿਆਂ ਨੂੰ ਸ਼ਾਮਲ ਕੀਤਾ ਗਿਆ ਹੈ ਜਿਨ੍ਹਾਂ ਨੂੰ ਅੱਗੋਂ ਤਿੰਨ ਸ਼੍ਰੇਣੀਆਂ ਵਿੱਚ ਵੰਡਿਆਂ ਗਿਆ ਹੈ। ਉਨ੍ਹਾਂ ਕਿਹਾ ਕਿ 0 ਤੋਂ 25 ਲੱਖ ਤੱਕ ਦੀ ਟਰਨਓਵਰ ਵਾਲੇ ਵਪਾਰੀਆਂ ਨੂੰ 5000 ਰੁਪਏ, 25 ਤੋਂ 50 ਲੱਖ ਵਾਲੇ ਵਪਾਰੀਆਂ ਨੂੰ 10000, ਇਸੇ ਤਰ੍ਹਾਂ 50 ਤੋਂ 75 ਲੱਖ ਵਾਲੇ ਵਪਾਰੀਆਂ ਨੂੰ 15000 ਰੁਪਏ ਅਤੇ 75 ਲੱਖ ਤੋਂ 1 ਕਰੋੜ ਤੱਕ ਦੀ ਟਰਨਓਵਰ ਵਾਲੇ ਵਪਾਰੀਆਂ ਨੂੰ 20 ਹਜ਼ਾਰ ਰੁਪਏ ਉੱਕਾ-ਪੁੱਕਾ ਟੈਕਸ ਦੇਣ ਦੀ ਸੁਵਿਧਾ ਦਿੱਤਾ ਗਈ ਹੈ।
ਸੂਬੇ ਵਿੱਚ ਇੰਸਪੈਕਟਰੀ ਰਾਜ ਦੇ ਖਾਤਮੇ ਲਈ ਇਹ ਵੀ ਵਿਵਸਥਾ ਕੀਤੀ ਗਈ ਹੈ ਕਿ ਕਰ ਤੇ ਆਬਕਾਰੀ ਵਿਭਾਗ ਦਾ ਕੋਈ ਵੀ ਅਧਿਕਾਰੀ ਕਮਿਸ਼ਨਰ ਦੀ ਮੰਨਜ਼ੂਰੀ ਤੋਂ ਬਿਨਾਂ ਕਿਸੇ ਵਪਾਰੀ, ਦੁਕਾਨਦਾਰ ਦੇ ਦੁਕਾਨ ‘ਤੇ ਛਾਪੇਮਾਰੀ ਨਹੀਂ ਕਰ ਸਕੇਗਾ। ਜੇਕਰ ਵਪਾਰੀ ਦੀ ਕੋਈ ਬੇਨਿਯਮੀ ਨੋਟਿਸ ਵਿੱਚ ਆਉਂਦੀ ਹੈ ਤਾਂ ਕਮਿਸ਼ਨਰ ਕਰ ਤੇ ਆਬਕਾਰੀ ਵੱਲੋਂ ਓਸ ਵਿਰੁੱਧ ਜਾਂਚ ਦੀ ਮੰਨਜ਼ੂਰੀ ਦਿੱਤੀ ਜਾਵੇਗੀ। ਉਪ ਮੁੱਖ ਮੰਤਰੀ ਨੇ ਦੱਸਿਆ ਕਿ ਵਪਾਰੀਆਂ ਦੀ ਸਹੂਲਤ ਲਈ ਇੱਕ ਹੈਲਪਲਾਈਨ ਨੰਬਰ 18002582580 ਅਤੇ ਰੳਹੳਟਸਚਹੲਮੲ20140ਗਮੳਲਿ.ਚੋਮ ਵੀ ਸ਼ੁਰੂ ਕੀਤੀ ਗਈ ਹੈ ਜਿਥੇ ਕੋਈ ਵੀ ਵਪਾਰੀ ਕਿਸੇ ਤਰ੍ਹਾਂ ਦੀ ਸ਼ਿਕਾਇਤ ਦਰਜ ਕਰਵਾ ਸਕੇਗਾ। ਨਵੀਂ ਨੀਤੀ ਨਾਲ ਸੂਬੇ ਦੀ ਆਮਦਨੀ ਵਿੱਚ ਕਟੌਤੀ ਹੋਣ ਦੇ ਖਦਸੇ ਬਾਰੇ ਇੱਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਇਸ ਨਾਲ ਆਮਦਨੀ ਘਟਣ ਦੀ ਬਜਾਏ ਵਧੇਗੀ ਕਿਉਂਜੋ ਵਰਤਮਾਨ ਸਮੇਂ 80 ਫੀਸਦੀ ਵੈਟ ਡੀਲਰ ਕੋਈ ਵੀ ਟੈਕਸ ਨਹੀਂ ਦੇ ਰਹੇ ਜਦਕਿ ਨਵੀਂ ਨੀਤੀ ਨਾਲ ਵਪਾਰੀ ਵੱਡੀ ਪੱਧਰ ‘ਤੇ ਆਪਣੇ ਆਪ ਨੂੰ ਪੰਜਾਬ ਸਰਕਾਰ ਪਾਸ ਰਜਿਸਟਰਡ ਕਰਵਾਉਣਗੇ।
ਪੰਜਾਬ ਸਰਕਾਰ ਵੱਲੋਂ ਹਾਲ ਹੀ ਵਿੱਚ ਸ਼ੁਰੂ ਕੀਤੇ ਗਏ ਵੈਟ ਰੀਫੰਡ ਸਿਸਟਮ ਦੀ ਸਫਲਤਾ ਬਾਰੇ ਗੱਲ ਕਰਦਿਆਂ ਉਨ੍ਹਾਂ ਦੱਸਿਆ ਕਿ ਇਸ ਨਾਲ ਇਕ ਮਹੀਨੇ ਦੇ ਵਿੱਚ-ਵਿੱਚ ਹੀ ਵਪਾਰੀਆਂ ਦੇ ਵੈਟ ਬਕਾਏ 450 ਕਰੋੜ ਤੋਂ ਘੱਟਕੇ 350 ਕਰੋੜ ਰਹਿ ਗਏ ਹਨ। ਆਇਰਨ ਅਤੇ ਸਟੀਲ ਉਦਯੋਗਾਂ ਦੀ ਤਰਜ਼ ‘ਤੇ ਦੂਜੇ ਉਦਯੋਗਾਂ ਨੂੰ ਰਾਹਤ ਦੇਣ ਸਬੰਧੀ ਸ. ਬਾਦਲ ਨੇ ਕਿਹਾ ਕਿ ਕਿਸੇ ਵੀ ਖੇਤਰ ਦੇ ਵਪਾਰੀ ਉਨ੍ਹਾਂ ਤੱਕ ਆਪਣੇ ਸੁਝਾਅ ਲੈ ਕੇ ਪਹੁੰਚ ਕਰ ਸਕਦੇ ਹਨ ਅਤੇ ਯੋਗ ਸੁਝਾਵਾਂ ਨੂੰ ਹਰ ਹੀਲੇ ਲਾਗੂ ਕੀਤਾ ਜਾਵੇਗਾ।
ਪ੍ਰੋਗਰੈਸਿਵ ਪੰਜਾਬ ਨਿਵੇਸ਼ਕ ਸੰਮੇਲਨ ਵਿੱਚ ਬਹੁ-ਕੌਮੀ ਕੰਪਨੀਆਂ ਨਾਲ ਸਹੀਬੱਧ ਕੀਤੇ ਗਏ ਸਮਝੌਤਿਆਂ ਨੂੰ ਲਾਗੂ ਕਰਨ ਸਬੰਧੀ ਉਨ੍ਹਾਂ ਕਿਹਾ ਕਿ 15 ਕੰਪਨੀਆਂ ਨੂੰ ਉਨ੍ਹਾਂ ਦੇ ਪ੍ਰਾਜੈਕਟਾਂ ਲਈ ਜ਼ਮੀਨ ਅਲਾਟ ਕਰਨ ਵਾਸਤੇ ਕਾਰਵਾਈ ਮੁਕੰਮਲ ਕਰ ਲਈ ਗਈ ਹੈ। ਇਸ ਤੋਂ ਇਲਾਵਾ ਇਨਫੋਸਿਸ ਵੱਲੋਂ 21 ਫਰਵਰੀ ਤੋਂ ਮੋਹਾਲੀ ਵਿਖੇ ਆਪਣੇ ਕੈਂਪਸ ਦੀ ਉਸਾਰੀ ਸ਼ੁਰੂ ਕੀਤੀ ਜਾ ਰਹੀ ਹੈ ਜਦੋਂਕਿ ਕਾਰਗਿਲ ਕੰਪਨੀ ਵੱਲੋਂ ਬਠਿੰਡਾ ਵਿਖੇ ਆਪਣਾ ਯੂਨਿਟ ਸਥਾਪਤ ਕੀਤਾ ਜਾਵੇਗਾ।
ਸ. ਬਾਦਲ ਨੇ ਇਹ ਵੀ ਐਲਾਨ ਕੀਤਾ ਕਿ ਆਗਲੇ 6 ਤੋਂ 8 ਮਹੀਨਿਆਂ ਦੌਰਾਨ ਪੰਜਾਬ ਵਿੱਚ ਪੇਪਰ ਰਹਿਤ ਪ੍ਰਾਸ਼ਸਨ ਦੀ ਵਿਵਸਥਾ ਕੀਤੀ ਜਾਵੇਗੀ ਜਿਸਦੀ ਸ਼ੁਰੂਆਤ ਮਾਨਸਾ ਜ਼ਿਲ੍ਹੇ ਤੋਂ ਹੋਵੇਗੀ। ਇਸ ਤਹਿਤ ਰੋਜ਼ਮਰ੍ਹਾ ਵਾਲੀਆਂ ਸਾਰੀਆਂ ਸੇਵਾਵਾਂ ਆਨਲਾਈਨ ਮੁਹੱਈਆ ਕਰਵਾਈਆਂ ਜਾਣਗੀਆਂ। ਇਸ ਮੌਕੇ ਸੰਬੋਧਨ ਕਰਦੇ ਹੋਏ ਸੰਸਦ ਮੈਂਬਰ ਬੀਬੀ ਹਰਸਿਮਰਤ ਕੌਰ ਬਾਦਲ ਨੇ ਪੰਜਾਬ ਦੇ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਦੇਸ਼ ਨੂੰ ਹੁਣ ਤੱਕ ਦੀ ਸਭ ਤੋਂ ਨਿਕੰਮੀ ਅਤੇ ਭ੍ਰਿਸ਼ਟ ਕਾਂਗਰਸ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਤੋਂ ਬਚਾਉਣ ਲਈ ਲੋਕ ਸਭਾ ਚੋਣਾਂ ਵਿੱਚ ਐਨ.ਡੀ.ਏ ਦੇ ਹੱਕ ਵਿੱਚ ਫਤਵਾ ਦੇਣ। ਉਨ੍ਹਾਂ ਕਿਹਾ ਕਿ ਭਾਜਪਾ ਆਗੂ ਸ੍ਰੀ ਨਰੇਂਦਰ ਮੋਦੀ ਦੇ ਪ੍ਰਧਾਨ ਮੰਤਰੀ ਬਣਨ ਨਾਲ ਜਿਥੇ ਭਾਰਤ ਤਰੱਕੀ ਦੀਆਂ ਬੁਲੰਦੀਆਂ ਛੂਹੇਗਾ ਉਥੇ ਪੰਜਾਬ ਨਾਲ ਹੋ ਰਹੇ ਕੇਂਦਰ ਦੀ ਕਾਂਗਰਸ ਸਰਕਾਰ ਦੇ ਧੱਕੇ ਦਾ ਵੀ ਅੰਤ ਹੋਵੇਗਾ। ਇਸ ਮੌਕੇ ਸਿੰਚਾਈ ਮੰਤਰੀ ਸ੍ਰੀ ਜਨਮੇਜਾ ਸਿੰਘ ਸੇਖੋਂ, ਮੁੱਖ ਸੰਸਦੀ ਸਕੱਤਰ ਸ੍ਰੀ ਸਰੂਪ ਚੰਦ ਸਿੰਗਲਾ, ਸ੍ਰੀ ਪ੍ਰਕਾਸ਼ ਚੰਦ ਗਰਗ, ਵਿਧਾਇਕ ਸ੍ਰੀ ਹਰਪ੍ਰੀਤ ਸਿੰਘ, ਗੁਰਤੇਜ ਸਿੰਘ ਘੜਿਆਣਾ, ਦੀਪ ਮਲਹੋਤਰਾ, ਪ੍ਰੇਮ ਮਿੱਤਲ, ਕਰ ਤੇ ਆਬਕਾਰੀ ਕਮਿਸ਼ਨਰ ਸ੍ਰੀ ਅਨੁਰਾਗ ਵਰਮਾਂ, ਸ਼੍ਰੋਮਣੀ ਅਕਾਲੀ ਦਲ ਦੇ ਆਗੂ ਸ੍ਰੀ ਅਮਰਜੀਤ ਸਿੰਘ ਸਿੱਧੂ, ਪੰਜਾਬ ਮੰਡੀ ਬੋਰਡ ਦੇ ਉਪ ਚੇਅਰਮੈਨ ਸ੍ਰੀ ਰਵਿੰਦਰ ਸਿੰਘ ਚੀਮਾਂ , ਉਪ ਮੁੱਖ ਮੰਤਰੀ ਦੇ ਸਹਾਇਕ ਮੀਡੀਆ ਸਲਾਹਕਾਰ ਸ੍ਰੀ ਹਰਜਿੰਦਰ ਸਿੱਧੂ, ਜ਼ਿਲ੍ਹਾ ਪ੍ਰੈਸ ਸਕੱਤਰ ਡਾ.ਓਮ ਪ੍ਰਕਾਸ਼ ਸ਼ਰਮਾਂ ਤੇ ਹੋਰ ਹਾਜ਼ਰ ਸਨ।

Send this to a friend