ਬਟਾਲਾ, 30 ਮਾਰਚ (ਕਾਜਲ ਅਗਰਵਾਲ, ਲੱਕੀ)- ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਗੁਰਦਾਸਪੁਰ ਤੋਂ ਲੋਕ ਸਭਾ ਮੈਂਬਰ ਸ੍ਰੀ ਸੁਨੀਲ ਜਾਖੜ ਨੇ ਆਖਿਆ ਹੈ ਕਿ ਕੇਂਦਰ ਸਰਕਾਰ ਦੇ ਕਿਸਾਨਾਂ ਦੀ ਆਮਦਨ ਦੁੱਗਣਾ ਕਰਨ ਦੇ ਦਾਅਵੇ ਖੋਖਲੇ ਹਨ ਅਤੇ ਧਰਾਤਲ ਤੇ ਕੇਂਦਰ ਸਰਕਾਰ ਇਸ ਲਈ ਕੁਝ ਵੀ ਠੋਸ ਪਹਿਲਕਦਮੀ ਨਹੀਂ ਕਰ ਰਹੀ ਹੈ। ਸ੍ਰੀ ਜਾਖੜ ਨੇ ਇੱਥੇ ਜਾਰੀ ਬਿਆਨ ਵਿਚ ਦੱਸਿਆ ਕਿ ਉਨ੍ਹਾਂ ਨੇ ਕਿਸਾਨਾਂ ਦੀ ਆਮਦਨ ਵਾਧੇ ਸਬੰਧੀ ਲੋਕ ਸਭਾ ਵਿਚ ਇਕ ਸਵਾਲ ਪੁੱਛਿਆ ਸੀ ਜਿਸ ਦੇ ਜਵਾਬ ਨੇ ਕੇਂਦਰ ਸਰਕਾਰ ਦੇ ਖੋਖਲੇ ਦਾਅਵਿਆਂ ਦਾ ਸੱਚ ਉਜਾਗਰ ਕਰ ਦਿੱਤਾ ਹੈ। ਸ੍ਰੀ ਜਾਖੜ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਖੇਤੀ ਅਤੇ ਕਿਸਾਨ ਕਲਿਆਣ ਮੰਤਰਾਲੇ ਤੋਂ ਪੁੱਛੇ ਸਵਾਲ ਦੇ ਜਵਾਬ ਵਿਚ ਕੇਂਦਰੀ ਖੇਤੀ ਅਤੇ ਕਿਸਾਨ ਕਲਿਆਣ ਵਿਭਾਗ ਦੇ ਰਾਜ ਮੰਤਰੀ ਸ੍ਰੀ ਗਜੇਂਦਰ ਸਿੰਘ ਸੇਖਾਵਤ ਨੇ ਦੱਸਿਆ ਕਿ ਅਨਾਜ ਅਤੇ ਬਾਜਰੇ ਤੋਂ ਇਲਾਵਾ ਹੋਰ ਫਸਲਾਂ ਹੇਠ ਕੁੱਲ ਫਸਲਾਂ ਹੇਠ ਰਕਬੇ ਦਾ 49 ਫੀਸਦੀ ਖੇਤਰ ਹੈ। ਇਸੇ ਤਰਾਂ ਮੰਤਰੀ ਨੇ ਦੱਸਿਆ ਕਿ 2022 ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਲਈ 13 ਅਪ੍ਰੈਲ 2016 ਨੂੰ ਇਕ ਅੰਤਰ-ਮੰਤਰਾਲੀ ਕਮੇਟੀ ਦਾ ਗਠਨ ਕੀਤਾ ਗਿਆ ਸੀ ਤਾਂ ਜੋ ਇਹ ਕਮੇਟੀ ਇਸ ਸਬੰਧੀ ਸੁਝਾਅ ਦੇ ਸਕੇ। ਪਰ ਸਦਨ ਵਿਚ ਕੇਂਦਰ ਸਰਕਾਰ ਦੇ ਜਵਾਬ ਅਨੁਸਾਰ ਇਸ ਕਮੇਟੀ ਦੇ ਸੁਝਾਵਾ ਨੂੰ ਹਾਲੇ ਤੱਕ ਵਿਭਾਗ ਦੀ ਵੇਬਸਾਈਟ ਤੇ ਆਨ ਲਾਈਨ ਕਰਕੇ ਜਨਤਾ ਦੇ ਇਸ ਤੇ ਸੁਝਾਅ ਮੰਗੇ ਗਏ ਹਨ।