ਜਦੋਂ ਇਕ ਪੰਜਾਬ ਦੂਜੇ ਪੰਜਾਬ ਨੂੰ ਮੁਖ਼ਾਤਬ ਹੋਇਆ

ਮੱਲਾ ਉਧਰਲੇ ਪੰਜਾਬ ਤੋਂ ਆਇਐ? ਬਜ਼ੁਰਗ ਨੇ ਮੇਰੇ ਸਿਰ ’ਤੇ ਹੱਥ ਰੱਖਦੇ ਹੋਏ ਪੁੱਛਿਆ। ਹਾਂ ਬਾਬਾ ਜੀ, ਨਾਨਕ ਦੀ ਧਰਤੀ ਦੀ ਜ਼ਿਆਰਤ ਕਰਨ ਉਧਰੋਂ ਹੀ ਆਇਆ ਹਾਂ। ਮੈਂ ਬੜੀ ਨਿਮਰਤਾ ਨਾਲ ਜਵਾਬ ਦਿੱਤਾ। ਹਲਾ, ਚੰਗਾ ਕੀਤੈ, ਬਹੁਤ ਚੰਗਾ ਕੀਤੈ। ਬਾਬੇ ਨੇ ਗੱਲ ਅਗਾਂਹ ਤੋਰਨ ਦੇ ਮੂਡ ਵਿੱਚ ਮੇਰੇ ਲਾਗੇ ਬੈਠਦੇ ਹੋਏ ਕਿਹਾ। ਤਕਰੀਬਨ ਰਾਤ ਦੇ ਅੱਠ ਕੁ ਵਜੇ ਦਾ ਵਕਤ ਹੋਵੇਗਾ। ਮੈਂ ਗੁਰਦੁਆਰਾ ਨਨਕਾਣਾ ਸਾਹਿਬ ਦੇ ਸਾਹਮਣੇ ਵਾਲੇ ਛੋਟੇ ਜਿਹੇ ਬਾਜ਼ਾਰ ਵਿੱਚ ਚਾਹ ਦੁੱਧ ਦੀ ਦੁਕਾਨ ’ਤੇ ਬੈਠਾ ਦੁੱਧ ਪੀ ਰਿਹਾ ਸੀ। ਦਸੰਬਰ ਮਹੀਨਾ ਹੋਣ ਕਾਰਨ ਖੇਸਾਂ ਦੀ ਬੁੱਕਲ ਮਾਰੀ ਤਿੰਨ ਚਾਰ ਹੋਰ ਆਦਮੀ ਵੀ ਉਥੇ ਬੈਠੇ ਸਨ ਅਤੇ ਉਨ੍ਹਾਂ ਦਾ ਧਿਆਨ ਵੀ ਸਾਡੀਆਂ ਗੱਲਾਂ ਵੱਲ ਸੀ। ਮੈਂ ਗੁਰਦੁਆਰੇ ਵਿੱਚ ਸਿੱਖ ਸੰਗਤਾਂ ਦੀ ਕੰਬਲਾਂ ਅਤੇ ਕਮਰਿਆਂ ਕਾਰਨ ਹੋਈ ਖਿੱਚ ਧੂਹ ਵੇਖ ਕੇ ਬਹੁਤ ਦੁਖੀ ਸੀ। ਬਹੁਤ ਸਾਰੇ ਲੋਕ ਉਸ ਵੇਲੇ ਦਿੱਲੀ ਕਮੇਟੀ ਦੇ ਮੁਖੀ ਸ. ਪਰਮਜੀਤ ਸਿੰਘ ਸਰਨਾ ਨੂੰ ਬੁਰਾ ਭਲਾ ਕਹਿ ਰਹੇ ਸਨ, ਕਿਉਂਕਿ ਉਨ੍ਹਾਂ ਮੁਤਾਬਿਕ ਸਰਨਾ ਨੇ ਦਿੱਲੀ ਦੀਆਂ ਸੰਗਤਾਂ ਨੂੰ ਤਰਜੀਹ ਦਿੱਤੀ ਸੀ, ਬਾਕੀ ਥਾਵਾਂ ਦੇ ਲੋਕ ਕੰਬਲਾਂ ਅਤੇ ਰਜਾਈਆਂ ਲਈ ਟੱਕਰਾਂ ਮਾਰ ਰਹੇ ਸਨ। ਇਕ-ਦੋ ਨੇ ਤਾਂ ਬਾਹਰ ਰਹਿਣ ਦਾ ਇੰਤਜ਼ਾਮ ਵੀ ਕਰ ਲਿਆ ਸੀ। ਮੈਂ ਆਪਣਾ ਵੀਡੀਓ ਕੈਮਰਾ ਲੈ ਕੇ ਬਾਹਰ ਨਿਕਲ ਗਿਆ ਸੀ ਤਾਂ ਬਾਬਾ ਨਾਨਕ ਦੇ ਜਨਮ ਅਸਥਾਨ ਦੀਆਂ ਗਲੀਆਂ, ਬੀਹੀਆਂ ਕੰਧਾਂ ਅਤੇ ਹੋਰ ਨਿਸ਼ਾਨੀਆਂ ਨੂੰ ਕੈਮਰੇ ਵਿੱਚ ਸਾਂਭ ਸਕਾਂ। ਉਂਝ ਵੀ ਮੈਂ ਨਨਕਾਣਾ ਸਾਹਿਬ ਸਿਰਫ ਦੋ ਦਿਨ ਹੀ ਰਹਿਣਾ ਸੀ, ਉਸ ਤੋਂ ਬਾਅਦ ਮੇਰਾ ਪ੍ਰੋਗਰਾਮ ਤੈਅ ਸੀ। ਮੈਂ ਪੰਜਾਬ ਯੂਨੀਵਰਸਿਟੀ ਲਾਹੌਰ ਵਿਖੇ ਪੱਤਰਕਾਰੀ ਅਤੇ ਜਨ ਸੰਚਾਰ ਵਿਭਾਗ ਵਿੱਚ ਦੋ ਦਿਨ ਲਈ ਲੈਕਚਰ ਦੇਣੇ ਸਨ ਅਤੇ ਇਕ ਐਫ.ਐਮ.ਰੇਡੀਓ ਅਤੇ ਇੱਕ ਟੀ.ਵੀ ਚੈਨਲ ਨੂੰ ਇੰਟਰਵਿਊ ਦਾ ਸਮਾਂ ਦਿੱਤਾ ਹੋਇਆ ਸੀ। ਮੈਂ ਆਪਣੇ ਇਨ੍ਹਾਂ ਦੋਵਾਂ ਦਿਨਾਂ ਦਾ ਇੱਕ-ਇੱਕ ਮਿੰਟ ਲੇਖੇ ਲਾਉਣਾ ਚਾਹੁੰਦਾ ਸੀ। ਇਸ ਕਾਰਨ ਮੈਂ ਸਵੇਰ ਤੋਂ ਬਾਬਾ ਨਾਨਕ ਦੇ ਜਨਮ ਸਥਾਨ ’ਤੇ ਮੱਥਾ ਟੇਕਣ ਤੋਂ ਬਾਅਦ ਇਕੱਲਾ ਹੀ ਪਿੰਡ ਵਿੱਚ ਨਿਕਲ ਗਿਆ ਸੀ। ਪਿੰਡ, ਜਿਹੜਾ ਕਿ ਹੁਣ ਕਸਬੇ ਦਾ ਰੂਪ ਧਾਰ ਚੁੱਕਾ ਹੈ, ਦੇ ਲੋਕ ਬੜੇ ਪਿਆਰ ਅਤੇ ਸਤਿਕਾਰ ਨਾਲ ਪੇਸ਼ ਆ ਰਹੇ ਸਨ। ਜੇ ਸਤਿਕਾਰ ਕਿਤੇ ਘੱਟ ਨਜ਼ਰ ਆ ਰਿਹਾ ਸੀ ਤਾਂ ਭਾਰਤੀ ਪੰਜਾਬ ਤੋਂ ਆਈਆਂ ਸੰਗਤਾਂ ਵਿੱਚ ਜੋ ਕਮਰਿਆਂ, ਦਰੀਆਂ ਅਤੇ ਕੰਬਲਾਂ ਲਈ ਲੜ ਰਹੀਆਂ ਸਨ। ਬਾਬੇ ਨਾਨਕ ਦੇ ਘਰ ਆ ਕੇ ਵੀ ਉਨ੍ਹਾਂ ਨੂੰ ਬਾਬੇ ਦੇ ਇਹ ਬੋਲ ‘ਮਿਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤੱਤ’ ਨਹੀਂ ਸਮਝ ਆ ਰਹੇ ਸਨ। ਮੇਰੇ ਜਿਹਨ ਵਿੱਚ ਉਹ ਸਾਕਾ ਯਾਦ ਆ ਰਿਹਾ ਸੀ ਜਦੋਂ ਸਿੱਖਾਂ ਨੇ ਆਪਣਾ ਖੂਨ ਡੋਲ੍ਹ ਕੇ ਇਸ ਗੁਰਦੁਆਰੇ ਨੂੰ ਮਸੰਦਾਂ ਤੋਂ ਆਜ਼ਾਦ ਕਰਵਾਇਆ ਸੀ। ਮੇਰੇ ਸਾਹਮਣੇ ਬਾਬੇ ਨਾਨਕ ਦਾ ਉਹ ਮਾਸੂਮ ਚਿਹਰਾ ਘੁੰਮ ਰਿਹਾ ਸੀ, ਜਦੋਂ ਉਹ 20 ਰੁਪਏ ਦਾ ਸੱਚਾ ਸੌਦਾ ਕਰਕੇ ਘਰ ਨੂੰ ਪਰਤ ਰਹੇ ਸਨ ਅਤੇ ਪਿਤਾ ਦੇ ਗੁੱਸੇ ਨੂੰ ਯਾਦ ਕਰਕੇ ਸਾਥੀ ਬਾਲਾ ਨਾਲ ਘਰ ਤੋਂ ਥੋੜ੍ਹੀ ਦੂਰ ਦਰੱਖਤ ਹੇਠਾਂ ਬੈਠੇ ਸਨ ਜਿਥੇ ਅੱਜਕੱਲ੍ਹ ਗੁਰਦੁਆਰਾ ਤੰਬੂ ਸਾਹਿਬ ਸੁਸ਼ੋਭਿਤ ਹੈ। ਖ਼ੈਰ, ਅਜਿਹੀਆਂ ਸੋਚਾਂ ਵਿੱਚ ਹੀ ਮੈਂ ਚਾਹ-ਦੁੱਧ ਦੀ ਦੁਕਾਨ ’ਤੇ ਜਾ ਬੈਠਾ। ਦੁੱਧ ਪੀ ਰਿਹਾ ਸੀ ਜਦੋਂ ਇਕ 80 ਕੁ ਵਰ੍ਹਿਆਂ ਦੇ ਬਜ਼ੁਰਗ ਨੇ ਆ ਕੇ ਮੇਰੇ ਨਾਲ ਗੱਲਬਾਤ ਸ਼ੁਰੂ ਕਰ ਦਿੱਤੀ। ਬਾਬੇ ਨੇ ਗੱਲ ਅੱਗੇ ਤੋਰਦੇ ਹੋਏ ਦੱਸਿਆ ਕਿ ਉਹ ਹੁਸ਼ਿਆਰਪੁਰ ਦਾ ਰਹਿਣ ਵਾਲਾ ਹੈ। ਹੱਲਿਆਂ ਵੇਲੇ ਉਹ ਜਵਾਨ ਸੀ। ਉਸ ਦੇ ਪਿੰਡ ਦੇ ਬੇਲੀਆਂ ਨੇ ਬਥੇਰਾ ਜ਼ੋਰ ਲਾਇਆ ਕਿ ਉਹ ਨਾ ਜਾਵੇ ਪਰ ਨਾਨਕੇ ਨਹੀਂ ਮੰਨੇ ਅਤੇ ਉਹ ਨਾਨਕੇ ਆ ਗਿਆ, ਸਰੀਰ ਮੇਰਾ ਇਥੇ ਆ ਗਿਆ ਅਤੇ ਰੂਹ ਉਥੇ ਭਟਕ ਰਹੀ ਹੈ। ਬਾਬੇ ਦੇ ਚਿਹਰੇ ’ਤੇ ਉਦਾਸੀ ਝਲਕਦੀ ਉਸ ਦੀ ਮਾਂ ਭੂਮੀ ਦੇ ਪਿਆਰ ਦੀ ਬਾਤ ਪਾ ਰਹੀ ਸੀ।
‘‘ਮੈਨੂੰ ਇਹ ਦੱਸੋ ਕਿ ਅੱਜਕੱਲ੍ਹ ਆਸਾਨੀ ਨਾਲ ਆਇਆ ਜਾਇਆ ਜਾ ਸਕਦੈ।’’
‘‘ਹਾਂ, ਕੋਈ ਵੀ ਆ ਜਾ ਸਕਦੈ’’ ਮੈਂ ਕਿਹਾ,
‘‘ਹਲਾ, ਮੈਂ ਵੀ ਜਾ ਸਕਦਾਂ? ਉਸ ਦੇ ਚਿਹਰੇ ’ਤੇ ਖੁਸ਼ੀ ਦੀ ਲਹਿਰ ਦੌੜ ਗਈ।
ਹਾਂ, ਤੁਸੀਂ ਵੀਜ਼ਾ ਅਪਲਾਈ ਕਰੋ, ਸਰਕਾਰ ਤੁਹਾਨੂੰ ਵੀਜ਼ਾ ਦੇ ਦੇਵੇਗੀ ਫਿਰ ਤੁਸੀਂ ਜਾ ਸਕੋਗੇ। ਮੈਂ ਸਮਝਾਉਣ ਦੀ ਕੋਸ਼ਿਸ਼ ਕੀਤੀ।
‘‘ਕਿਹੜੀ ਸਰਕਾਰ, ਮੈਂ ਕਿਸੇ ਸਰਕਾਰ ਸਰਕੂਰ ਨੂੰ ਨਹੀਂ ਮੰਨਦਾ। ਮੈਂ ਤੈਨੂੰ ਕਹਿ ਤਾ, ਬਸ ਤੂੰ ਹੀ ਲਿਜਾ, ਤੇਰੇ ਕੋਲ ਹੀ ਜਾਣੇ, ਤੁਹਾਨੂੰ ਮਿਲਣ ਜਾਣਾ, ਸਰਕਾਰ ਨੂੰ ਨਹੀਂ।’’ ਉਹ ਬਜ਼ੁਰਗ ਮੈਨੂੰ ਕਹਿਣ ਲੱਗਾ।
ਮੈਨੂੰ ਲੱਗਾ ਜਿਵੇਂ ਦੋਵੇਂ ਪੰਜਾਬ ਇੱਕ ਦੂਜੇ ਨਾਲ ਸਿੱਧੀ ਗੱਲਬਾਤ ਕਰ ਰਹੇ ਹੋਣ।

Send this to a friend