ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਵਲੋਂ ਬਾਬਾ ਨਿਧਾਨ ਸਿੰਘ ਨੂੰ ਸਮਰਪਿਤ ਕੈਲੰਡਰ ਜਾਰੀ

ਪਟਿਆਲਾ, 23 ਮਾਰਚ (ਪੰਜਾਬ ਟਾਇਮਜ਼ ਬਿਊਰੋ)-ਸੇਵਾ ਦੇ ਖੇਤਰ ਵਿਚ ਬਾਬਾ ਨਿਧਾਨ ਸਿੰਘ ਹਜੂਰ ਸਾਹਿਬ ਵਾਲਿਆਂ ਦਾ ਯੋਗਦਾਨ ਬੇਮਿਸਾਲ ਹੈ ਤੇ ਇਸਨੂੰ ਸਿਖ ਸੰਗਤ ਵਿਚ ਪ੍ਰਚਾਰਣ ਤੇ ਪ੍ਰਸਾਰਣ ਦੀ ਬੇਹਦ ਲੋੜ ਹੈ। ਇਹ ਪ੍ਰਗਟਾਵਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਬਾਬਾ ਨਿਧਾਨ ਇੰਟਰਨੈਸ਼ਨਲ ਸੁਸਾਇਟੀ ਵਲੋਂ ਤਿਆਰ ਕੀਤਾ ਕੈਲੰਡਰ ਰਿਲੀਜ਼ ਕਰਨ ਮੌਕੇ ਕੀਤਾ।
ਭਾਈ ਗੋਬਿੰਦ ਸਿੰਘ ਲੋਂਗੋਵਾਲ ਨੇ ਕਿਹਾ ਕਿ ਅਜ ਅਜੌਕੀ ਪੀੜ੍ਹੀ ਨੂੰ ਬਾਬਾ ਨਿਧਾਨ ਸਿੰਘ ਜੀ ਦੇ ਜੀਵਨ ਅਤੇ ਕਾਰਜਾਂ ਦਾ ਪ੍ਰਚਾਰ ਕਰਨ ਦੀ ਲੋੜ ਹੈ। ਉਨ੍ਹਾਂ ਬਾਬਾ ਨਿਧਾਨ ਸਿੰਘ ਜੀ ਨੂੰ ਅਕਾਦਮਿਕ ਖੇਤਰ ਵਿਚ ਉਭਾਰਨ ਲਈ ਸੁਸਾਇਟੀ ਵਲੋਂ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਵੀ ਕੀਤੀ।ਇਸ ਮੌਕੇ ਸੁਸਾਇਟੀ ਦੇ ਚੇਅਰਮੈਨ ਡਾ.ਪਰਮਜੀਤ ਸਿੰਘ ਸਰੋਆ ਕਿਹਾ ਕਿ ਸੁਸਾਇਟੀ ਬਾਬਾ ਜੀ ਦੀ ਸਖਸ਼ੀਅਤ ਅਤੇ ਯੋਗਦਾਨ ਨੂੰ ਉਭਾਰਨ ਲਈ ਸੈਮੀਨਾਰਾਂ ਰਾਹੀਂ ਲਗਾਤਾਰ ਜਾਰੀ ਹਨ। ਉਨ੍ਹਾਂ ਕਿਹਾ ਕਿ ਸੁਸਾਇਟੀ ਵਲੋਂ ਹੁਣ ਤਕ 13 ਸੈਮੀਨਾਰ ਕਰਵਾਏ ਜਾ ਚੁਕੇ ਹਨ। ਉਨ੍ਹਾਂ ਇਹ ਵੀ ਦਸਿਆ ਕਿ ਬਾਬਾ ਨਿਧਾਨ ਸਿੰਘ ਜੀ ਦਾ ਜਨਮ ਦਿਹਾੜਾ ਹਰ ਸਾਲ ਦੀ ਤਰ੍ਹਾਂ ਇਸ ਵਾਰ 25 ਮਾਰਚ ਨੂੰ ਉਹਨਾਂ ਦੇ ਜ਼ਦੀ ਪਿੰਡ ਨਡਾਲੋਂ ਹੁਸਿਆਰਪੁਰ ਵਿਖੇ ਵਡੀ ਪਧਰ ‘ਤੇ ਮਨਾਇਆ ਜਾ ਰਿਹਾ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਭਾਈ ਅਮਰਜੀਤ ਸਿੰਘ ਚਾਵਲਾ, ਬੀਬੀ ਰਣਜੀਤ ਕੌਰ, ਸੁਰਿੰਦਰ ਸਿੰਘ ਸਾਰੇ ਮੈਂਬਰ ਐਸ.ਜੀ.ਪੀ.ਸੀ., ਸ. ਸੁਖਵਿੰਦਰ ਸਿੰਘ ਬਿਲਾ, ਮੀਤ ਪ੍ਰਧਾਨ ਗੁਰਦੁਆਰਾ ਬਾਬਾ ਨਿਧਾਨ ਸਿੰਘ ਪਿੰਡ ਨਡਾਲੋਂ ਅਤੇ ਗੁਰਮੁਖ ਸਿੰਘ ਮੈਂਬਰ ਲੋਕਲ ਗੁਰਦੁਆਰਾ ਕਮੇਟੀ, ਜੋਗਾ ਸਿੰਘ ਅਤੇ ਸੁਰਿੰਦਰ ਸਿੰਘ ਵੀ ਹਾਜ਼ਰ ਸਨ।

Send this to a friend