ਐਸ.ਸੀ., ਐਸ.ਟੀ. ਐਕਟ ਦੀ ਸੋਧ ਨੂੰ ਲੈ ਕੇ ਦਲਿਤ ਭਾਈਚਾਰੇ ਨੇ ਕੀਤਾ ਰੋਸ ਮੁਜ਼ਾਹਰਾ

ਮੌੜ ਮੰਡੀ, 2 ਅਪ੍ਰੈਲ- (ਰੇਸ਼ਮ ਸਿੰਘ ਕੁੱਬੇ)- ਸੁਪਰੀਮ ਕੋਰਟ ਵਲੋਂ ਐਸ.ਸੀ/ਐਸ.ਟੀ. ਐਕਟ ’ਚ ਕੀਤੀ ਗਈ ਸੋਧ ਨੂੰ ਲੈ ਕੇ ਦਲਿਤ ਭਾਈਚਾਰੇ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਜਿਸ ਦੇ ਸਿੱਟੇ ਵਜੋਂ ਅੱਜ ਸਥਾਨਕ ਮੰਡੀ ਵਿਖੇ ਦਲਿਤ ਭਾਈਚਾਰੇ ਵਲੋਂ ਵੱਖ ਵੱਖ ਪਿੰਡਾਂ ਦੇ ਲੋਕਾਂ ਦੇ ਸਹਿਯੋਗ ਨਾਲ ਵੱਡੀ ਮਾਤਰਾ ਵਿਚ ਪਹੁੰਚ ਕੇ ਆਪਣਾ ਰੋਸ ਪ੍ਰਗਟ ਕੀਤਾ ਤੇ ਇੱਕ ਮਾਰਚ ਕੱਢਿਆ। ਇਸ ਮੌਕੇ ਇਕੱਤਰ ਹੋਏ ਭਾਈਚਾਰੇ ਵਲੋਂ ਕੇਂਦਰ ਸਰਕਾਰ ਖਿਲਾਫ਼ ਡਟਵੀਂ ਨਾਅਰੇਬਾਜ਼ੀ ਕੀਤੀ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਡਟ ਕੇ ਕੋਸਿਆ ਤੇ ਨਾਅਰੇ ਲਗਾਉਂਦੇ ਹੋਏ ਪੁਤਲਾ ਫੂਕਿਆ ਗਿਆ। ਇਸ ਮੌਕੇ ਦਲਿਤ ਭਾਈਚਾਰੇ ਦਾ ਰੋਸ ਪ੍ਰਦਰਸ਼ਨ ਇਕੱਠ ਪੱਖੋਂ ਸਫਲ ਰਿਹਾ ਪ੍ਰੰਤੂ ਜਦ ਮੰਡੀ ਦੇ ਬਜ਼ਾਰ ਵਿਚ ਦੁਕਾਨਾਂ ਖੁਲੀਆਂ ਵੀ ਦੇਖਣ ਨੂੰ ਮਿਲੀਆਂ। ਦਲਿਤ ਭਾਈਚਾਰੇ ਨੇ ਰੋਸ ਮੁਜ਼ਾਹਰਾ ਸ਼ੁਰੂ ਹੀ ਕੀਤਾ ਸੀ ਕਿ ਇਕ ਦੁਕਾਨਦਾਰ ਨੂੰ ਕਿਹਾ ਕਿ ਤੁਸੀਂ ਦੁਕਾਨ ਬੰਦ ਕਰ ਦਿਓ ਪਰੰਤੂ ਦੁਕਾਨਦਾਰ ਨੇ ਦੁਕਾਨ ਬੰਦ ਕਰਨ ਤੋਂ ਇਨਕਾਰ ਕਰ ਦਿਤਾ। ਇਸ ਤੇ ਦਲਿਤ ਭਾਈਚਾਰੇ ਦੇ ਲੋਕਾਂ ਨੇ ਰੋਸ ਵੀ ਪ੍ਰਗਟ ਕੀਤਾ ਤੇ ਦੁਕਾਨ ਅੱਗੇ ਹੀ ਧਰਨਾ ਲਗਾ ਦਿੱਤਾ ਭਾਵੇਂ ਥੋੜੀ ਤੂੰਂ ਤੂੰਂ ਮੈਂ ਮੈਂ ਵੀ ਹੋਈ ਤੇ ਇਸ ਉਪਰੰਤ ਜਨਰਲ ਕੈਟਾਗਿਰੀ ਨਾਲ ਸਬੰਧਿਤ ਵਿਅਕਤੀ ਦੁਕਾਨਦਾਰ ਦੇ ਸਮੱਰਥਨ ਵਾਲੇ ਲੋਕ ਵੀ ਆਏ ਤੇ ਇਸ ਸਮੇਂ ਕੁਝ ਕੁ ਸ਼ਰਾਰਤੀ ਅਨਸਰਾਂ ਵਲੋਂ ਭਾਵੇਂ ਮਹੌਲ ਖਰਾਬ ਕਰਨ ਦੀ ਕੋਸ਼ਿਸ ਕੀਤੀ ਪ੍ਰੰਤੂ ਡੀ.ਐਸ.ਪੀ ਮੌੜ ਸ਼੍ਰੀ ਸੁਰਿੰਦਰ ਕੁਮਾਰ ਅਤੇ ਐਸ.ਐਚ.ਓ. ਸ਼੍ਰੀ ਮਨੋਜ਼ ਕੁਮਾਰ ਸ਼ਰਮਾ ਦੀ ਸੂਝ ਬੂਝ ਸਦਕਾ ਮੁਜਾਹਰਾਕਾਰੀਆਂ ਨੇ ਆਖਰਕਾਰ ਰੋਸ ਮਾਰਚ ਕੱਢਣਾ ਮੰਨ ਲਿਆ। ਪਹਿਲਾਂ ਬਾਲਮੀਕ ਮੰਦਰ ਕੋਲ ਦਲਿਤ ਭਾਈਚਾਰੇ ਨੇ ਵੱਖ ਵੱਖ ਪਿੰਡਾਂ ਦੇ ਸਹਿਯੋਗ ਨਾਲ ਭਾਰੀ ਇਕੱਠ ਕੀਤਾ ਸੀ ਜਿਸਨੂੰ ਸੰਬੋਧਨ ਕਰਦੇ ਹੋਏ ਦਲੀਪ ਕੁਮਾਰ, ਕਾਮਰੇਡ ਪ੍ਰਿਤਪਾਲ ਸਿੰਘ,ਅੰਮਿਤ ਕੁਮਾਰ ਅਬੋਹਰ, ਰਾਜਿੰਦਰ ਸਿੰਘ ਬਾਲਮੀਕ ਆਗੂ ਅਤੇ ਸਟੂਡੈਂਟਸ ਯੂਨੀਅਨ ਦੇ ਰਾਜਿੰਦਰ ਸਿੰਘ ਆਦਿ ਨੇ ਰੋਸ ਮੁਜਾਹਰੇ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸੰਵਿਧਾਨ ਨਾਲ ਕੀਤੀ ਗਈ ਛੇੜਛਾੜ ਦਲਿਤਾਂ ਦੇ ਅਧਿਕਾਰਾਂ ਨਾਲ ਛੇੜਛਾੜ ਹੈ ਅਤੇ ਉਹਨਾਂ ਨੂੰ ਅਜ਼ਾਦੀ ਤੋਂ ਪਹਿਲਾ ਦੀ ਤਰ੍ਹਾਂ ਦੱਬ ਕੇ ਰੱਖਣ ਦੀ ਕੋਸ਼ਿਸ਼ ਹੈ। ਸਰਕਾਰਾਂ ਦਲਿਤਾਂ ਨੂੰ ਮੁੜ ਦਲਦਲ ਵਿਚ ਸੁੱਟਣ ਲਈ ਕੋਸ਼ਿਸ਼ਾਂ ਕਰ ਰਹੀਆਂ ਹਨ ਜਿਸ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀ ਕੀਤਾ ਜਾ ਸਕਦਾ । ਉਨ੍ਹਾਂ ਕਿਹਾ ਕਿ ਜੇਕਰ ਸੰਵਿਧਾਨ ’ਚ ਕੀਤੀ ਗਈ ਸੋਧ ਵਾਪਿਸ ਨਾ ਲਈ ਗਈ ਤਾਂ ਦਲਿਤ ਸਮਾਜ ਆਉਣ ਵਾਲੇ ਦਿਨਾਂ ’ਚ ਇਸ ਤੋਂ ਵੀ ਵੱਡੇ ਸੰਘਰਸ਼ ਕਰਨ ਲਈ ਮਜ਼ਬੂਰ ਹੋਵੇਗਾ ਜਿਸ ਦੀ ਜਿੰਮੇਵਾਰੀ ਸੱਤਾਧਾਰੀਆਂ ਦੀ ਹੋਵੇਗੀ। ਇਸ ਮੌਕੇ ਬੀ.ਐਸ.ਪੀ.ਆਗੂ ਦੁਸਹਿਰਾ ਸਿੰਘ, ਕਰਮਵੀਰ ਸਿੰਘ ਪੀਰਕੋਟ, ਨਛੱਤਰ ਸਿੰਘ ਰਾਮਨਗਰ, ਰਣਜੀਤ ਸਿੰਘ ਖਾਲਸਾ, ਸਰਵਨ ਸਿੰਘ , ਅਸ਼ੋਕ ਕੁਮਾਰ, ਕੈਲਾਸ਼ ਚੰਦ, ਇੰਦਰ ਸਿੰਘ, ਸੁਰਜੀਤ ਸਿੰਘ ਆਦਿ ਤੋਂ ਇਲਾਵਾ ਪਿੰਡ ਰਾਜਗੜ੍ਹ ਕੁੱਬੇ ਤੋਂ ਗੁਰਚਰਨ ਸਿੰਘ, ਦੇਵ ਸਿੰਘ, ਗੁਰਪ੍ਰੀਤ ਸਿੰਘ, ਕਰਮ ਸਿੰਘ, ਹੀਰਾ ਸਿੰਘ ਪਿੰਡ ਮਾਈਸਰਖਾਨਾ ਤੋਂ ਜਸਵੀਰ ਸਿੰਘ, ਕੁਲਵੀਰ ਸਿੰਘ ਅਤੇ ਜੋਧਪੁਰ ਪਾਖਰ ਤੋਂ ਬੂਟਾ ਸਿੰਘ ਬਲਾਕ ਪ੍ਰਧਾਨ ਅਤੇ ਕਾਲਾ ਸਿੰਘ ਸਕੱਤਰ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੀ ਅਗਵਾਈ ’ਚ ਰੋਸ ਮੁਜ਼ਾਹਰੇ ’ਚ ਸ਼ਾਮਿਲ ਹੋਣ ਲਈ ਭਾਰੀ ਗਿਣਤੀ ਦਲਿਤ ਭਾਈਚਾਰੇ ਦੇ ਲੋਕ ਮੌਜੂਦ ਸਨ।

Send this to a friend