ਪੰਜਾਬੀ ਗਾਇਕੀ ’ਚ ਲੱਚਰਤਾ ਪਰੋਸੀ ਤਾਂ ਤਿੰਨ ਮਹੀਨੇ ਦੀ ਹੋਵੇਗੀ ਕੈਦ
ਚੰਡੀਗੜ੍ਹ, 31 ਮਾਰਚ- ‘‘ਪੰਜਾਬ ਸਰਕਾਰ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬੀ ਗਾਇਕੀ ਵਿਚੋਂ ਲਚਰਤਾ ਦੇ ਖਾਤਮੇ ਲਈ ਪੂਰਨ ਤੌਰ ਤੇ ਸੰਜੀਦਗੀ ਨਾਲ ਕੰਮ ਕਰ ਰਹੀ ਹੈ।’’”ਇਹ ਪ੍ਰਗਟਾਵਾ ਪੰਜਾਬ ਦੇ ਸਭਿਆਚਾਰਕ ਮਾਮਲੇ ਤੇ ਸੈਰ ਸਪਾਟਾ ਮੰਤਰੀ ਸ. ਨਵਜੋਤ ਸਿੰਘ ਸਿਧੂ ਨੇ ਅਜ ਇਥੇ ਪੰਜਾਬ ਭਵਨ ਵਿਖੇ ਨਾਮਵਰ ਪੰਜਾਬ ਦੇ ਸਾਹਿਤਕਾਰਾਂ, ਬੁਧੀਜੀਵੀਆਂ, ਕਲਾਕਾਰਾਂ ਤੇ ਚਿੰਤਕਾਂ ਨਾਲ ਇਕ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਪ੍ਰਗਟ ਕੀਤੇ। ਉਨ੍ਹਾਂ ਇਸ ਮੌਕੇ ਐਲਾਨ ਕੀਤਾ ਕਿ ‘ਪੰਜਾਬ ਸਭਿਆਚਾਰ ਕਮਿਸ਼ਨ’ ਦੀ ਸਥਾਪਨਾ ਕੀਤੀ ਜਾਵੇਗੀ ਤਾਂ ਜੋ ਪੰਜਾਬੀ ਗਾਇਕੀ ਵਿਚੋਂ ਲਚਰਤਾ ਦੀ ਲਾਹਨਤ ਨੂੰ ਪੂਰੀ ਤਰ੍ਹਾਂ ਖਤਮ ਕੀਤਾ ਜਾ ਸਕੇ। ਉਨ੍ਹਾਂ ਅਗੇ ਕਿਹਾ ਕਿ ਇਸ ਕਮਿਸ਼ਨ ਨੂੰ ਪੰਜਾਬ ਸਰਕਾਰ ਵਲੋਂ ਮਾਨਤਾ ਹਾਸਲ ਹੋਵੇਗੀ ਅਤੇ ਇਹ ਕਮਿਸ਼ਨ ਕਾਨੂੰਨ ਵਿਚ ਦਰਜ ਪ੍ਰਾਵਧਾਨਾਂ ਅਨੁਸਾਰ ਉਨ੍ਹਾਂ ਗਾਇਕਾਂ ਖਿਲਾਫ ਕਾਨੂੰਨ ਅਨੁਸਾਰ ਸਖਤ ਕਾਰਵਾਈ ਦੀਆਂ ਸਿਫਾਰਿਸ਼ਾਂ ਕਰੇਗੀ ਜੋ ਕਿ ਆਪਣੇ ਗੀਤਾਂ ਰਾਹੀਂ ਲਚਰਤਾ ਅਤੇ ਹਿੰਸਾਤਮਕ ਰੁਝਾਨਾਂ ਨੂੰ ਬੜ੍ਹਾਵਾ ਦੇ ਰਹੇ ਹਨ ਅਤੋ ਪੰਜਾਬ ਦੇ ਸ਼ਾਨਾਮਤੇ ਸਭਿਆਚਾਰ ਨੂੰ ਖੋਰਾ ਲਾ ਰਹੇ ਹਨ। ਉਨ੍ਹਾਂ ਅਗੇ ਦਸਿਆ ਕਿ ਲੋੜ ਪੈਣ ਉਤੇ ਕਮਿਸ਼ਨ ਨੂੰ ਇਹ ਅਧਿਕਾਰ ਵੀ ਹਾਸਲ ਹੋਣਗੇ ਕਿ ਲਚਰ ਗੀਤ ਗਾਉਣ ਵਾਲੇ ਅਤੇ ਹਿੰਸਾ ਨੂੰ ਬੜ੍ਹਾਵਾ ਦੇਣ ਵਾਲੇ ਗਾਇਕਾਂ ਨੂੰ ਕਾਰਣ ਦਸੋ ਨੋਟਿਸ ਜਾਰੀ ਕੀਤੇ ਜਾਣ, ਫਿਰ ਉਨ੍ਹਾਂ ਨੂੰ ਸਦ ਕੇ ਸਮਝਾਇਆ ਜਾਵੇ ਅਤੇ ਜੇਕਰ ਉਹ ਫਿਰ ਵੀ ਲਚਰ ਗੀਤਾਂ ਤੋਂ ਗੁਰੇਜ਼ ਨਾ ਕਰਨ ਤਾਂ ਕਮਿਸ਼ਨ ਕੋਲ ਉਨ੍ਹਾਂ ਖਿਲਾਫ ਐਫ.ਆਈ.ਆਰ. ਦਰਜ ਕਰਵਾਉਣ ਦਾ ਬਦਲ ਵੀ ਖੁਲ੍ਹਾ ਹੋਵੇਗਾ। ਉਨਾਂ ਇਹ ਵੀ ਜਾਣਕਾਰੀ ਦਿਤੀ ਕਿ ਆਈ.ਪੀ.ਸੀ. ਦੀ ਧਾਰਾ 290, 294 ਅਤੇ ਇਨਫਰਮੇਸ਼ਨ ਟੈਕਨਾਲੋਜੀ ਐਕਟ, 2000 ਦੀਆਂ ਧਾਰਾਵਾਂ 67 ਅਤੇ 67 ਏ ਵਿਚ ਇਸ ਸਬੰਧੀ ਕਾਰਵਾਈ ਲਈ ਯੋਗ ਪ੍ਰਾਵਧਾਨ ਮੌਜੂਦ ਹਨ।ਸ. ਸਿਧੂ ਨੇ ਇਹ ਵੀ ਦ੍ਰਿੜਾਇਆ ਕਿ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਇਕ ਚੋਣ ਸਿਰਫ ਦੂਸਰੀਆਂ ਚੋਣਾਂ ਲੜਨ ਖਾਤਰ ਹੀ ਨਹੀ ਲੜਦੀ ਸਗੋਂ ਉਸ ਨੂੰ ਲਚਰਤਾ ਦੇ ਚੁੰਗਲ ਤੋਂ ਪੰਜਾਬ ਦੀ ਆਉਣ ਵਾਲੀ ਪਨੀਰੀ ਨੂੰ ਬਚਾਉਣ ਦਾ ਤਹਿ ਦਿਲੋਂ ਖਿਆਲ ਹੈ ਅਤੇ ਮੌਜੂਦਾ ਸਮੇਂ ਚੁਕੇ ਜਾ ਰਹੇ ਢੁਕਵੇਂ ਕਦਮ ਇਹ ਯਕੀਨੀ ਬਣਾਉਣਗੇ ਕਿ ਆਮ ਲੋਕ ਸਾਫ ਸੁਥਰੇ ਗੀਤ ਆਪਣੇ ਪਰਿਵਾਰਿਕ ਮੈਂਬਰਾਂ ਨਾਲ ਬੈਠ ਕੇ ਸੁਣ ਸਕਣ।ਉਨ੍ਹਾਂ ਇਹ ਵੀ ਕਿਹਾ ਕਿ ਮੁਖ ਮੰਤਰੀ ਇਸ ਕਮਿਸ਼ਨ ਦੇ ਪੈਟਰਨ ਇਨ ਚੀਫ ਅਤੇ ਉਹ ਖੁਦ ਪੈਟਰਨ ਹੋਣਗੇ। ਕਮਿਸ਼ਨ ਦੇ ਬਾਕੀ ਮੈਂਬਰਾਂ ਦੇ ਨਾਂ ਤਜਵੀਜ਼ ਕਰਨ ਦੇ ਅਧਿਕਾਰ ਪੰਜਾਬ ਕਲਾ ਪ੍ਰੀਸ਼ਦ ਦੇ ਚੇਅਰਮੈਨ ਪਦਮ ਸ੍ਰੀ ਡਾ. ਸੁਰਜੀਤ ਪਾਤਰ ਨੂੰ ਸੌਂਪੇ ਗਏ ਹਨ ਜੋ ਕਿ ਇਸ ਕਮਿਸ਼ਨ ਦੇ ਚੇਅਰਮੈਨ ਹੋਣਗੇ। ਸ. ਸਿਧੂ ਨੇ ਇਹ ਵੀ ਜਾਣਕਾਰੀ ਦਿਤੀ ਕਿ ਇਹ ਕਮਿਸ਼ਨ ਆਪਣੀ ਰਿਪੋਰਟ 2 ਹਫਤਿਆਂ ਦੇ ਅੰਦਰ ਦੇਵੇਗਾ ਅਤੇ ਇਹ ਰਿਪੋਰਟ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲ ਪੇਸ਼ ਕੀਤੀ ਜਾਵੇਗੀ।
ਇਸ ਮੌਕੇ ਡਾ. ਸੁਰਜੀਤ ਪਾਤਰ ਨੇ ਪੰਜਾਬ ਕਲਾ ਪ੍ਰੀਸ਼ਦ ਵਲੋਂ ਲਚਰਤਾ ਨੂੰ ਨਥ ਪਾਉਣ ਅਤੇ ਪੰਜਾਬੀ ਸਭਿਆਚਾਰ ਨੂੰ ਹੋਰ ਪ੍ਰਫੁਲਿਤ ਕਰਨ ਲਈ ਪ੍ਰੀਸ਼ਦ ਵਲੋਂ ਕੀਤੇ ਜਾ ਰਹੇ ਯਤਨਾਂ ਬਾਰੇ ਚਾਨਣਾ ਪਾਉਂਦੇ ਕਿਹਾ ਕਿ ਜ਼ਿਲ੍ਹਾ, ਤਹਿਸੀਲ ਅਤੇ ਪਿੰਡ ਪਧਰ ਉਤੇ ਪੰਜਾਬ ਦੇ ਸਭਿਆਚਾਰ, ਇਤਿਹਾਸ ਅਤੇ ਸ਼ਾਨਦਾਰ ਪਰੰਪਰਾਵਾਂ ਬਾਰੇ ਜਾਗਰੂਕਤਾ ਫੈਲਾਉਣ ਲਈ ਪ੍ਰੀਸ਼ਦ ਵਲੋਂ ਅਣਥਕ ਘਾਲਣਾ ਘਾਲੀ ਜਾ ਰਹੀ ਹੈ ਤਾਂ ਜੋ ਸੂਬੇ ਦਾ ਕੋਈ ਵੀ ਕੋਨਾ ਪੰਜਾਬ ਦੇ ਸ਼ਾਨਦਾਰ ਇਤਿਹਾਸ ਦੀ ਜਾਣਕਾਰੀ ਤੋਂ ਵਾਂਝਾ ਨਾ ਰਹੇ।ਇਸ ਮੀਟਿੰਗ ਦੌਰਾਨ ਵਖੋ-ਵਖ ਮਾਹਿਰਾਂ ਵਲੋਂ ਗੀਤਾਂ ਦੇ ਵਰਗੀਕਰਣ, ਆਰਥਿਕ ਪਖੋਂ ਕਮਜ਼ੋਰ ਪਰ ਸਾਫ ਸੁਥਰਾ ਗਾਉਣ ਵਾਲੇ ਗਾਇਕਾਂ ਨੂੰ ਹੌਸਲਾਂ ਹਫਜਾਈ ਦੇਣ ਅਤੇ ਚੰਗੇ ਤੇ ਮਿਆਰੀ ਗੀਤ ਲਿਖਣ ਵਾਲੇ ਗੀਤਕਾਰਾਂ ਨੂੰ ਹਲਾਸ਼ੇਰੀ ਦੇ ਕੇ ਅਗੇ ਲਿਆਉਣ ਬਾਰੇ ਵੀ ਵਿਚਾਰ ਪੇਸ਼ ਕੀਤੇ ਗਏ।ਇਸ ਮੌਕੇ ਪੰਜਾਬੀ ਸੰਗੀਤ ਜਗਤ ਦੀ ਮਸ਼ਹੂਰ ਹਸਤੀ ਜਰਨੈਲ ਘੁਮਾਣ, ਪੰਜਾਬ ਕਲਾ ਪ੍ਰੀਸ਼ਦ ਦੇ ਸਕਤਰ ਜਨਰਲ ਡਾ. ਲਖਵਿੰਦਰ ਸਿੰਘ ਜੌਹਲ, ਪੰਜਾਬ ਸੰਗੀਤ ਨਾਟਕ ਅਕਾਦਮੀ ਦੇ ਪ੍ਰਧਾਨ ਕੇਵਲ ਧਾਲੀਵਾਲ, ਸਭਿਆਚਾਰਕ ਪਾਰਲੀਮੈਂਟ ਦੇ ਕੋ-ਆਰਡੀਨੇਟਰ ਨਿੰਦਰ ਘੁਗਿਆਣਵੀ, ਉਘੇ ਗਾਇਕ ਪੰਮੀ ਬਾਈ, ਗਾਇਕਾ ਸੁਖੀ ਬਰਾੜ, ਪੰਜਾਬੀ ਭਾਸ਼ਾ ਲਈ ਕੰਮ ਕਰਨ ਵਾਲੇ ਪੰਡਿਤ ਰਾਓ ਧਰੇਨਾਵਾਰ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਪੰਜਾਬੀ ਵਿਭਾਗ ਦੇ ਮੁਖੀ ਡਾ. ਯੋਗਰਾਜ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਪੰਜਾਬੀ ਵਿਭਾਗ ਤੋਂ ਡਾ. ਦਰਿਆ, ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਪੰਜਾਬੀ ਦੇ ਪ੍ਰੋਫੈਸਰ ਡਾ. ਰਾਜਿੰਦਰਪਾਲ ਸਿੰਘ, ਜਸਟਿਸ ਖੁਸ਼ਦਿਲ, ਅਤੇ ਚਰਨਜੀਤ ਕੌਰ ਬਰਨਾਲਾ ਨੇ ਵੀ ਆਪਣੇ ਵਿਚਾਰ ਠੋਸ ਰੂਪ ਵਿਚ ਰਖੇ