ਇੰਟਰਨੈਟ (ਇੰਟਰਨੈਸ਼ਨਲ ਨੈਟਵਰਕ) ਕੰਪਿਊਟਰਾਂ ਦਾ ਇੱਕ ਅਜਿਹਾ ਕੌਮਾਂਤਰੀ ਜਾਲ ਜਿਸ ਵਿੱਚ ਲੱਖਾਂ/ਕਰੋੜਾਂ ਨਿੱਜੀ ਅਤੇ ਜਨਤਕ ਜਾਣਕਾਰੀਆਂ, ਸਿੱਖਿਅਕ, ਕਾਰੋਬਾਰੀ ਅਤੇ ਸਰਕਾਰੀ ਜਾਲ਼ ਬਿਜਲਾਈ, ਤਾਰਹੀਣ ਅਤੇ ਪ੍ਰਕਾਸ਼ੀ ਜਾਲ਼ ਟੈਕਨਾਲੋਜੀਆਂ ਇੱਕ ਮੁਕੰਮਲ ਤਰਤੀਬ ਰਾਹੀਂ ਆਪਸ ਵਿੱਚ ਜੁੜੇ ਹੋਏ ਹਨ। ਹਰ ਚੀਜ਼ ਦੇ ਹਾਂ-ਪੱਖੀ ਅਤੇ ਨਾਂਹ-ਪੱਖੀ ਨਜ਼ਰੀਆ ਉਸਦੇ ਪੈਦਾ ਹੋਣ ਤੋਂ ਹੀ ਜੁੜ ਜਾਂਦਾ ਹੈ। ਲਾਭ-ਹਾਨੀਆਂ ਹਮੇਸ਼ਾਂ ਨਾਲ ਹੀ ਰਹਿੰਦੀਆਂ ਹਨ। ਪਰ ਇਸ ਸਬੰਧੀ ਸੰਜੀਦਗੀ ਅਤੇ ਚਿੰਤਾਂ ਉਦੋਂ ਹੋਰ ਜਿਆਦਾ ਹੋ ਜਾਂਦੀ ਹੈ, ਜਦ ਜਨਮ ਦੇਣ ਵਾਲਾ ਹੀ ਪੈਦਾ ਕੀਤੀ ਵਸਤੂ ਬਾਰੇ ਹੋ ਰਹੀਆਂ ਹਾਨੀਆਂ ਬਾਰੇ ਲੋਕਾਂ ਨੂੰ ਜਾਗਰੂਕ ਕਰਨਾ ਸ਼ੁਰੂ ਕਰ ਦੇਵੇ। ਹਾਲ ਵਿੱਚ ਹੀ ਡਬਲਯੂ ਡਬਲਯੂ ਡਬਲਯੂ (ਵਰਲਡ ਵਾਈਡ ਵੈਬ) ਦੇ ਸੰਸਥਾਪਕ ਟਿਮ ਬਰਨਰਸ ਲੀ ਨੇ ਵਰਲਡ ਵਾਈਡ ਵੈਬ ਦੇ 29 ਸਾਲ ਪੂਰੇ ਹੋਣ ਤੇ ਆਪਣੇ ਬਲਾਗ ਵਿੱਚ ਕੁੱਝ ਵਿਚਾਰ ਸਾਂਝੇ ਕੀਤੇ ਜੋ ਅੱਜ ਹਰ ਮਨੁੱਖ ਦਾ ਧਿਆਨ ਮੰਗਦੇ ਹਨ। ਦਰਅਸਲ 29 ਸਾਲ ਪਹਿਲਾਂ ਮਾਰਚ 1989 ਵਿੱਚ ‘ਟਿਮ ਲੀ’ ਅਤੇ ‘ਰਾਬਰਟ ਸਾਈਲਊ’ ਨੇ ਮਿਲ ਕੇ ਇਹ ਵਰਲਡ ਵਾਈਡ ਵੈਬ ਨੂੰ ਤਿਆਰ ਕੀਤਾ ਗਿਆ ਸੀ। ਅੱਜ 30ਵੇਂ ਸਾਲ ਵਿੱਚ ਦਾਖਲ ਹੁੰਦਿਆਂ ਉਹਨਾਂ ਆਪਣੇ ਬਲਾਗ ਵਿੱਚ ਲਿਖਿਆ ਕਿ, ‘ਇਸ ਸਮੇਂ ਦੁਨੀਆ ਦੀ ਅੱਧੀ ਅਬਾਦੀ ਆਨਲਾਈਨ ਹੋ ਚੁੱਕੀ ਹੈ ਅਤੇ ਸਾਡੇ ਸਾਹਮਣੇ ਦੋ ਮੁੱਖ ਸਵਾਲ ਹਨ ਪਹਿਲਾ ਇਹ ਕਿ ਬਾਕੀ ਰਹਿੰਦੀ ਅਬਾਦੀ ਨੂੰ ਆਨਲਾਈਨ ਕਿਵੇਂ ਲਿਆਂਦਾ ਜਾਵੇ? ਅਤੇ ਦੂਜਾ ਇਹ ਕਿ, ਮੌਜੂਦਾ ਦੌਰ ਵਿੱਚ ਜਿਸ ਤਰ੍ਹਾਂ ਦਾ ਇੰਟਰਨੈਟ ਸਾਡੇ ਸਾਹਮਣੇ ਬਣ ਚੁੱਕਿਆ ਹੈ, ਉਹਨੂੰ ਵੇਖਦੇ ਹੋਏ ਬਾਕੀ ਅੱਧੀ ਅਬਾਦੀ ਆਨਲਾਈਨ ਆਉਣਾ ਚਾਹੁੰਦੀ ਵੀ ਹੈ ਕਿ ਨਹੀਂ? ਕਿਉਂਕਿ ਵੈਬ ਨੂੰ ਇੱਕ ਇਹੋ ਜਿਹੀ ਸਪੇਸ (ਥਾਂ) ਦੇ ਤੌਰ ਤੇ ਤਿਆਰ ਕੀਤਾ ਗਿਆ ਸੀ, ਜੋ ਮੁਫਤ ਹੋਵੇ, ਹਰ ਕਿਸੇ ਲਈ ਹੋਵੇ ਅਤੇ ਕੁੱਝ ਵਿਕਸਿਤ ਕਰਨ ਦੇ ਯੋਗ ਹੋਵੇ, ਪਰ ਹੁਣ ਤਸਵੀਰ ਬਦਲਦੀ ਹੋਈ ਦਿੱਸ ਰਹੀ ਹੈ। ਕਿਤੇ ਤਾਂ ਆਪਣੀ ਕਮਾਈ ਦਾ ਕੇਵਲ 1-2% ਪ੍ਰਤੀਸ਼ਤ ਖਰਚ ਕਰਕੇ ਚੰਗੀ ਸਪੀਡ ਤੇ ਡਾਟਾ ਪੈਕ ਪ੍ਰਾਪਤ ਹੋ ਜਾਂਦਾ ਹੈ ਅਤੇ ਕਿਤੇ ਆਪਣੀ ਕਮਾਈ ਦਾ 20% ਜਾਂ ਇਸਤੋਂ ਵੱਧ ਖਰਚ ਕੇ ਹੀ ਚੰਗੀ ਸਪੀਡ ਅਤੇ ਡਾਟਾ ਪੈਕ ਮਿਲ ਸਕਦਾ ਹੈ। ਇਸ ਦੇ ਨਾਲ ਹੀ ਹੁਣ ਇਹ ਸਾਰਿਆਂ ਲਈ ਮੌਜੂਦ ਨਹੀਂ ਹੈ। ਅੱਜ ਕਲ੍ਹ ਇੰਟਰਨੈਟ ਦੀ ਯੋਗ ਅਤੇ ਦੁਰਉਪਯੋਗ ਸਬੰਧੀ ਕਈ ਤਰ੍ਹਾਂ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਹਨ। ਮੈਂ ਤਾਂ ਬੱਸ ਇਹੀ ਕਹਿਣਾ ਚਾਹੁੰਦਾ ਹਾਂ ਕਿ ਅਸੀਂ ‘ਹਥਿਆਰਬੰਦ ਇੰਟਰਨੈਟ’ ਤਿਆਰ ਕਰ ਰਹੇ ਹਾਂ। ਇਹ ਇੰਟਰਨੈਟ ਉਵੇਂ ਹੀ ਖ਼ਤਰਨਾਕ ਹੈ, ਜਿਵੇਂ ਕੋਈ ਹਥਿਆਰ ਲੈ ਕੇ ਖੜਾ ਹੋਇਆ ਇਨਸਾਨ। ਇਹੋ ਜਿਹਾ ਇੰਟਰਨੈਟ ਸਾਰਿਆਂ ਲਈ ਯੋਗ ਨਹੀਂ ਹੋ ਸਕਦਾ। ਇਸ ਖ਼ਤਰੇ ਨੂੰ ਦੂਰ ਕਰਨ ਲਈ ਕਾਰੋਬਾਰੀ, ਤਕਨਾਲੌਜੀ, ਸਰਕਾਰਾਂ, ਮਨੋਰੰਜਨ ਜਗਤ, ਸਿੱਖਿਆ ਖੇਤਰ ਸਮੇਤ ਹਰ ਖੇਤਰ ਨਾਲ ਸਬੰਧਿਤ ਬੁੱਧੀਜੀਵੀਆਂ ਨੂੰ ਇੱਕ ਮੰਚ ਤੇ ਇਕੱਠੇ ਹੋਣਾ ਪਵੇਗਾ।’ ਉਪਰ ਲਿਖੇ ਅੰਸ਼ ਟਿਮ ਬਰਨਰਸ ਲੀ ਦੇ ਬਲਾਗ ਵਿੱਚੋਂ ਲਏ ਹਨ ਅਤੇ ਉਪਰੋਕਤ ਵਿਚਾਰ ਸਾਨੂੰ ਅੱਜ ਵੀ ਸੋਚਣ ਲਈ ਮਜਬੂਰ ਕਰਦੇ ਹਨ ਕਿ ਜਾਣਕਾਰੀ ਦਾ ਅਥਾਹ ਸਮੁੰਦਰ ਮੰਨੀ ਜਾਂਦੀ ਇੰਟਰਨੈਟ ਦੀ ਦੁਨੀਆ ਵਿੱਚ, ਨੈਤਿਕਤਾ ਤੋਂ ਉਲਟ, ਸਮਾਜ/ ਸੱਭਿਅਤਾ ਵਿਰੋਧੀ ਤੱਥ ਜਾਂ ਹੋਰ ਬਹੁਤ ਸਾਰੇ ਸਮਾਜ ਜਾਂ ਮਨੁੱਖਤਾ ਵਿਰੋਧੀ ਸਮੱਗਰੀ ਤੋਂ ਕਿਵੇਂ ਬਚਿਆ ਜਾ ਸਕਦਾ ਹੈ ਜਾਂ ਇਸ ਲਈ ਕੀ ਨਿਯਮਾਵਲੀ ਹੋਣੀ ਚਾਹੀਦੀ ਹੈ? ਕਿਉਂਕਿ ਇੰਟਰਨੈਟ ਦੀ ਦੁਰਵਰਤੋਂ ਹਰ ਛੋਟੇ ਅਤੇ ਵੱਡੇ ਪੱਧਰ ਤੇ ਕਿਸੇ ਨਾ ਕਿਸੇ ਰੂਪ ਵਿੱਚ ਕੀਤੀ ਹੀ ਜਾ ਰਹੀ ਹੈ। ਆਨਲਾਈਨ ਪੈਸਿਆਂ ਰੁਪਿਆਂ ਦੀ ਠੱਗੀ, ਸੋਸ਼ਲ ਮੀਡੀਆ ਤੇ ਨਕਲੀ ਆਈਡੀਆਂ ਨਾਲ ਲੋਕਾਂ ਨੂੰ ਬਲੈਕਮੇਲ ਕਰਨਾ, ਮੋਹ ਜਾਲ ਵਿੱਚ ਫਸਾਉਣਾ ਫਿਰ ਉਨ੍ਹਾਂ ਦੀ ਆਰਥਿਕ, ਮਾਨਸਿਕ ਲੁੱਟ ਕਰਨਾ, ਗੀਤ/ਸੰਗੀਤ ਮਨੋਰੰਜਨ ਜਗਤ ਵਿੱਚ ਚੱਲਦੀ ਪਾਇਰੇਸੀ ਦੀ ਖੇਡ, ਹਥਿਆਰਾਂ ਨੂੰ ਬਣਾਉਣਾ ਅਤੇ ਚਲਾਉਣਾ ਗੱਲ ਕੀ ਹਰ ਤਰ੍ਹਾਂ ਦੀ ਗਲਤ ਅਤੇ ਠੀਕ ਜਾਣਕਾਰੀ ਮੌਜੂਦ ਹੈ ਜੋ ਬੱਸ ਅੰਗੂਠਾ ਦੱਬਣ ਦੀ ਦੇਰ ਹੈ ਕਿ ਅੱਖ ਝਪਕਣ ਤੋਂ ਪਹਿਲਾਂ ਤੁਹਾਡੇ ਸਾਹਮਣੇ ਹੁੰਦੀ ਹੈ। ਸ਼ਾਇਦ ਇਹੀ ਕਾਰਣ ਹੈ ਕਿ ਅੱਜ ਇੰਟਰਨੈਟ ਵਿਸ਼ਵ ਵਿਆਪੀ ਔਜ਼ਾਰ ਬਣਦਾ ਜਾ ਰਿਹਾ ਹੈ। ਅੱਜ ਇੰਟਰਨੈਟ ’ਤੇ ਪਾਈ ਜਾਂਦੀ ਜਾਣਕਾਰੀ ਉਤੇ ਅੱਖਾਂ ਬੰਦ ਕਰ ਕੇ ਭਰੋਸਾ ਕਰਨ ਤੋਂ ਸਾਵਧਾਨ ਹੋਣ ਦੀ ਲੋੜ ਹੈ। ਸਾਨੂੰ ਪਤਾ ਕਰਨਾ ਚਾਹੀਦਾ ਹੈ ਕਿ ਇਹ ਜਾਣਕਾਰੀ ਕਿਸ ਵੱਲੋਂ ਪਾਈ ਗਈ ਹੈ? ਇਹ ਜਾਣਕਾਰੀ ਲਿਖਣ ਵਾਲੇ ਕੋਲ ਕਿਹੜਾ ਅਧਿਕਾਰ ਹੈ ਜਾਂ ਉਸ ਨੂੰ ਕਿਹੜੀ ਸਿਖਲਾਈ ਮਿਲੀ ਹੈ? ਇਹ ਜਾਣਕਾਰੀ ਕਿਉਂ ਲਿਖੀ ਗਈ ਹੈ? ਲਿਖਣ ਵਾਲੇ ਦੀ ਭਾਵਨਾ ਕੀ ਹੈ? ਉਸਨੇ ਕਿਸ ਦੇ ਪੱਖ ਜਾਂ ਵਿਰੋਧ ਵਿੱਚ ਲਿਖਿਆ ਹੈ ਜਾਂ ਨੈਟ ਤੇ ਪਾਇਆ ਹੈ? ਇੰਟਰਨੈਟ ਤੇ ਪਈ ਜਾਣਕਾਰੀ ਦੇ ਸ੍ਰੋਤ ਕੀ ਹਨ? ਕੀ ਇਹ ਜਾਣਕਾਰੀ ਬਿਲਕੁਲ ਨਵੀਂ ਹੈ? ਕਿਸੇ ਵੀ ਤਰ੍ਹਾਂ ਦੀ ਵੀਡੀਉ, ਫੋਟੋ ਜਾਂ ਲਿਖਤ ਨੂੰ ਕਿਸੇ ਭਾਵਨਾ ਨਾਲ ਸਾਂਝਾਂ ਕੀਤਾ ਜਾ ਰਿਹਾ ਹੈ? ਇਤਿਆਦਿ। ਇਹਨਾਂ ਕੁੱਝ ਗੱਲਾਂ ਬਾਰੇ ਜ਼ਰੂਰ ਸੋਚਿਆ ਜਾਵੇ। ਇਸਦੇ ਨਾਲ ਜ਼ਰੂਰੀ ਹੈ ਕਿ ਨੌਜਵਾਨਾਂ ਨੂੰ ਧਰਮ ਦੀ ਸਿੱਖਿਆ, ਨੈਤਿਕ ਕਦਰਾਂ-ਕੀਮਤਾਂ ਅਤੇ ਸਮਾਜ ਪ੍ਰਤੀ ਆਪਣੀ ਜਿੰਮੇਵਾਰੀ ਪ੍ਰਤੀ ਜ਼ਰੂਰ ਜਾਗਰੂਕ ਕੀਤਾ ਜਾਵੇ ਤਾਂ ਕਿ ਇੰਟਰਨੈਟ ਦੀ ਯੋਗ ਵਰਤੋਂ ਕਰਨ ਦੇ ਕਾਬਿਲ ਬਣ ਸਕਣ ਅਤੇ ਦੇਸ਼ ਦੇ ਭਵਿੱਖ ਅਤੇ ਨਿਰਮਾਣ ਵਿੱਚ ਆਪਣਾ ਸਹੀ ਯੋਗਦਾਨ ਪਾ ਸਕਣ। ਇਸ ਤਰ੍ਹਾਂ ਇੰਟਰਨੈਟ ਦੀ ਸਹੀ ਵਰਤੋਂ ਦੇ ਸਦਉਪਯੋਗ ਨਾਲ ਅਸੀਂ ਨਰੋਆ ਸਮਾਜ ਸਿਰਜ ਸਕਦੇ ਹਾਂ। ਇੰਟਰਨੈਟ ਦੇ ਬੁਰੇ ਪ੍ਰਭਾਵਾਂ ਪ੍ਰਤੀ ਸਕੂਲਾਂ/ ਕਾਲਜਾਂ ਵਿੱਚ ਸੈਮੀਨਾਰਾਂ ਰਾਹੀਂ ਵਿਦਿਆਰਥੀਆਂ ਨਾਲ ਸਾਂਝ ਪਾਈ ਜਾਵੇ। ਇੰਟਰਨੈਟ ਵਿੱਚ ਖੁੱਭ ਕੇ ਆਪਣਾ ਅਮੁੱਲਾ ਸਮਾਂ ਬਰਬਾਦ ਕਰਨ ਵਾਲੇ ਵਿਦਿਆਰਥੀਆਂ, ਬੱਚਿਆਂ ਸਮੇਤ ਸਾਰੇ ਨਿੱਕੇ-ਵੱਡਿਆਂ ਨੂੰ ਸਮੇਂ ਦੀ ਸਾਰਥਕ ਵਰਤੋਂ ਕਰਕੇ ਸਿਹਤ, ਕਸਰਤ, ਖੇਡਾਂ, ਪਰਵਾਰਕ ਅਤੇ ਸਮਾਜ ਵਿੱਚ ਆਪਸੀ ਮੇਲ ਜੋਲ ਵੱਲ ਧਿਆਨ ਦੇਣਾ ਚਾਹੀਦਾ ਹੈ।