ਸੰਗਰੂਰ, 27 ਮਾਰਚ (ਯੋਗੇਸ਼ ਸ਼ਰਮਾ)- ਸਥਾਨਕ ਸਰਕਾਰੀ ਰਣਬੀਰ ਕਾਲਜ ਨਜ਼ਦੀਕ ਇਕ ਕਾਰ ਅਤੇ ਮੋਟਰਸਾਇਕਲ ਵਿੱਚ ਵਾਪਰੇ ਭਿਆਨਕ ਸੜਕ ਹਾਦਸੇ ਦੌਰਾਨ ਦਸਵੀਂ ਜਮਾਤ ਦੇ ਦੋ ਵਿਦਿਆਰਥੀਆਂ ਦੇ ਗੰਭੀਰ ਰੂਪ ਵਿੱਚ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ ਰਣਬੀਰ ਕਾਲਜ ਨਜ਼ਦੀਕ ਦੁਪਿਹਰ ਸਮੇਂ ਇੱਕ ਕਰੂਜ਼ ਕਾਰ ਅਤੇ ਮੋਟਰਸਾਇਕਲ ਵਿੱਚ ਭਿਆਨਕ ਟੱਕਰ ਹੋ ਗਈ, ਜਿਸ ਦੌਰਾਨ ਰੋਨਿਤ ਵਰਮਾ (15) ਪੁੱਤਰ ਸ਼੍ਰੀ ਦੇਵਰਾਜ ਵਾਸੀ ਸੇਖੁਪੂਰਾ ਬਸਤੀ ਅਤੇ ਵਰੁਨ ਕੁਮਾਰ (17) ਪੁੱਤਰ ਦੇਵਰਾਜ ਸੇਖੁਪੂਰਾ ਬਸਤੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ।ਜ਼ਖਮੀਆਂ ਨੂੰ ਸਥਾਨਕ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਜਿਥੇ ਡਾਕਟਰਾਂ ਨੇ ਵਰੁਨ ਕੁਮਾਰ ਦੀ ਗੰਭੀਰ ਹਾਲਤ ਦੇਖਦਿਆਂ ਉਸਨੂੰ ਪਟਿਆਲਾ ਰੈਫਰ ਕਰ ਦਿੱਤਾ। ਸਿਵਲ ਹਸਪਤਾਲ ਵਿੱਚ ਤਾਇਨਾਤ ਡਾਕਟਰ ਬਲਜੀਤ ਸਿੰਘ ਨੇ ਦੱਸਿਆ ਕਿ ਵਰੁਨ ਕੁਮਾਰ ਦੇ ਸਿਰ ਵਿਚ ਗੰਭੀਰ ਸੱਟਾਂ ਵੱਜੀਆਂ ਹਨ ਜਦਕਿ ਰੋਨਿਤ ਕੁਮਾਰ ਦੀ ਹਾਲਤ ਸਥਿਰ ਹੈ।ਸਥਾਨਕ ਸਿਵਲ ਹਸਪਤਾਲ ਵਿੱਚ ਪੁੱਜੇ ਥਾਣਾ ਸਿਟੀ ਇੰਚਾਰਜ ਵਿਨੋਦ ਕੁਮਾਰ ਨੇ ਦੱਸਿਆ ਕਿ ਕਾਰ ਚਾਲਕ ਦੀ ਪਛਾਣ ਸਹਿਜ ਨਾਂ ਦੇ ਨੌਜਵਾਨ ਵਜੋਂ ਹੋਈ ਹੈ ਪਰ ਉਕਤ ਨੌਜਵਾਨ ਮੌਕੇ ’ਤੇ ਫਰਾਰ ਹੈ।ਉਨ੍ਹਾਂ ਕਿਹਾ ਜ਼ਖਮੀਆਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ’ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।