ਕੀਮਤਾਂ ਨੂੰ ਠੱਲ੍ਹ ਪਾਉਣ ਲਈ ਰੇਤਾ ਕੱਢਣ ਬਾਰੇ ਖਦਾਨਾਂ ਦੀ ਪੂਰੀ ਸਮਰਥਾ ਨੂੰ ਯਕੀਨੀ ਬਣਾਉਣ ਦੇ ਹੁਕਮ
ਚੰਡੀਗੜ੍ਹ, 4 ਅਪ੍ਰੈਲ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਖਣਨ ਕਾਰੋਬਾਰ ਵਿਚ ਸੁਧਾਰਾਂ ਦੇ ਵਾਸਤੇ ਖਣਨ ਬਾਰੇ ਕੈਬਨਿਟ ਸਬ ਕਮੇਟੀ ਨੂੰ ਆਪਣੀ ਰਿਪੋਰਟ ’ਤੇ ਤੇਜ਼ੀ ਨਾਲ ਕਾਰਜ ਕਰਨ ਲਈ ਆਖਿਆ ਹੈ। ਇਸੇ ਦੌਰਾਨ ਹੀ ਉੁਨ੍ਹਾਂ ਨੇ ਕਾਨੂੰਨੀ ਖਣਨ ਦਾ ਕੰਮ-ਕਾਜ ਪੂਰੀ ਸਮਰੱਥਾ ਮੁਤਾਬਕ ਯਕੀਨੀ ਬਣਾਉਣ ਲਈ ਖਣਨ ਵਿਭਾਗ ਨੂੰ ਜ਼ਰੂਰੀ ਕਦਮ ਚੁੱਕੇ ਜਾਣ ਦੇ ਹੁਕਮ ਦਿੱਤੇ ਹਨ ਤਾਂ ਜੋ ਰੇਤਾ ਦੇ ਚੜ੍ਹ ਰਹੇ ਭਾਅ ’ਤੇ ਨਿਯੰਤਰਣ ਕੀਤਾ ਜਾ ਸਕੇ। ਮੁੱਖ ਮੰਤਰੀ ਨੇ ਇਹ ਨਿਰਦੇਸ਼ ਖਣਨ ਅਤੇ ਜਲ ਸਰੋਤ ਵਿਭਾਗਾਂ ਦੀ ਇੱਕ ਮੀਟਿੰਗ ਦੌਰਾਨ ਖਣਨ ਨੀਤੀ ਦਾ ਜਾਇਜਾ ਲੈਣ ਅਤੇ ਇਸ ਨੂੰ ਹੋਰ ਪ੍ਰਭਾਵੀ ਬਣਾਉਣ ਲਈ ਢੰਗ ਤਰੀਕਿਆਂ ਦਾ ਸੁਝਾਅ ਦੇਣ ਵਾਸਤੇ ਪਿਛਲੇ ਮਹੀਨੇ ਸਥਾਪਿਤ ਕੀਤੀ ਤਿੰਨ ਮੈਂਬਰੀ ਸਬ ਕਮੇਟੀ ਨੂੰ ਦਿੱਤੇ। ਸਬ ਕਮੇਟੀ ਦੇ ਮੈਂਬਰਾਂ ਤੋਂ ਇਲਾਵਾ ਇਸ ਮੀਟਿੰਗ ਵਿਚ ਸਥਾਨਕ ਸਰਕਾਰ ਮੰਤਰੀ ਸ੍ਰੀ ਨਵਜੋਤ ਸਿੰਘ ਸਿੱਧੂ, ਦਿਹਾਤੀ ਵਿਕਾਸ ਅਤੇ ਪੰਚਾਇਤ ਮੰਤਰੀ ਸ਼੍ਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਮੁੱਖ ਮੰਤਰੀ ਦਫਤਰ ਅਤੇ ਸਬੰਧਤ ਵਿਭਾਗਾਂ ਦੇ ਸੀਨੀਅਰ ਅਧਿਕਾਰੀ ਮੌਜੂਦ ਸਨ। ਗੈਰ ਕਾਨੂੰਨੀ ਖਣਨ ’ਤੇ ਸਰਕਾਰ ਵੱਲੋਂ ਕੀਤੀ ਗਈ ਤਿੱਖੀ ਕਾਰਵਾਈ ਤੋਂ ਬਾਅਦ ਸੂਬੇ ਵਿਚ ਰੇਤਾ ਦੀਆਂ ਕੀਮਤਾਂ ਚੜ੍ਹਨ ਸਬੰਧੀ ਰਿਪੋਰਟਾਂ ’ਤੇ ਗੰਭੀਰ ਨੋਟਿਸ ਲੈਂਦਿਆਂ ਮੁੱਖ ਮੰਤਰੀ ਨੇ ਨਦੀਆਂ ਵਿਚੋਂ ਤਕਰੀਬਨ 50 ਲੱਖ ਟਨ ਰੇਤਾ ਸਮੇਂ ਸਿਰ ਕੱਢੇ ਜਾਣ ਨੂੰ ਯਕੀਨੀ ਬਣਾਉਣ ਵਾਸਤੇ ਵੀ ਜਲ ਸਰੋਤ ਵਿਭਾਗ ਨੂੰ ਆਖਿਆ ਹੈ। ਖਣਨ ਨੀਤੀ ਦਾ ਜਾਇਜਾ ਲੈਣ ਦੀ ਪ੍ਰਕਿਰਿਆ ਵਿਚ ਤੇਜ਼ੀ ਲਿਆਉਣ ਦੇ ਵਾਸਤੇ ਕੈਬਨਿਟ ਸਬ ਕਮੇਟੀ ਦੇ ਮੈਂਬਰਾਂ ਨੂੰ ਹਦਾਇਤ ਜਾਰੀ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਸ ਸਬੰਧ ਵਿਚ ਹੋਰ ਦੇਰੀ ਨੂੰ ਸੂਬਾ ਸਹਿਣ ਨਹੀਂ ਕਰ ਸਕਦਾ ਅਤੇ ਉਹ ਇਸ ਕਾਰੋਬਾਰ ਨੂੰ ਦਰੁਸਤ ਲੀਹਾਂ ’ਤੇ ਲਿਆਉਣ ਲਈ ਨਿੱਜੀ ਤੌਰ ਤੇ ਉਤਸੁਕ ਹਨ ਤਾਂ ਜੋ ਅਸਲ ਬੋਲੀਕਾਰਾਂ ਅਤੇ ਠੇਕੇਦਾਰਾਂ ਨੂੰ ਨੁਕਸਾਨ ਨਾ ਉਠਾਉਣਾ ਪਵੇ। ਮੁੱਖ ਮੰਤਰੀ ਨੇ ਕਿਹਾ ਕਿ ਉਹ ਨਹੀਂ ਚਾਹੁੰਦੇ ਕਿ ਅਸਲ ਠੇਕੇਦਾਰਾਂ ਨੂੰ ਹੋਰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਵੇ। ਕੈਪਟਨ ਅਮਰਿੰਦਰ ਸਿੰਘ ਨੇ ਮੀਟਿੰਗ ਦੌਰਾਨ ਭਰੋਸਾ ਦਿਵਾਇਆ ਕਿ ਕਾਰੋਬਾਰੀ ਪ੍ਰਣਾਲੀ ਵਿਚ ਸੁਧਾਰ ਆਉਣ ਦੇ ਨਾਲ ਸੂਬੇ ’ਚ ਰੇਤ ਦੀਆਂ ਕੀਮਤਾਂ ਆਪਣੇ ਆਪ ਹੀ ਹੇਠਾਂ ਆਉਣ ਲੱਗ ਪੈਣ ਗਿਆ ਅਤੇ ਸਥਿਤੀ ਆਮ ਵਰਗੀ ਹੋ ਜਾਵੇਗੀ। ਮੁੱਖ ਮੰਤਰੀ ਨੇ ਇਕ ਵਾਰੀ ਫੇਰ ਖਣਨ ਖੇਤਰਾਂ ’ਤੇ ਨੇੜਿਓਂ ਨਜ਼ਰ ਰੱਖਣ ਅਤੇ ਇਸ ਸਬੰਧੀ ਗੈਰ ਕਾਨੂੰਨੀ ਕਾਰਵਾਈਆਂ ’ਤੇ ਤਿੱਖਾ ਹਮਲਾ ਕਰਨ ਵਾਸਤੇ ਸਬੰਧਤ ਜਿਲ੍ਹਿਆਂ ਦੇ ਪੁਲਿਸ ਅਤੇ ਜਿਲ੍ਹਾ ਪ੍ਰਸ਼ਾਸਨਾਂ ਨੂੰ ਨਿਰਦੇਸ਼ ਦਿੱਤੇ ਹਨ। ਮੀਟਿੰਗ ਵਿਚ ਮੁੱਖ ਸਕੱਤਰ ਸ਼੍ਰੀ ਕਰਨ ਅਵਤਾਰ ਸਿੰਘ, ਮੁੱਖ ਮੰਤਰੀ ਦੇ ਮੁੱਖ ਪ੍ਰਮੁੱਖ ਸਕੱਤਰ ਸ਼੍ਰੀ ਸੁਰੇਸ਼ ਕੁਮਾਰ, ਪ੍ਰਮੁੱਖ ਸਕੱਤਰ ਵਿੱਤ ਸ਼੍ਰੀ ਅਨਿਰੁੱਧ ਤਿਵਾੜੀ, ਪ੍ਰਮੁੱਖ ਸਕੱਤਰ ਜਲ ਸਰੋਤ ਸ਼੍ਰੀ ਜਸਪਾਲ ਸਿੰਘ, ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਸ਼੍ਰੀ ਤੇਜਵੀਰ ਸਿੰਘ ਅਤੇ ਡਾਇਰੈਕਟਰ-ਕਮ-ਸਕੱਤਰ ਮਾਈਨਿੰਗ ਸ਼੍ਰੀ ਕੁਮਾਰ ਰਾਹੁਲ ਹਾਜ਼ਰ ਸਨ।