ਸੱਤ ਕਤਲਾਂ ਦੇ ਦੋਸ਼ੀ ਨੂੰ ਲਿਜਾ ਰਹੀ ਪੁਲਿਸ ਜੀਪ ਤੇ ਬੱਸ ’ਚ ਟੱਕਰ ਮਗਰੋਂ ਦੋਵੇਂ ਪਲਟੀਆਂ

ਜ਼ੀਰਾ, 23 ਮਾਰਚ (ਰਾਜਾ ਜ਼ੀਰਾ)- ਜ਼ੀਰਾ ਤੋਂ ਫ਼ਿਰੋਜ਼ਪੁਰ ਨੂੰ ਜਾਂਦੇ ਸਮੇਂ ਪੁਲਿਸ ਜੀਪ ਅਤੇ ਰੋਡਵੇਜ਼ ਬੱਸ ਦੇ ਆਹਮੋ-ਸਾਹਮਣੇ ਟਕਰਾਅ ਤੋਂ ਬਾਅਦ ਦੋਵੇਂ ਸਾਧਨ ਪਲਟ ਗਏ, ਜਿਸ ਕਾਰਨ ਦੋਨਾਂ ਵਿਚ ਸਵਾਰ ਵਿਅਕਤੀਆਂ ਦੇ ਸੱਟਾਂ ਲੱਗ ਗਈਆਂ। ਇਕੱਤਰ ਵੇਰਵਿਆਂ ਅਨੁਸਾਰ ਮਲੂਕ ਸਿੰਘ ਪੁੱਤਰ ਗੁਰਬਚਨ ਸਿੰਘ ਵਾਸੀ ਢੋਲੇਵਾਲਾ ਜੋ ਕਿ 7 ਜੀਆਂ ਦੇ ਕਤਲ ਵਿਚ ਸਜ਼ਾ ਕੱਟ ਰਿਹਾ ਸੀ ਅਤੇ ਜੇਲ੍ਹ ਵਿਚੋਂ 2009 ਪੈਰੋਲ ਤੇ ਛੂੱਟੀ ਆਉਣ ਤੋਂ ਬਾਅਦ ਭਗੌੜਾ ਹੋ ਗਿਆ ਸੀ, ਇਸ ਦੌਰਾਨ ਉਸਨੇ ਇਲਾਹਾਬਾਦ ਬੈਂਕ ਜ਼ੀਰਾ ’ਚ ਸਾਢੇ ਬਾਰਾਂ ਲੱਖ਼ ਦੀ ਡਕੈਤੀ ਕੀਤੀ ਸੀ, ਨੂੰ ਮੁੜ ਕਾਬੂ ਕਰਕੇ ਫ਼ਿਰੋਜ਼ਪੁਰ ਲਿਜਾ ਰਹੀ ਸੀ ਕਿ ਪੁਲਿਸ ਦੀ ਗ੍ਰਿਫਤ ’ਚੋਂ ਭੱਜਣ ਦੀ ਕੋਸ਼ਿਸ਼ ਵਿਚ ਉਕਤ ਦੋਸ਼ੀ ਨੇ ਪਿੰਡ ਚੂਚਕ ਵਿੰਡ ਕੋਲ ਪੁਲਿਸ ਜੀਪ ਨੰਬਰ ਪੀ.ਬੀ.05 ਜੇ-4673 ਦੇ ਚਾਲਕ ਨਾਲ ਹੱਥੋਪਾਈ ਕਰਕੇ ਬੱਸ ਨੰਬਰ-ਪੀ.ਬੀ.03 ਏ ਐਫ਼-6847 ਵਿਚ ਟੱਕਰ ਮਾਰ ਦਿੱਤੀ ਤਾਂ ਜੋ ਉਹ ਭੱਜ ਸਕੇ ਪਰ ਇਸਦੇ ਦਰਮਿਆਨ ਜੀਪ ਅਤੇ ਬੱਸ ਦੋਨੋਂ ਪਲਟ ਗਈਆਂ ਅਤੇ ਦੋਵਾ ਸਾਧਨਾਂ ’ਚ ਸਵਾਰ ਲੋਕ ਗੰਭੀਰ ਰੂਪ ’ਚ ਜਖ਼ਮੀ ਹੋ ਗਏ ਜਿਨ੍ਹਾਂ ਨੂੰ ਸਿਵਲ ਹਸਪਤਾਲ ਲਿਆਂਦਾ ਗਿਆ। ਇਸ ਘਟਨਾ ਦੋਰਾਨ ਪੁਲਿਸ ਮੁਲਾਜ਼ਮ ਬਲਰਾਜ ਸਿੰਘ, ਲੱਖ਼ਾ ਸਿੰਘ, ਗੁਰਜੀਤ ਸਿੰਘ ਅਤੇ ਸੱਤਪਾਲ ਸਿੰਘ ਜਖ਼ਮੀ ਹੋ ਗਏ। ਇਸ ਤੋਂ ਇਲਾਵਾ ਮੁਕੇਸ਼ ਕੁਮਾਰ ਪੁੱਤਰ ਭਗਵਾਨ ਦਾਸ ਵਾਸੀ ਜੰਮੂ , ਪ੍ਰਵੀਨ ਪੁੱਤਰ ਚਰਨਦਾਸ ਵਾਸੀ ਜੰਮੂ, ਜਸਵਿੰਦਰ ਕੌਰ ਪਤਨੀ ਗੁਰਨਾਮ ਸਿੰਘ ਵਾਸੀ ਖੋਸਾ ਦਲ ਸਿੰਘ, ਵਿੱਦਿਆ, ਮੁਨੀਸ਼ ਪੁੱਤਰ ਹਾਰਫ਼ ਵਾਸੀ ਫ਼ਿਰੋਜ਼ਪੁਰ, ਗੀਤਾ ਪਤਨੀ ਬੱਗਾ ਸਿੰਘ ਵਾਸੀ ਕੁੱਲਗੜ੍ਹੀ, ਅਮਰਜੀਤ ਕੌਰ ਪਤਨੀ ਕਸ਼ਮੀਰ ਸਿੰਘ ਵਾਸੀ ਨਸੀਰੇਵਾਲਾ, ਭੋਲੀ ਪਤਨੀ ਤਰਸੇਮ ਸਿੰਘ ਵਾਸੀ ਫਤਹਿਗੜ੍ਹ ਪੰਜਤੂਰ, ਗੰਭੀਰ ਜਖ਼ਮੀ ਹੋ ਗਏ । ਜਿਨ੍ਹਾਂ ਵਿਚੋਂ ਕੁਝ ਨੂੰ ਸਿਵਲ ਹਸਪਤਾਲ ਜ਼ੀਰਾ ਅਤੇ ਗੰਭੀਰ ਜਖ਼ਮੀਆਂ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ਼ ਫਰੀਦਕੋਟ ਲਈ ਰੈਫਰ ਕਰ ਦਿੱਤਾ ਗਿਆ। ਇੱਥੇ ਜ਼ਿਕਰਯੋਗ ਹੈ ਕਿ ਏਨੀ ਘਟਨਾ ਵਾਪਰਨ ਦੇ ਬਾਅਦ ਵੀ ਪੁਲਿਸ ਕਰਮਚਾਰੀਆਂ ਨੇ ਉਕਤ ਮੁਲਜ਼ਮ ਨੂੰ ਭੱਜਣ ਨਹੀਂ ਦਿੱਤਾ ਤੇ ਕਾਬੂ ਕਰੀ ਰੱਖਿਆ।

Send this to a friend