ਪਠਾਨਕੋਟ, 10 ਫਰਵਰੀ (ਪੰਜਾਬ ਟਾਇਮਜ਼ ਬਿਊਰੋ)- ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਕਿਹਾ ਕਿ ਕਿਸੇ ਹੋਰ ਨੂੰ ਕੋਈ ਸਵਾਲ ਪੁੱਛਣ ਤੋਂ ਪਹਿਲਾਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਹ ਜਵਾਬ ਦੇਣ ਕਿ ਉਨ੍ਹਾਂ ਨੇ ਸੂਬੇ ਦਾ ਮੁੱਖ ਮੰਤਰੀ ਬਣਨ ਲਈ ਸ੍ਰੀ ਦਰਬਾਰ ਸਾਹਿਬ ’ਤੇ ਹਮਲਾ ਕਰਨ ਵਾਲੀ ਕਾਂਗਰਸ ਪਾਰਟੀ ਦਾ ਸਾਥ ਕਿਉਂ ਚੁਣਿਆ। ਅੱਜ ਇੱਥੇ ਸੰਗਤ ਦਰਸ਼ਨ ਪ੍ਰੋਗਰਾਮ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਬੜੀ ਹੈਰਾਨੀ ਜਨਕ ਗੱਲ ਹੈ ਕਿ ਕੈਪਟਨ ਅਮਰਿੰਦਰ ਸਿੰਘ ਪਹਿਲਾਂ ਉਸ ਪਾਰਟੀ ਦੇ ਸੂਬਾ ਪ੍ਰਧਾਨ ਬਣੇ ਅਤੇ ਫਿਰ ਮੁੱਖ ਮੰਤਰੀ ਬਣੇ ਜਿਸ ਪਾਰਟੀ ਨੇ ਸ਼੍ਰੀ ਦਰਬਾਰ ਸਾਹਿਬ ਵਿਖੇ ਹਮਲਾ ਕਰਕੇ ਅਪ੍ਰੇਸ਼ਨ
ਬਲਿਊ ਸਟਾਰ ਦੌਰਾਨ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ। ਉਨ੍ਹਾਂ ਕਿਹਾ ਕਿ ਦੂਜੇ ਪਾਸੇ ਇਹ ਗੱਲ ਸਾਰਾ ਦੇਸ਼ ਜਾਣਦਾ ਹੈ ਕਿ ਕੇਂਦਰ ਸਰਕਾਰ ਵੱਲੋਂ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਖਿਲਾਫ ਚੁਕੇ ਗਏ ਕਿਸੇ ਵੀ ਕਦਮ ਦਾ ਮੈਂ ਡੱਟ ਕੇ ਵਿਰੋਧ ਕੀਤਾ ਹੈ ਜਿਸ ਕਾਰਨ ਉਨ੍ਹਾਂ ਨੂੰ ਕਈ ਵਰ੍ਹੇ ਜੇਲ੍ਹ ਵਿੱਚ ਕੱਟਣੀ ਪਈ ਹੈ। ਉਨ੍ਹਾਂ ਕਿਹਾ ਕਿ ਮੈਂ ਸੋਚਿਆਂ ਸੀ ਕਿ ਸੂਬੇ ਦੇ ਵੋਟਰਾਂ ਵੱਲੋਂ ਵਾਰ ਵਾਰ ਠੁਕਰਾਏ ਜਾਣ ’ਤੇ ਕੈਪਟਨ ਨੇ ਕੋਈ ਸਬਕ ਸਿੱਖਿਆ ਹੋਵੇਗਾ ਪਰ ਕੈਪਟਨ ਵੱਲੋਂ ਕੀਤੀ ਜਾ ਰਹੀ ਮਦਭਾਗੀ ਬਿਆਨ ਬਾਜੀ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਮਾੜਾ ਬੰਦਾ ਕਦੇ ਵੀ ਆਪਣਾ ਸੁਭਾਅ ਨਹੀਂ ਬਦਲ ਸਕਦਾ। ਉਨ੍ਹਾਂ ਕਿਹਾ ਕਿ ਸਾਰਿਆਂ ਨੂੰ ਪਤਾ ਹੈ ਕਿ ਕੇਂਦਰ ਦੀਆਂ ਗਲਤ ਨੀਤੀਆਂ ਕਾਰਨ ਪੰਜਾਬ ਦਾ ਬਹੁਤ ਨੁਕਸਾਨ ਹੋਇਆ ਹੈ ਪਰ ਕੈਪਟਨ ਅਖਬਾਰਾਂ ਵਿੱਚ ਫੋਕੀ ਸ਼ੋਹਰਤ ਹਾਸਲ ਕਰਨ ਲਈ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਹੈ।
ਮੁੱਖ ਮੰਤਰੀ ਨੇ ਯਾਦ ਕਰਵਾਇਆ ਕਿ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਦੀ ਜਾਇਦਾਦ ਦੇ ਬਾਰੇ ਕਈ ਗਲਤ ਤੱਥ ਪੇਸ਼ ਕੀਤੇ ਸਨ ਅਤੇ ਸੰਨ2002 ਵਿੱਚ ਸੱਤਾ ਵਿੱਚ ਆਉਣ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ’ਤੇ ਮੁਕਦਮੇ ਵੀ ਦਰਜ ਕਰਵਾਏ ਸਨ ਪਰ ਸਮਾਂ ਬੀਤਣ ਦੇ ਨਾਲ ਲੋਕ ਦੇ ਮੋਹਰੇ ਸਾਰੀ ਤਸਵੀਰ ਸਾਫ਼ ਹੋ ਗਈ ਅਤੇ ਇਹ ਸਾਰੇ ਮੁਕਦਮੇ ਝੂਠੇ ਸਾਬਤ ਹੋਏ। ਉਨ੍ਹਾਂ ਕਿਹਾ ਕਿ ਇਹ ਸਾਰੀਆਂ ਗੱਲਾਂ ਸਾਬਤ ਕਰਦੀਆਂ ਹਨ ਕਿ ਕੈਪਟਨ ਜੋ ਕੁਝ ਵੀ ਆਖਦਾ ਹੈ ਉਹ ਸਭ ਕੁਝ ਝੂਠਾ ਹੁੰਦਾ ਹੈ ਨਾਲ ਹੀ ਉਨ੍ਹਾਂ ਕਿਹਾ ਕਿ ਕਾਂਗਰਸ ਹਾਈ ਕਮਾਨ ਨੇ ਹੁਣ ਕੈਪਟਨ ਨੂੰ ਬਾਹਰ ਦਾ ਰਸਤਾ ਵਿਖਾ ਦਿੱਤਾ ਹੈ। ਜਿਸ ਕਾਰਨ ਸਤਾ ਲਈ ਤਰਲੋਮਛੀ ਹੋਇਆ ਕੈਪਟਨ ਹੁਣ ਅਜਿਹੇ ਬੇਤੁਕੇ ਬਿਆਨ ਦੇ ਕੇ ਆਪਣੀ ਪਾਰਟੀ ਦੇ ਅਕਾਵਾਂ ਨੂੰ ਖੁਸ਼ ਕਰਨਾ ਚਾਹੁੰਦਾ ਹੈ।
ਸੂਬਾ ਕਾਂਗਰਸ ਦੇ ਪ੍ਰਧਾਨ ਸ. ਪ੍ਰਤਾਪ ਸਿੰਘ ਬਾਜਵਾ ’ਤੇ ਤਿਖੇ ਹਮਲੇ ਕਰਦਿਆਂ ਸ. ਬਾਦਲ ਨੇ ਕਿਹਾ ਕਿ ਉਹ ਵੀ ਕੈਪਟਨ ਅਮਰਿੰਦਰ ਸਿੰਘ ਵਾਂਗ ਝੂਠੀ ਬਿਆਨ ਬਾਜ਼ੀ ਕਰ ਰਹੇ ਹਨ। ਉਨ੍ਹਾਂ ਕੈਪਟਨ ਤੇ ਬਾਜਵਾ ਨੂੰ ਆਖਿਆ ਕਿ ਸੂਬੇ ਦੇ ਲੋਕ ਬਦਲਾਖੋਰੂ ਸਿਆਸਤ ਦੇ ਵਿਰੁੱਧ ਹਨ ਅਤੇ ਅਜਿਹੀ ਰਾਜਨੀਤੀ ਨੂੰ ਨਾ ਪਸੰਦ ਕਰਦੇ ਹਨ। ਜਿਸ ਕਾਰਨ ਸੂਬੇ ਵਿਚੋਂ ਕਾਂਗਰਸ ਦਾ ਦੋ ਵਾਰ ਸਫਾਇਆ ਹੋ ਚੁਕਿਆ ਹੈ। ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਆਉਣ ਵਾਲੀਆ ਲੋਕ ਸਭਾ ਚੋਣਾਂ ਵਿੱਚ ਆਪਣੀ ਪਰਤਖ ਹਾਰ ਨੂੰ ਦੇਖਦੇ ਹੋਏ ਕਾਂਗਰਸ ਆਪਣੇ ਕੌਮੀ ਉਪ ਪ੍ਰਧਾਨ ਰਾਹੁਲ ਗਾਂਧੀ ਨੂੰ ਪ੍ਰਧਾਨ ਮੰਤਰੀ ਦੇ ਅਹੁੱਦੇ ਵਜੋਂ ਪੇਸ਼ ਕਰਨ ਤੋਂ ਗੁਰੇਜ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਅੱਜ ਰਾਹੁਲ ਗਾਂਧੀ ਪਾਰਟੀ ਦੇ ਮਸਲਿਆਂ ਵਿੱਚ ਕਾਂਗਰਸ ਪ੍ਰਧਾਨ ਅਤੇ ਪ੍ਰਧਾਨ ਮੰਤਰੀ ਤੋਂ ਵੀ ਜਿਆਦਾ ਤਾਕਤਵਰ ਹਨ ਪਰ ਉਨ੍ਹਾਂ ਦਾ ਐਨ.ਡੀ.ਏ. ਦੇ ਪ੍ਰਧਾਨ ਮੰਤਰੀ ਦੇ ਅਹੁੱਦੇ ਦੇ ਉਮੀਦਵਾਰ ਸ਼੍ਰੀ ਨਰਿੰਦਰ ਮੋਦੀ ਨਾਲ ਕੋਈ ਮੁਕਾਬਲਾ ਨਹੀਂ। ਸ. ਬਾਦਲ ਨੇ ਮੁੜ ਦੁਹਰਾਇਆ ਕਿ ਸ਼੍ਰੀ ਮੋਦੀ ਜਿਥੇ ਇੱਕ ਤਜਰਬੇਕਾਰ ਆਗੂ ਹਨ, ਉਥੇ ਰਾਹੁਲ ਗਾਂਧੀ ਨੂੰ ਰਾਜਨੀਤੀ ਦੇ ਬਾਰੇ ਬਹੁਤ ਘੱਟ ਗਿਆਨ ਹੈ।
ਕੌਮੀ ਰਾਜਨੀਤੀ ਵਿੱਚ ਤੀਸਰੇ ਫਰੰਟ ਦੇ ਭਵਿੱਖ ਸਬੰਧੀ ਪੁਛੇ ਗਏ ਸਵਾਲ ਦੇ ਜਵਾਬ ’ਚ ਮੁੱਖ ਮੰਤਰੀ ਨੇ ਕਿਹਾ ਕਿ ਆਮ ਚੋਣਾਂ ਵਿੱਚ ਸਾਫ਼ ਹੋ ਜਾਵੇਗਾ ਕਿ ਇਸ ਦਾ ਕਿਨਾ ਪ੍ਰਭਾਵ ਹੈ। ਉਨ੍ਹਾਂ ਕਿਹਾ ਕਿ ਹਿੰਦੁਸਤਾਨ ਦੇ ਸਾਰੇ ਲੋਕ ਐਨ.ਡੀ.ਏ. ਨਾਲ ਹਨ ਅਤੇ ਲੋਕ ਸਭਾ ਚੋਣਾਂ ਤੋਂ ਬਾਅਦ ਐਨ.ਡੀ.ਏ. ਦੀ ਸਰਕਾਰ ਬਣੇਗੀ ਅਤੇ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਹੋਣਗੇ।
ਮੁੱਖ ਮੰਤਰੀ ਨੇ ਇੱਕਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਵਿੱਚ ਕਾਂਗਰਸ ਦੀ ਅਗਵਾਈ ਵਾਲੀ ਯੂ.ਪੀ.ਏ. ਸਰਕਾਰ ਨੇ ਰਾਜ ਵਿੱਚੋਂ ਉਦਯੋਗ ਅਤੇ ਖੇਤੀਬਾੜੀ ਨੂੰ ਤਬਾਹ ਕੀਤਾ ਹੈ। ਉਨ੍ਹਾਂ ਕਿਹਾ ਕਿ ਸੂਬੇ ਦੇ ਕਿਸਾਨ ਦੇਸ਼ ਨੂੰ ਅਨਾਜ ਵਿੱਚ ਆਤਮ ਨਿਰਭਰ ਬਣਾਉਣ ਵਿੱਚ ਅਹਿਮ ਰੋਲ ਅਦਾ ਕਰਦੇ ਹਨ ਪਰ ਕੇਂਦਰ ਦੀਆਂ ਗਲਤ ਨੀਤੀਆਂ ਕਰਕੇ ਸੂਬੇ ਦੇ ਮਿਹਨਤੀ ਕਿਸਾਨ 32000 ਕਰੋੜ ਰੁਪਏ ਦੇ ਵੱਡੇ ਕਰਜ਼ੇ ਹੇਠ ਹਨ। ਸ. ਬਾਦਲ ਨੇ ਇਹ ਵੀ ਕਿਹਾ ਕਿ ਕਾਂਗਰਸ ਪਾਰਟੀ ਨੇ ਹਮੇਸ਼ਾਂ ਸਮਾਜ ਵਿੱਚ ਦਲਿਤ ਅਤੇ ਕਮਜ਼ੋਰ ਵਰਗਾਂ ਨੂੰ ਗੁੰਮਰਾਹ ਕਰਕੇ ਉਨ੍ਹਾਂ ਨੂੰ ਆਪਣੇ ਰਾਜਨੀਤੀ ਹਿੱਤਾਂ ਦੇ ਲਾਭ ਲਈ ਵਰਤਿਆਂ ਹੈ।
ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਯੂ.ਪੀ.ਏ ਸਰਕਾਰ ਦੀਆਂ ਗਲਤ ਨੀਤੀਆਂ ਕਰਕੇ ਦੇਸ਼ ਵਿੱਚ ਅੰਦਰੂਨੀ ਅਤੇ ਬਾਹਰੀ ਸੁਰੱਖਿਆ ਨੂੰ ਗਹਿਰਾ ਖਤਰਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਗਰੀਬੀ, ਅਨਪੜ੍ਹਤਾ, ਬੇਰੋਜ਼ਗਾਰੀ ਅਤੇ ਦੂਸਰੀਆਂ ਸਮੱਸਿਆਵਾਂ ਲਈ ਕਾਂਗਰਸ ਜਿੰਮੇਵਾਰ ਹੈ।
ਉਨ੍ਹਾਂ ਇਸ ਮੌਕੇ ’ਤੇ ਕ੍ਰਿਤੀ ਚੱਕਰ ਪ੍ਰਾਪਤ ਲੇਟ ਸ਼੍ਰੀ ਅਜੇ ਪਠਾਨੀਆਂ, ਜੋ 2008 ਵਿੱਚ ਕਾਬੁਲ ਵਿਖੇ ਇੰਡੀਅਨ ਅਮਬੈਸੀ ਵਿੱਚ ਇੱਕ ਹਮਲੇ ਦੌਰਾਨ ਸ਼ਹੀਦ ਹੋ ਗਏ ਸਨ, ਦੀ ਧਰਮਪਤਨੀ ਸ਼੍ਰੀਮਤੀ ਪੁਨਮ ਪਠਾਨੀਆਂ ਨਾਲ ਗੱਲਬਾਤ ਕਰਦਿਆਂ ਵਿਸ਼ਵਾਸ ਦਿਵਾਇਆ ਕਿ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਨੂੰ ਹਰ ਤਰ੍ਹਾਂ ਦਾ ਸਹਿਯੋਗ ਅਤੇ ਮਦਦ ਕੀਤੀ ਜਾਵੇਗੀ।
ਉਨ੍ਹਾਂ ਇਸ ਮੌਕੇ ’ਤੇ ਵਿਧਾਨ ਸਭਾ ਹਲਕਾ ਭੋਆ ਦੇ 136 ਪਿੰਡਾਂ ਨੂੰ ਵੱਖ ਵੱਖ ਵਿਕਾਸ ਕਾਰਜਾਂ ਲਈ ਦਿਹਾਤੀ ਵਿਕਾਸ ਫੰਡ ਸਕੀਮ ਤਹਿਤ 3 ਕਰੋੜ 44 ਲੱਖ ਰੁਪਏ ਦੀਆਂ ਗ੍ਰਾਂਟਾਂ ਜਾਰੀ ਕੀਤੀਆਂ ਅਤੇ ਲੋਕਾਂ ਦੀਆਂ ਮੁਸ਼ਕਲਾਂ ਵੀ ਸੁਣ ਕੇ ਮੌਕੇ ’ਤੇ ਨਿਪਟਾਰਾ ਕੀਤਾ।
ਇਸ ਮੌਕੇ ’ਤੇ ਹਲਕੇ ਦੀ ਵਿਧਾਇਕਾ ਸ਼੍ਰੀਮਤੀ ਸੀਮਾ ਕੁਮਾਰੀ ਨੇ ਮੁੱਖ ਮੰਤਰੀ ਪੰਜਾਬ ਸ. ਪਰਕਾਸ਼ ਸਿੰਘ ਬਾਦਲ ਨੂੰ ਜੀ ਆਇਆ ਕਿਹਾ। ਹੋਰਨਾਂ ਤੋਂ ਇਲਾਵਾ ਸਰਵਸ਼੍ਰੀ ਕਮਲ ਸ਼ਰਮਾ ਸੂਬਾ ਪ੍ਰਧਾਨ ਭਾਜਪਾ, ਸੁੱਚਾ ਸਿੰਘ ¦ਗਾਹ ਸਾਬਕਾ ਮੰਤਰੀ ਪੰਜਾਬ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਹੋਰਨਾਂ ਤੋਂ ਇਲਾਵਾ ਸਰਵਸ਼੍ਰੀ ਦਿਨੇਸ਼ ਸਿੰਘ ਬੱਬੂ ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ, ਵਿਨੋਦ ਖੰਨਾ, ਸਵਰਨ ਸਲਾਰੀਆ, ਸਿਬਿਨ ਸੀ. ਡਿਪਟੀ ਕਮਿਸ਼ਨਰ, ਲੋਕ ਨਾਥ ਆਂਗਰਾ ਆਈ.ਜੀ. ਪੰਜਾਬ ਪੁਲਿਸ, ਰਾਕੇਸ਼ ਕੌਸ਼ਲ ਐਸ.ਐਸ.ਪੀ., ਲਖਵਿੰਦਰ ਸਿੰਘ ਧਾਲੀਵਾਲ ਵਧੀਕ ਡਿਪਟੀ ਕਮਿਸ਼ਨਰ (ਜ), ਨਰਿੰਦਰ ਪਰਮਾਰ ਜ਼ਿਲ੍ਹਾ ਪ੍ਰਧਾਨ ਭਾਜਪਾ, ਹਰਦੀਪ ਸਿੰਘ ਲਮੀਣੀ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਵਿਨੋਦ ਕੁਮਾਰ, ਗੋਵਰਧਨ ਗੋਪਾਲ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ, ਸੰਜੀਵ ਮੱਲ੍ਹਣ, ਜਥੇਦਾਰ ਸੇਵਾ ਸਿੰਘ, ਵੱਖ ਵੱਖ ਵਿਭਾਗਾਂ ਦੇ ਜ਼ਿਲ੍ਹਾ ਅਧਿਕਾਰੀ ਅਤੇ ਸਰਪੰਚ-ਪੰਚ ਭਾਰੀ ਗਿਣਤੀ ਵਿੱਚ ਹਾਜ਼ਰ ਸਨ।



