ਮੌੜ ਮੰਡੀ, 31 ਮਾਰਚ (ਰੇਸ਼ਮ ਸਿੰਘ ਕੁੱਬੇ)- ਮਾਲਵੇ ਦੇ ਬਠਿੰਡਾ ਜ਼ਿਲ੍ਹੇ ਦੇ ਪਿੰਡ ਰਾਜਗੜ੍ਹ ਕੁੱਬੇ ਦੇ ਸਟੇਟ ਯੂਥ ਅਵਾਰਡੀ ਨੌਂਜਵਾਨ ਪ੍ਰੋ: ਅੰਗਰੇਜ ਸਿੰਘ ਰਿੰਪੀ ਨੂੰ ਅੰਤਰਰਾਸ਼ਟਰੀ ਯੁਵਕ ਕਮੇਟੀ ਵੱਲੋਂ ਪੰਜਾਬ ਸੂਬੇ ਲਈ ਕੋਆਰਡੀਨੇਟਰ ਨਿਯੁਕਤ ਕੀਤਾ ਹੈ। ਜ਼ਿਕਰਯੋਗ ਹੈ ਕਿ ਅੰਤਰਰਾਸ਼ਟਰੀ ਯੁਵਕ ਕਮੇਟੀ ਇੱਕ ਅੰਤਰਰਾਸ਼ਟਰੀ ਸੰਸਥਾ ਹੈ ਜੋ ਕਿ 170 ਦੇਸ਼ਾਂ ਵਿਚ ਸੰਯੁਕਤ ਰਾਸ਼ਟਰ ਦੇ ਸਹਿਯੋਗ ਨਾਲ ਯੁਵਕ ਵਿਕਾਸ ਅਤੇ ਜਾਗਰੂਕਤਾ ਤੇ ਕੰਮ ਕਰ ਰਹੀ ਹੈ ਤੇ ਇਸ ਸੰਸਥਾ ਦੇ ਪੂਰੇ ਵਿਸ਼ਵ ਵਿਚ 6 ਲੱਖ ਨੌਂਜਵਾਨ ਮੈਂਬਰ ਹਨ ਤੇ 57 ਦੇਸ਼ਾਂ ਵਿਚ ਇਸ ਸੰਸਥਾ ਦੇ ਦਫ਼ਤਰ ਵੀ ਸਥਾਪਿਤ ਹਨ। ਇਹ ਸੰਸਥਾ ਭਾਰਤ ਅਤੇ ਵਿਸ਼ਵ ਦੇ ਹੋਰ ਦੇਸ਼ਾਂ ਵਿਚ ਆਪਣੇ ਵੱਖ ਵੱਖ ਵਿਸ਼ਵ ਪੱਧਰ ਦੇ ਪ੍ਰੋਗਰਾਮ ਅਤੇ ਕਾਨਫਰੰਸ ਆਯੋਜਿਤ ਕਰਦੀ ਹੈ ਜਿਸ ਵਿਚ ਦੇਸ਼ਾਂ ਦੇ ਨੁਮਾਇੰਦਿਆਂ ਦੀ ਚੋਣ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਸਮਾਜ ਸੇਵਾ ਦੇ ਖੇਤਰ ਵਿਚ ਵਧੀਆ ਕਾਰਗੁਜਾਰੀ ਕਰਨ ਵਾਲੇ ਨੌਂਜਵਾਨਾਂ ਨੂੰ ਰਾਸ਼ਟਰੀ ਅਵਾਰਡ ਅਤੇ ਅੰਤਰਰਾਸ਼ਟਰੀ ਅਵਾਰਡ ਨਾਲ ਸਨਮਾਨਤ ਵੀ ਕਰਦੀ ਹੈ। ਨਵੀਂ ਦਿੱਲੀ ਵਿਖੇ ਕਮੇਟੀ ਦੇ ਸੰਸਥਾਪਕ ਅਤੇ ਚੇਅਰਮੈਨ ਸ਼੍ਰੀ ਕੇ ਕੇ ਸਿੰਘ ਨੇ ਪ੍ਰੋ: ਅੰਗਰੇਜ ਸਿੰਘ ਸਬੰਧੀ ਕਿਹਾ ਕਿ ਯੁਵਕ ਵਿਕਾਸ, ਯੁਵਕ ਸਿਖਲਾਈ ਅਤੇ ਜਾਗਰੂਕਤਾ ਦੇ ਖੇਤਰ ਵਿਚ ਕੀਤੇ ਹੋਏ ਕੰਮਾਂ ਅਤੇ ਪਾਏ ਹੋਏ ਯੋਗਦਾਨ ਨੂੰ ਦੇਖਦੇ ਹੋਏ ਪੰਜਾਬ ਸੂਬੇ ਲਈ ਕੋਆਰਡੀਨੇਟਰ ਦੇ ਆਹੁਦੇ ਲਈ ਨਿਯੁਕਤ ਕੀਤਾ ਹੈ। ਦੂਜੇ ਪਾਸੇ ਪ੍ਰੋ: ਅੰਗਰੇਜ ਸਿੰਘ ਨੇ ਆਪਣੀ ਇਸ ਚੋਣ ਲਈ ਖੁਸ਼ੀ ਜਾਹਰ ਕਰਦਿਆਂ ਕਿਹਾ ਕਿ ਅੰਤਰਰਾਸ਼ਟਰ ਸੰਸਥਾ ਦਾ ਇਹ ਆਹੁਦਾ ਮੇਰੇ ਲਈ ਬਹੁਤ ਹੀ ਵੱਡੀ ਜਿੰਮੇਵਾਰੀ ਹੈ ਉਹ ਪੰਜਾਬ ਦੇ ਨੌਂਜਵਾਨਾਂ ਦੀ ਵੀ ਇਸ ਅੰਤਰਰਾਸ਼ਟਰੀ ਸੰਸਥਾ ਦੇ ਵੱਖ ਵੱਖ ਪ੍ਰੋਗਰਾਮਾਂ ਵਿਚ ਸ਼ਮੂਲੀਅਤ ਕਰਵਾਉਣਗੇ। ਉਨ੍ਹਾਂ ਕਿਹਾ ਕਿ ਪੰਜਾਬ ਦਾ ਨੌਂਜਵਾਨ ਵਰਗ ਪਹਿਲਾਂ ਹੀ ਬੇਰੁਜ਼ਗਾਰੀ, ਨਸ਼ੇ, ਗੈਂਗਸਟਰ ਆਦਿ ਸਮੱਸਿਆਵਾਂ ਨਾਲ ਜੂਝ ਰਿਹਾ ਹੈ ਸੋ ਨੌਂਜਵਾਨਾਂ ਨੂੰ ਜਾਗਰੂਕ ਹੋ ਕੇ ਵੱਖ ਵੱਖ ਸਮਾਜਕ ਮੁੱਦਿਆਂ ਅਤੇ ਸਮੱਸਿਆਵਾਂ ਦੇ ਹੱਲ ਲਈ ਅੱਗੇ ਆਉਣਾ ਚਾਹੀਦਾ ਹੈ। ਇਥੇ ਇਹ ਵੀ ਦਸਣਾ ਬਣਦਾ ਹੈ ਕਿ ਅੰਗਰੇਜ ਸਿੰਘ ਰਿੰਪੀ ਯੁਵਕ ਸਿਖਲਾਈ, ਯੁਵਕ ਜਾਗਰੂਕਤਾ ਅਤੇ ਸਮਾਜ ਸੇਵਾ ਦੇ 100 ਦੇ ਕਰੀਬ ਰਾਜ ਪੱਧਰੀ ਅਤੇ ਰਾਸ਼ਟਰੀ ਕੈਂਪ ਲਗਾ ਚੁੱਕੇ ਹਨ। ਇਸ ਮੌਕੇ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਕੁਲਵਿੰਦਰ ਸਿੰਘ, ਭੁਪਿੰਦਰ ਸਿੰਘ ਮਾਨ, ਅੰਮ੍ਰਿਤਪਾਲ ਸਿੰਘ ਬਰਾੜ, ਜਗਤਾਰ ਸਿੰਘ ਅਣਜਾਣ, ਤਰਸੇਮ ਸਿੰਘ ਬੁੱਟਰ, ਸੰਤਾਂ ਸਿੰਘ ਫੌਜੀ ਕਬੱਡੀ ਕੋਚ ਕੁੱਬੇ, ਹਰਮੇਲ ਸਿੰਘ ਲਾਡੀ ਖਾਲਸਾ, ਪ੍ਰਮਜੀਤ ਸਿੰਘ ਖਾਲਸਾ, ਹਰਦੀਪ ਸਿੰਘ ਕੁੱਬੇ, ਸਰਪੰਚ ਗੁਰਪ੍ਰੀਤ ਸਿੰਘ ਕੁੱਬੇ ਅਤੇ ਰੇਸ਼ਮ ਸਿੰਘ ਕੁੱਬੇ ਨੇ ਵਧਾਈ ਦਿੰਦਿਆਂ ਕਿਹਾ ਕਿ ਪ੍ਰੋ: ਅੰਗਰੇਜ ਸਿੰਘ ਦੀ ਇਸ ਪ੍ਰਾਪਤੀ ਨਾਲ ਇਲਾਕੇ ਦਾ ਨਾਮ ਰੌਸ਼ਨ ਹੋਇਆ ਹੈ ਤੇ ਅਸੀਂ ਆਸ ਕਰਦੇ ਹਾਂ ਕਿ ਸਮਾਜ ਸੇਵਾ ਦੇ ਖੇਤਰ ਵਿਚ ਆਪਣੀ ਜਿੰਮੇਵਾਰੀ ਇਸੇ ਤਰ੍ਹਾ ਨਿਭਾਉਂਦੇ ਰਹਿਣਗੇ।