ਕਾਹਨੂੰਵਾਨ, 1 ਅਪ੍ਰੈਲ (ਡਾ. ਜਸਪਾਲ ਸਿੰਘ ਭਿਟੇਵਡ)- ਸ਼ਨੀਵਾਰ ਦੀ ਰਾਤ ਨੂੰ ਪੁਲਿਸ ਥਾਣਾ ਕਾਹਨੂੰਵਾਨ ਅਧੀਨ ਪੈਂਦੀ ਪੁਲਿਸ ਚੌਂਕੀ ਤੁਗਲਵਾਲ ਦੀ ਪੁਲਿਸ ਪਾਰਟੀ ਦੇ ਹੌਲਦਾਰ ਨੂੰ ਲਕੜ ਮਾਫੀਆ ਨੇ ਹਮਲਾ ਕਰਕੇ ਗੰਭੀਰ ਰੂਪ ਵਿਚ ਜ਼ਖਮੀ ਕਰਨ ਦਾ ਸਮਾਚਾਰ ਹੈ।ਇਸ ਗੰਭੀਰ ਕਿਸਮ ਦੇ ਮਾਮਲੇ ਕਾਰਨ ਪੈਦਾ ਹੋਈ ਸਥਿਤੀ ਤੇ ਕਾਬੂ ਪਾਉਣ ਲਈ ਡਵੀਜਨ ਦੇ ਡੀ ਐਸ ਪੀ ਮਨਜੀਤ ਸਿੰਘ ਅਤੇ ਥਾਣਾ ਕਾਹਨੂੰਵਾਨ, ਥਾਣਾ ਭੈਣੀ ਮੀਆਂ ਖਾਨ ਅਤੇ ਥਾਣਾ ਧਾਰੀਵਾਲ ਦੇ ਮੁਖੀ ਭਾਰੀ ਪੁਲਿਸ ਫੋਰਸ ਸਮੇਤ ਅਜ ਸਵੇਰ ਤੋਂ ਹੀ ਡਟੇ ਹੋਏ ਸਨ।ਥਾਣਾ ਕਾਹਨੂੰਵਾਨ ਵਿਚ ਦਰਜ ਕੀਤੇ ਮਾਮਲੇ ਅਤੇ ਮੌਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਸਨਿਚਰਵਾਰ ਦੀ ਰਾਤ ਨੂੰ ਪੁਲਿਸ ਚੌਂਕੀ ਤੁਗਲਵਾਲ ਅਧੀਨ ਪੈਂਦੇ ਨਹਿਰ ਦੇ ਰਕਬੇ ਵਿਚੋ ਕੀਮਤੀ ਲਕੜ ਕੁਝ ਮਾਫੀਆ ਲੋਕਾਂ ਵਲੋਂ ਵਢਣ ਦੀ ਲਿਖਤੀ ਸੂਚਨਾ ਮਿਲੀ ਸੀ।ਇਸ ਸੂਚਨਾ ਦੇ ਅਧਾਰ ਤੇ ਪੁਲਿਸ ਚੌਂਕੀ ਤੁਗਲਵਾਲ ਦੇ ਇੰਚਾਰਜ ਏ ਐਸ ਆਈ ਭੁਪਿੰਦਰ ਸਿੰਘ ਸੈਣੀ ਨੇ ਪੁਲਿਸ ਪਾਰਟੀ ਸਮੇਤ ਪੁਲ ਤੁਗਲਵਾਲ ਤੇ ਨਾਕਾਬੰਦੀ ਕੀਤੀ ਸੀ।ਇਸ ਦੌਰਾਨ ਕੁਝ ਲੋਕ ਘੋੜੇਵਾਹ ਵਾਲੇ ਪਾਸੇ ਤੋਂ ਇਕ ਟਰੈਕਟਰ ਟਰਾਲੀ ਨੂੰ ਕੁਝ ਵਿਅਕਤੀਆਂ ਸਮੇਤ ਰੋਕਣ ਦੀ ਕੋਸ਼ਿਸ ਕੀਤੀ ਤਾਂ ਇਹਨਾਂ ਵਿਅਕਤੀਆਂ ਨੇ ਬਿਨਾਂ ਕਿਸੇ ਦਲੀਲ ਦੇ ਪੁਲਿਸ ਪਾਰਟੀ ਤੇ ਹਮਲਾ ਕਰ ਦਿਤਾ।ਇਸ ਹਮਲੇ ਚ ਹੌਲਦਾਰ ਨਰੇਸ਼ ਕੁਮਾਰ ਨੂੰ 7 ਹਮਲਾਵਰਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਜ਼ਖਮੀ ਕਰ ਦਿਤਾ।ਹਮਲੇ ਤੋਂ ਬਾਅਦ ਮਾਫੀਆ ਦੇ ਲੋਕਾਂ ਨੇ ਟਰੈਕਟਰ ਟਰਾਲੀ ਚੋਰੀ ਦੀ ਲਕੜ ਸਮੇਤ ਹਰਚੋਵਾਲ ਨੂੰ ਭਜਾ ਕੇ ਲੈ ਗਏ।ਪੁਲਿਸ ਪਾਰਟੀ ਵਲੋਂ ਥਾਣਾ ਕਾਹਨੂੰਵਾਨ ਦੇ ਮੁਖੀ ਸੁਰਿੰਦਰਪਾਲ ਸਿੰਘ ਨੂੰ ਸੂਚਿਤ ਕੀਤਾ।ਮੌਕੇ ਤੇ ਪਹੁੰਚੇ ਥਾਣਾ ਮੁਖੀ ਨੇ ਭਜੇ ਹੋਏ ਹਮਲਾਵਰਾਂ ਦਾ ਪਿਛਾ ਕੀਤਾ।ਪਰ ਹਮਲਾਵਰ ਮਾਫੀਆ ਗੁੰਡਾਗਰਦੀ ਕਰਕੇ ਫਰਾਰ ਹੋ ਗਿਆ।ਮੌਕੇ ਤੇ ਪਹੁੰਚੀ ਪੁਲਿਸ ਨੇ ਜਦੋ ਵੇਰਕਾ ਮਿਲਕ ਪਲਾਂਟ ਦੇ ਚਿਲਿੰਗ ਸੈਂਟਰ ਨੇੜਲੇ ਇਲਾਕੇ ਦਾ ਮੌਕਾ ਵੇਖਿਆ ਤਾਂ ਬਿਜਲੀ ਘਰ ਵਾਲੇ ਪਾਸੇ ਨਹਿਰ ਦੇ ਕੰਢੇ ਹੋਰ ਵੀ ਕੀਮਤੀ ਟਾਹਲੀ ਦੀ ਲਕੜ ਪਈ ਹੋਈ ਸੀ।ਜਦੋ ਪੁਲਿਸ ਪਾਰਟੀ ਅਤੇ ਜੰਗਲਾਤ ਵਿਭਾਗ ਦੇ ਜਿਲ੍ਹਾ ਅਧਿਕਾਰੀਆਂ ਨੇ ਲਵਾਰਿਸ ਪਈ ਲਕੜ ਨੂੰ ਚੁਕਣ ਦਾ ਯਤਨ ਕੀਤਾ ਤਾਂ ਲਵਾਰਿਸ ਗਊਆਂ ਦਾ ਵਗ ਲੈ ਕੇ ਘੁੰਮਦੇ ਬਾਬਾ ਬਕਾਲਾ ਦੇ ਨਿਹੰਗ ਜਥੇ ਦੇ ਜਥੇਦਾਰ ਬਾਬਾ ਪਾਲਾ ਸਿੰਘ ਨੇ ਸਾਥੀਆਂ ਸਮੇਤ ਪੁਲਿਸ ਅਤੇ ਜੰਗਲਾਤ ਵਿਭਾਗ ਨੂੰ ਕੀਮਤੀ ਲਕੜ ਚੁਕਣ ਤੋੰ ਰੋਕ ਦਿਤਾ।ਜਿਸ ਦੌਰਾਨ ਨਿਹੰਗਾਂ ਅਤੇ ਪੁਲਿਸ ਅਫਸਰਾਂ ਚ ਹਲਕੀ ਤਕਰਾਰ ਵੀ ਹੋਈ।ਬਾਬਾ ਪਾਲਾ ਸਿੰਘ ਨੇ ਕਿਹਾ ਕਿ ਇਹ ਲਕੜ ਬਾਬਾ ਬਕਾਲਾ ਦੇ ਲੰਗਰਾਂ ਲਈ ਬਾਲਣ ਦੇ ਰੂਪ ਚ ਕਿਸੇ ਨੇ ਦਾਨ ਕੀਤੀ ਹੈ।ਇਸ ਲਈ ਇਹ ਲਕੜ ਨਹੀਂ ਚੁਕਣ ਦਿਤੀ ਜਾਵੇਗੀ।ਇਸ ਸਬਧੀ ਕੁਝ ਲੋਕਾਂ ਅਤੇ ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਨਿਹੰਗ ਸਿੰਘਾਂ ਦੀ ਆੜ ਚ ਕੁਝ ਲੋਕ ਲਕੜ ਦੀ ਚੋਰੀ ਅਤੇ ਤਸਕਰੀ ਲਈ ਸਰਗਰਮ ਹਨ।ਪੁਲਿਸ ਪਾਰਟੀ ਤੇ ਹਮਲਾ ਕਰਕੇ ਮੁਲਾਜਮ ਨੂੰ ਜਖਮੀ ਕਰਨ, ਸਰਕਾਰੀ ਡਿਊਟੀ ਚ ਵਿਘਨ ਪਾਉਣ, ਸਰਕਾਰੀ ਸੰਪਤੀ ਦੀ ਚੋਰੀ, ਪੁਲਿਸ ਮੁਲਾਜ਼ਮਾਂ ਨਾਲ ਲੁਟ ਖੋਹ ਕਰਨ ਦੇ ਗੰਭੀਰ ਦੋਸ਼ਾਂ ਤਹਿਤ ਜਸਵਿੰਦਰ ਸਿੰਘ,ਸਿੰਗਾਰਾ ਸਿੰਘ,ਤਰਸੇਮ ਸਿੰਘ,ਜਰਨੈਲ ਸਿੰਘ ਪੁਤਰ ਮੋਹਣ ਸਿੰਘ, ਵਾਸੀ ਸਖੋਵਾਲ,ਕਾਲਾ ਪੁਤਰ ਭਜਨ ਸਿੰਘ,ਸਤਨਾਮ ਸਿੰਘ ਪੁਤਰ ਤਰਸੇਮ ਸਿੰਘ,ਜਗਦੀਸ਼ ਸਿੰਘ ਪੁਤਰ ਦੀਵਾਨ ਸਿੰਘ ਵਾਸੀ ਟਾਂਗਰਾ ਖਿਲਾਫ ਥਾਣਾ ਕਾਹਨੂੰਵਾਨ ਚ ਧਾਰਾ307,379,379 ਬੀ,353,186,148,149 ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।ਥਾਣਾ ਕਾਹਨੂੰਵਾਨ ਦੀ ਪੁਲਿਸ ਵਲੋਂ ਮੁਲਜਮਾਂ ਨੂੰ ਕਾਬੂ ਕਰਨ ਲਈ ਐਸ ਐਚ ਓ ਕਾਹਨੂੰਵਾਨ ਸੁਰਿੰਦਰਪਾਲ ਸਿੰਘ ਅਤੇ ਧਾਰੀਵਾਲ ਅਮਨ ਦੀਪ ਸਿੰਘ ਦੀ ਅਗਵਾਈ ਚ ਛਾਪੇਮਾਰੀ ਕੀਤੀ ਗਈ ਪਰ ਅਜੇ ਨਾਮਜ਼ਦ ਕੀਤੇ ਲੋਕ ਫਰਾਰ ਹਨ।