ਸ਼ਹੀਦ ਭਗਤ ਸਿੰਘ 20ਵੀਂ ਸਦੀ ਦਾ ਮਹਾਨ ਪੰਜਾਬੀ ਨਾਇਕ ਹੈ।ਉਹ ਸਿਰਫ ਇੱਕ ਸ਼ਹੀਦ ਹੀ ਨਹੀਂ ਸਗੋਂ ਉਹ ਇੱਕ ਚਿੰਤਕ, ਕਲਾ ਪ੍ਰੇਮੀ, ਰਾਜਸ਼ੀ ਕਾਰਕੁੰਨ ਅਤੇ ਜੰਗਜੂ ਇਨਕਲਾਬੀ ਵਰਗੇ, ਉਚ ਪਾਏ ਦੇ ਗੁਣਾਂ ਦਾ ਵੀ ਮੁੱਜਸਮਾ ਸੀ। ਉਸਦੀ ਸ਼ਖਸ਼ੀਅਤ ਬਹੁ-ਪਸਾਰੀ ਸੀ ਪਰ ਸੋਚਣ ਵਾਲੀ ਗੱਲ ਇਹ ਹੈ ਕਿ ਸ. ਭਗਤ ਸਿੰਘ,ਰਾਜਗੁਰੂ ਅਤੇ ਸੁਖਦੇਵ ਹੀ ਨਹੀਂ ਅਜ਼ਾਦੀ ਸੰਗਰਾਮ ਅਤੇ ਲੋਕ ਲਹਿਰਾਂ ਦਾ ਹਰ ਸ਼ਹੀਦ ਹੀ ਇੱਕੋ ਜਿੰਨਾਂ ਸਤਿਕਾਰਤ ਹੈ ਪਰ ਫਿਰ ਵੀ ਭਗਤ ਸਿੰਘ ਨੂੰ ‘ਸ਼ਹੀਦ-ਏ-ਆਜਮ’ ਕਿਉਂ ਕਿਹਾ ਜਾਂਦਾ ਹੈ?
ਸ. ਭਗਤ ਸਿੰਘ ਨੂੰ ਅਜ਼ਾਦੀ ਦੀ ਗੁੜਤੀ ਪਰਿਵਾਰ ਵਿਚੋਂ ਹੀ ਮਿਲੀ ਸੀ। ਉਸਦਾ ਜਨਮ 28 ਸਤੰਬਰ 1907 ਨੂੰ ਪਿੰਡ ਬੰਗਾ, ਜਿਲਾ ਲਾਇਲਪੁਰ (ਪਾਕਿਸਤਾਨ) ਵਿੱਚ ਹੋਇਆ। ਉਸਦੇ ਦਾਦਾ ਜੀ ਸ. ਅਰਜੁਨ ਸਿੰਘ ਅਤੇ ਪਿਤਾ ਸ. ਕਿਸ਼ਨ ਸਿੰਘ ਬਹੁਤ ਵੱਡੇ ਸਮਾਜ ਸੇਵਕ ਸਨ।ਇਸ ਤੋਂ ਪਹਿਲਾ ਵੀ ਭਗਤ ਸਿੰਘ ਦੇ ਪੁਰਖੇ ਮਾਹਾਰਾਜਾ ਰਣਜੀਤ ਸਿੰਘ ਦੀ ਫੌਜ ਦੇ ਬਹਾਦਰ ਯੋਧੇ ਰਹੇ ਸਨ।1906 ਵਿੱਚ ਕਿਸ਼ਨ ਸਿੰਘ ਨੇ ਸਿਆਸਤ ਵਿੱਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ ਅਤੇ ਕਾਂਗਰਸ ਦੇ ਮੈਂਬਰ ਬਣੇ। ਸ. ਭਗਤ ਸਿੰਘ ਦੇ ਚਾਚਾ ਸ. ਅਜੀਤ ਸਿੰਘ ਵੀ ਸਿਰ ਕੱਢ ਸੁਤੰਤਰਾ ਸੰਗਰਾਮੀ ਅਤੇ ਭਰਵਾਸ਼ਾਲੀ ਬੁਲਾਰੇ ਸਨ ।ਉਸਦੇ ਪ੍ਰਚਾਰ ਦਾ ਵਾਹੀਕਾਰਾਂ ਅਤੇ ਫੋਜੀਆਂ ਉਤੇ ਕਾਫੀ ਪ੍ਰਭਾਵ ਪਿਆ ਜਿਸ ਕਾਰਨ ਉਨ੍ਹਾਂ ਨੂੰ ਦੇਸ਼ ਨਿਕਾਲੇ ਦੀ ਸਜਾ ਭੁਗਤਨੀ ਪਈ ਸੀ। ਭਗਤ ਸਿੰਘ ਤੇ ਕਰਤਾਰ ਸਿੰਘ ਸਰਾਭੇ ਦੀ ਸ਼ਹਾਦਤ ਨੇ ਡੂੰਘਾਂ ਅਸਰ ਪਾਈਆ। ਉਹ ਹਮੇਸ਼ਾ ਸਰਾਭੇ ਦੀ ਤਸਵੀਰ ਆਪਣੀ ਜੇਬ ਵਿੱਚ ਰੱਖਦੇ ਸਨ ਜੋ ਗ੍ਰਿਫਤਾਰੀ ਸਮੇਂ ਵੀ ਉਸ ਕੋਲ ਸੀ।ਫਿਰ 1919 ਦੇ ਜਲ੍ਹਿਆਂ ਵਾਲੇ ਬਾਗ ਦੇ ਕਾਂਡ ਨੇ ਵੀ ਭਗਤ ਸਿੰਘ ਦੀ ਇਨਕਲਾਬੀ ਸੋਚ ਨੂੰ ਨਵੇ ਸਿਰੀਉ ਪ੍ਰਭਾਵਿਤ ਕੀਤਾ।
ਅੰਗਰੇਜ਼ਾਂ ਅਧੀਨ ਸਾਡੇ ਦੇਸ਼ ਅੰਦਰ ਮੁੱਖ ਤੌਰ ਤੇ ਦੋ ਕਿਸਮਾਂ ਦੀਆਂ ਸ਼ਕਤੀਆਂ ਸਨ। ਪਹਿਲੀ ਵਿਚ ਵੱਡੀ ਸਰਮਾਏਦਾਰੀ ਅਤੇ ਵੱਡੇ ਅਮੀਰ ਘਰਾਣੇ ਸਨ। ਇਸ ਵਿੱਚ ਬੁੱਧੀ ਜੀਵੀਆਂ, ਵੱਡੇ-ਵੱਡੇ ਵਕੀਲ, ਡਾਕਟਰ ਅਤੇ ਉਚ ਸਰਕਾਰੀ ਅਹੁਦਿਆ ਤੇ ਬਿਰਾਜਮਾਨ ਲੋਕ ਸਨ।ਤੀਸਰੀ ਵਿੱਚ ਆਦਿਵਾਸੀ ਅਤੇ ਕਿਸਾਨੀ, ਦਸਤਕਾਰ, ਫੈਕਟਰੀ ਕਾਮੇ ਅਤੇ ਸ਼ਹਿਰੀ ਮੱਧਵਰਗ ਸ਼ਾਮਿਲ ਸੀ। ਇਹ ਵਰਗ ਅੰਗਰੇਜ਼ੀ ਸਾਮਰਾਜਵਾਦ ਅਤੇ ਉਹਨਾਂ ਦੇ ਭਾਰਤੀ ਭਾਈਵਾਲਾ ਦੀ ਲੁੱਟ ਅਤੇ ਜਬਰ ਜੁਲਮ ਵਾਲੀ ਸਿਆਸਤ ਦਾ ਸ਼ਿਕਾਰ ਸਨ ।ਇਸ ਕਰਕੇ ਇਹ ਲੋਕ ਅੰਗਰੇਜ਼ਾ ਵਿਰੁੱਧ ਸਮਝੋਤਾ ਰਹਿਤ ਜੱਦੋ ਜਹਿਦ ਵਾਲੀ ਸਿਆਸੀ ਲੀਹ ਤੇ ਚੱਲ ਰਹੇ ਸਨ। ਸਿੱਟੇ ਵਜੋ ਦੇਸ਼ ਦੀ ਅਜਾਦੀ ਲਈ ਨਵੰਬਰ 1921 ਵਿੱਚ ‘ਨਾ- ਮਿਲਵਰਤਨ ਲਹਿਰ’ ਆਰੰਭੀ ਗਈ।ਸਿਆਸੀ ਆਗੂਆਂ ਨੇ ਭਾਰਤੀ ਵਿਦਿਆਰਥੀਆਂ ਨੂੰ ਵੀ ਇਸ ਲਹਿਰ ਵਿੱਚ ਸ਼ਾਮਿਲ ਹੋਣ ਲਈ ਪ੍ਰੇਰਿਤ ਕੀਤਾ। ਉਸ ਸਮੇਂ ਭਗਤ ਸਿੰਘ ਦਸਵੀਂ ਜਮਾਤ ਵਿੱਚ ਪੜਦਾ ਸੀ ਅਤੇ ਪੜਾਈ ਵਿਚਾਲੇ ਛੱਡਕੇ ਹੀ ਇਸ ਲਹਿਰ ਵਿੱਚ ਕੁੱਦ ਪਿਆ।ਜਦੋਂ ਇਹ ਲਹਿਰ ਆਪਣੇ ਪੂਰੇ ਜੋਬਨ ਤੇ ਪੁੱਜ ਗਈ ਤਾਂ ਆਗੂਆਂ ਨੇ ਇਹ ਅੰਦੋਲਨ ਵਾਪਿਸ ਲੈ ਲਿਆ ਜਿਸ ਸਦਕਾ ਭਗਤ ਸਿੰਘ ਵਰਗੇ ਅਨੇਕਾ ਕ੍ਰਾਂਤੀਕਾਰੀਆਂ ਦੇ ਮਨ ਵਿੱਚ ਕੌਮੀ ਆਗੂਆਂ ਪ੍ਰਤੀ ਘੋਰ ਨਿਰਾਸ਼ਾਂ ਪੈਦਾ ਹੋ ਗਈ ਅਤੇ ਦੇਸ਼ ਦੀ ਅਜ਼ਾਦੀ ਲਈ ਨਵੇਂ ਯਤਨ ਕਰਨੇ ਆਰੰਭ ਕੀਤੇ ਗਏ।1922 ਵਿੱਚ ਵਿਦਿਆਰਥੀਆਂ ਨੂੰ ਕ੍ਰਾਂਤੀ ਦਾ ਪਾਠ ਪੜਾਉਣ ਲਈ ‘ਲਾਹੌਰ ਨੈਸ਼ਨਲ ਕਾਲਜ’ ਸਥਾਪਿਤ ਕੀਤਾ ਗਿਆ । ਭਗਤ ਸਿੰਘ ਨੇ ਵੀ ਇਸ ਵਿੱਚ ਦਾਖਲਾ ਲੈ ਲਿਆ। ਇਥੇ ਉਸਦਾ ਮੇਲ ਮਹਾਨ ਇਨਕਲਾਬੀ ਭਗਵਤੀ ਚਰਨ ਵੋਹਰਾ ਨਾਲ ਹੋਇਆ ਜਿਸ ਕੋਲ ਰੂਸੀ ਸਾਹਿਤ ਦੀ ਬੇ ਅੰਤ ਸਮਗਰੀ ਸੀ ਉਸਦੀ ਪਤਨੀ ਦੁਰਗਾ ਬਾਈ ਵੀ ਇੱਕ ਮਹਾਨ ਇਨਲਾਬੀ ਸੀ। ਇਸਤੋਂ ਇਲਾਵਾ ਸੁਖਦੇਵ, ਭਗਤ ਸਿੰਘ ਦਾ ਜਮਾਤੀ ਸੀ ।ਹਰ ਲੈਕਚਰ ਅਤੇ ਕਿਤਾਬ ‘ਤੇ ਵਿਚਾਰ ਗੋਸ਼ਟੀਆਂ ਹੋਣ ਲੱਗੀਆਂ। ਕਾਨ੍ਹਪੁਰ ਵਿਚ ਜਾ ਕੇ ਉਸਨ ‘ਪ੍ਰਤਾਪ ਅਖਬਾਰ’ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਜਿਥੇ ਉਸਦਾ ਸੰਪਰਕ ‘ਗਨੇਸ਼ ਸ਼ੰਕਰ ਵਿਦਿਆਰਥੀ, ਬੀ.ਕੇ ਦੱਤ, ਸ਼ਿਵ ਵਰਮਾ,ਜੇਦੇਵ ਕਪੂਰ, ਸ਼ਹੀਦ ਬਿਸਮਿਲ ਅਤੇ ਚੰਦਰ ਸ਼ੇਖਰ ਅਜ਼ਾਦ ਵਰਗੇ ਮਹਾਨ ਦੇਸ਼ ਭਗਤਾਂ ਨਾਲ ਹੋਇਆ ਅਤੇ ਇੱਕ ਨਵੇਂ ਕ੍ਰਾਂਤੀਕਾਰੀ ਦਲ ਨੂੰ ਜਨਮ ਦਿੱਤਾ। ਇਸ ਦਲ ਨੇ ਇਨਕਲਾਬੀ ਤਰੀਕੇ ਨਾਲ ਦੇਸ਼ ਨੂੰ ਅੰਗਰੇਜੀ ਹਾਕਮਾਂ ਦੇ ਹੱਥੋ ਅਜ਼ਾਦ ਕਰਵਾਉਣ ਦਾ ਸੰਕਲਪ ਲਿਆ ਸੀ। ਇਹਨਾਂ ਨੇ 9 ਅਗਸਤ 1924 ਨੂੰ ਲਖਨਾਊ ਤੋਂ 8 ਕਿਲੋਮੀਟਰ ਦੂਰ ‘ਕਾਕੋਰੀ’ ਨਾਮੀ ਇਕ ਛੋਟੇ ਜਿਹੇ ਸਟੇਸ਼ਨ ਉਤੇ ਸਰਕਾਰੀ ਖਜ਼ਾਨੇ ਨੂੰ ਲੁੱਟ ਲਿਆ ਜਿਹੜਾ ਕਿ ‘ਕਾਕੋਰੀ ਕੇਸ’ ਵਜੋਂ ਪ੍ਰਸਿੱਧ ਹੋਇਆ।ਇਸ ਕੇਸ ਵਿੱਚ ਅੰਗਰੇਜੀ ਹਕੂਮਤ ਨੇ ਸ਼ਹੀਦ ਬਿਸਮਿਲ ਸਮੇਂ ਚੋਟੀ ਦੇ ਆਗੂਆਂ ਨੂੰ ਗ੍ਰਿਫਤਾਰ ਕਰ ਲਿਆ ।ਸਿਰਫ ਦੋ ਆਗੂ ਚੰਦਰ ਸੇਖਰ ਅਜ਼ਾਦ ਅਤੇ ਕੁੰਦਨ ਲਾਲ ਗੁਪਤਾ ਹੀ ਬਚੇ। ਫੜੇ ਗਏ ਆਗੂਆਂ ਵਿੱਚੋਂ ਕੁਝ ਨੂੰ ਅੰਗਰੇਜੀ ਰਾਜ ਵਿੱਚ ਫਾਸੀਆਂ ਮਿਲੀਆ ਅਤੇ ਕੁਝ ਨੁੰ ਉਮਰ ਕੈਦਾਂ। ਅਜਿਹੀ ਗੰਭੀਰ ਸਥਿਤੀ ਵਿੱਚ ਪਾਰਟੀ ਨੂੰ ਮੁੜ ਨਵੀਆ ਲੀਹਾਂ ‘ਤੇ ਲ਼ੈ ਕੇ ਆਉਣ ਦੀ ਜਿੰਮੇਵਾਰੀ ਭਗਤ ਸਿੰਘ ’ਤੇ ਪੈ ਗਈ।ਚਾਰੇ ਪਾਸੇ ਸਾਰੀ ਜਨਤਾ ‘ਆਜਾਦੀ-ਆਜਾਦੀ’ ਦੀ ਹੇਕ ਲਗਾ ਰਹੀ ਸੀ। ਭਗਤ ਸਿੰਘ ਨੇ ਆਪਣੀ ਇਸ ਜਿੰਮੇਵਾਰੀ ਨੂੰ ਬੜੀ ਹੀ ਗੰਭੀਰਤਾ ਨਾਲ ਲਿਆ।ਇਸ ਲਈ ਉਸਨੇ ਸਭ ਤੋਂ ਪਹਿਲਾ ਨਾ ਸਿਰਫ ਦੇਸ਼ ਅੰਦਰ ਬਲਕਿ ਦੁਨੀਆਂ ਭਰ ‘ਤੇ ਚੱਲੀਆ ਹਰ ਕਿਸਮ ਦੀਆਂ ਲਹਿਰਾਂ ਦਾ ਅਧਿਐਨ ਸ਼ੁਰੂ ਕੀਤਾ ਕਿਉਕਿ ਉਹ ਹਮੇਸ਼ਾਂ ਪੜ੍ਹਦੇ ਸਮੇਂ ਆਪਣੇ ਆਪ ਨੂੰ ਕਹਿੰਦਾ ਸੀ, ‘ ਅਧਿਐਨ ਕਰ ਤਾਂ ਕਿ ਤੂੰ ਆਪਣੀਆਂ ਵਿਰੋਧੀਆਂ ਦੀਆਂ ਦਲੀਲਾਂ ਦਾ ਜਵਾਬ ਦੇ ਸਕਣ ਯੋਗ ਹੋ ਸਕੇ, ਆਪਣੇ ਸਿਧਾਂਤ ਦੀ ਹਮਾਇਤ ਵਿੱਚ ਦਲੀਲਾਂ ਨਾਲ ਆਪਣੇ ਆਪ ਨੂੰ ਅਧਿਐਨ ਨੂੰ ਲੈਸ ਕਰਨ ਲਈ ਅਧਿਐਨ ਕਰ’। ਜਦੋਂ ਕ੍ਰਾਂਤੀਕਾਰੀ ਦਲ ਫਿਰੋਜ਼ਪੁਰ ਸ਼ਹਿਰ ਦੇ ‘ਤੂੜੀ ਬਜ਼ਾਰ’ ਵਿੱਚ ਸੀ ਤਾਂ ਉਥੋਂ ਦੇ ਲੋਕਾਂ ਦੇ ਮੁਤਾਬਿਕ ਫਿਰੋਜ਼ਪੁਰ ਨਿਵਾਸੀ ਸਵਰਗਵਾਸੀ ਰਾਮ ਗੁਪਾਲ ਦੱਸਦੇ ਹੁੰਦੇ ਸਨ ਕਿ ‘ਉਹ ਜਦੋਂ 7-8 ਸਾਲ ਦੀ ਉਮਰ ਦੇ ਸਨ ਉਹਨਾਂ ਦੇ ਬਜ਼ੁਰਗ ਉਹਨਾਂ ਦੇ ਕਿਤਾਬਾਂ ਵਾਲੇ ਬੈਗ ਵਿੱਚ ਕਿਤਾਬਾਂ ਦੇ ਨਾਲ ਰੋਟੀ ਬੰਨ ਦਿੰਦੇ ਸਨ ਜਿਹੜੀ ਉਹ ਭਗਤ ਸਿੰਘ ਤੇ ਉਸਦੇ ਸਾਥੀਆਂ ਨੂੰ ‘ਤੂੜੀ ਬਜਾਰ’ ਦੇ ਕੇ ਆਉਂਦੇ ਸਨ’। ਉਹਨਾਂ ਮੁਤਾਬਿਕ ਭਗਤ ਸਿੰਘ ਜਾਂ ਤਾਂ ਕੁਝ ਪੜ੍ਹ ਲਿਖ ਰਿਹਾ ਹੁੰਦਾ ਸੀ ਜਾਂ ਕਸਰਤ ਕਰ ਰਿਹਾ ਹੁੰਦਾ ਸੀ’। ਇਸਤੋਂ ਪਹਿਲਾ ਦੇ ਇਨਕਲਾਬੀਆਂ ਵਿੱਚ ਤਸ਼ੱਦਦ ਦੇ ਤੌਰ ਤਰੀਕਿਆਂ ਦਾ ਰੁਮਾਸ ਇੰਨਾਂ ਭਾਰੂ ਸੀ ਪਰ ਉਸਦੇ ਮਨ ਵਿੱਚ ਇਹ ਥਾਂ ਗੰਭੀਰ ਵਿਚਾਰਾਂ ਨੇ ਲੈ ਲਈ ਸੀ। ਭਗਤ ਸਿੰਘ ਅਨੁਸਾਰ, ‘ ਇਹ ਮੇਰੇ ਇਨਕਲਾਬੀ ਜੀਵਨ ਵਿੱਚ ਇੱਕ ਵੱਡਾ ਮੋੜ ਸੀ’।
ਭਗਤ ਸਿੰਘ ਤੇ ਉਸਦੇ ਸਾਥੀਆਂ ਦਾ ਮਨੋਰਥ ਦੇਸ਼ ਨੂੰ ਅੰਗਰੇਜ਼ਾਂ ਦੀ ਗੁਲਾਮੀ ਤੋਂ ਅਜ਼ਾਦ ਕਰਵਾਉਣਾ ਹੀ ਨਹੀਂ ਸੀ ਸਗੋਂ ਉਹਨਾਂ ਦਾ ਅੰਤਿਮ ਮਨੋਰਥ ਇੱਕ ਅਜਿਹੇ ਸਮਾਜ ਦੀ ਸਿਰਜਣਾ ਕਰਨਾ ਸੀ ਜਿਸ ਅੰਦਰ ‘ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਖਸੁੱਟ ਦਾ ਮੁਕੰਮਲ ਖਾਤਮਾ ਹੋਵੇ’। ਇਸ ਉਦੇਸ਼ ਦੀ ਪ੍ਰਾਪਤੀ ਲਈ ਉਹਨਾਂ ਨੇ ਮਾਰਚ 1926 ਵਿੱਚ ਲਾਹੌਰ ਵਿਖੇ ‘ਨੌਜਵਾਨ ਭਾਰਤ ਸਭਾ’ ਦਾ ਸੰਗਠਨ ਕੀਤਾ।ਜਿਸਦੇ ਪਹਿਲੇ ਪ੍ਰਧਾਨ ਰਾਮ ਚੰਦਰ ਤੇ ਜਨਰਲ ਸਕੱਤਰ ਭਗਤ ਸਿੰਘ ਸਨ। ਅੰਗਰੇਜੀ ਹਕੂਮਤ ਦੀਆਂ ਨਜ਼ਰਾਂ ਵਿੱਚ ਇਸ ਨੌਜਵਾਨ ਜੱਥੇਬੰਦੀ ਦੀ ਰੂਹ ਭਗਤ ਸਿੰਘ ਹੀ ਸੀ।ਪਾਰਟੀਆਂ ਨੇ ਇਨਕਲਾਬੀਆਂ ਵਿੱਚ ਪਈ ਮਾਨਸਿਕ ਖੜੋਤ ਨੂੰ ਤੋੜਨ ਲਈ ਉਹਨਾਂ ਵਿੱਚ ‘ ਆਲੋਚਨਾ ਅਤੇ ਸੁਤੰਤਰ ਸੋਚਣੀ’ ਦੀ ਭਾਵਨਾ ਪ੍ਰਚੰਡ ਕੀਤੀ ।ਇਸ ਤਰ੍ਹਾਂ ਪਾਰਟੀ ਅੰਦਰ ਹਰ ਆਗੂ ਅਤੇ ਵਰਕਰ ਆਪਣੀ ਆਪਣੀ ਬੁੱਧੀ ਅਤੇ ਤਰਕ ਨਾਲ ਯੋਗਦਾਨ ਪਾਉਣ ਲੱਗਿਆ। ਭਗਤ ਸਿੰਘ ਅਨੁਸਾਰ, ‘ ਜਿਸ ਵਿਅਕਤੀ ਕੋਲ ਥੋੜੀ ਬਹੁਤ ਤਰਕ ਸ਼ਕਤੀ ਹੈ ਉਹ ਹਮੇਸ਼ਾਂ ਆਪਣੇ ਆਲੇ ਦੁਆਲੇ ਨੂੰ ਤਰਕ ਦੀ ਕਸਵੱਟੀ ਤੇ ਪਰਖਦਾ ਹੈ’। ਇਨਕਲਾਬੀਆਂ ਨੇ ਫਲਸਫੇ, ਅਲੋਚਨਾ, ਸੁਤੰਤਰ ਸੋਚਣੀ ਅਤੇ ਤਰਕ ਦੀ ਮਹੱਤਤਾ ਨੂੰ ਪ੍ਰਵਾਨ ਕੀਤਾ ਜੋ ਕਿ ਭਗਤ ਸਿੰਘ ਦੀ ਦੂਸਰੀ ਵੱਡੀ ਪ੍ਰਾਪਤੀ ਸੀ।
8-9 ਸਤੰਬਰ 1928 ਨੂੰ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਕੰਮ ਕਰਦੇ ਇਨਕਲਾਬੀਆਂ ਦੀ ਮੀਟਿੰਗ ਕੋਟਲਾ ਫਿਰੋਜਸ਼ਾਹ ਦਿੱਲੀ ਵਿਖੇ ਰੱਖੀ ਗਈ ।ਇਸ ਮੀਟਿੰਗ ਦਾ ਸੰਚਾਲਕ ਸ. ਭਗਤ ਸਿੰਘ ਸੀ। ਇਸ ਦੌਰਾਨ ‘ਹਿਦੋਸਤਾਨੀ ਰਿਪਬਲਿਕ ਐਸੋਸੀਏਸ਼ਨ’ ਨੂੰ ਨਵੇਂ ਸਿਰਿਉ ਜੱਥੇਬੰਦ ਕੀਤਾ ਗਿਆ ਅਤੇ ਪਾਰਟੀ ਦੀ ਰਾਇ ਮੁਤਾਬਿਕ ਇਸਦਾ ਨਾਮ ਬਦਲਕੇ ‘ਹਿੰਦੋਸਤਾਨੀ ਸਮਾਜਵਾਦੀ ਰਿਪਬਲਿਕਨ ਪਾਰਟੀ’ ਰੱਖਿਆ ਗਿਆ।ਭਗਤ ਸਿੰਘ ਦਾ ਇਹ ਮਨੋਰਥ ਸੀ ਕਿ ਪਾਰਟੀ ਦੀਆਂ ਗਤੀਵਿਧੀਆਂ ਤੋਂ ਆਮ ਲੋਕ ਵੀ ਜਾਣੂ ਹੋਣ ਇਸ ਤਹਿਤ ਉਸਨੇ ‘ਕਿਰਤੀ ਅਖਬਾਰ’ ਦੇ ਐਡੀਟੋਰੀਅਲ ਬੋਰਡ ਵਿੱਚ ਰਹਿ ਕੇ ਅਜ਼ਾਦੀ ਦੀਆਂ ਲਹਿਰਾਂ ਅਤੇ ਪਾਰਟੀ ਦੇ ਨਿਸ਼ਾਨਿਆਂ ਬਾਰੇ ਸਿਲਸਿਲੇਵਾਰ ਲੇਖ ਲਿਖਣ ਦਾ ਕੰਮ ਅਰੰਭਿਆਂ। ‘ਕਿਰਤੀ ਅਖਬਾਰ’ ਵਿੱਚ ਕਾਕੋਰੀ ਦੇ ਇਨਕਲਾਬੀਆਂ ਬਾਰੇ ਵੀ ਭਗਤ ਸਿੰਘ ਨੇ ਲਿਖਿਆ ਜੋ ਉਸਦੀ ਗ੍ਰਿਫਤਾਰੀ ਦਾ ਕਾਰਨ ਬਣਿਆ ਪਰ ਕੋਈ ਠੋਸ ਸਬੂਤ ਨਾ ਹੋਣ ਕਾਰਨ ਉਸਨੂੰ ਜ਼ਮਾਨਤ ‘ਤੇ ਰਿਹਾਅ ਕਰਨਾ ਪਿਆ।
1928 ਵਿੱਚ ਜਦੋਂ ਸਾਈਮਨ ਕਮੀਸ਼ਨ ਭਾਰਤ ਆਇਆ ਤਾਂ ਸਮੁੱਚੇ ਅਵਾਮ ਨੇ ਇਸਦਾ ਭਾਰੀ ਵਿਰੋਧ ਕੀਤਾ ‘ਨੌਜਵਾਨ ਭਾਰਤ ਸਭਾ’ ਨੇ ਵੀ ਲਾਲਾ ਲਾਜਪਤ ਰਾਏ ਦੀ ਅਗਵਾਈ ਵਿੱਚ ਰੋਸ ਮਾਰਚ ਕੀਤਾ, ਪੁਲਿਸ ਨੇ ਲਾਠੀ ਚਾਰਜ ਕੀਤਾ। ਲਾਲਾ ਜੀ ਗੰਭੀਰ ਜ਼ਖਮੀ ਹੋ ਗਏ। 17 ਨਵੰਬਰ 1928 ਨੂੰ ਲਾਲਾ ਜੀ ਦੀ ਮੌਤ ਹੋ ਗਈ। ਸਮੁੱਚੇ ਦੇਸ਼ ਵਿਚ ਖਲਬਲੀ ਮੱਚ ਗਈ। ਭਗਤ ਸਿੰਘ ਤੇ ਉਸਦੇ ਸਾਥੀਆਂ ਨੇ ਅੰਗਰੇਜ਼ ਅਫਸਰ ਸਾਂਡਰਸ ਦਾ ਕਤਲ ਕਰਕੇ ਲਾਲਾ ਜੀ ਦੀ ਮੌਤ ਦਾ ਬਦਲਾ ਲਿਆ। 10 ਅਗਸਤ 1928 ਤੋਂ ਲੈ ਕੇ 4 ਫਰਵਰੀ 1929 ਤੱਕ ਉਹ ਫਿਰੋਜ਼ਪੁਰ ਦੇ ‘ਤੂੜੀ ਬਜਾਰ ਮੁਹੱਲਾ ਸ਼ਾਹਗੰਜ’ ਦੀ ਇੱਕ ਇਮਾਰਤ ਵਿੱਚ ਆਪਣੇ ਸਾਥੀਆਂ ਨਾਲ ਗੁਪਤ ਰੂਪ ਵਿੱਚ ਰਿਹਾ। ਉਸਨੇ ਪਾਰਟੀ ਦੇ ਫੈਸਲੇ ਆਨੁਸਾਰ ਆਪਣੀ ਅਸਲੀ ਪਹਿਚਾਣ ਲੁਕਾਉਣ ਲਈ ਆਪਣੀ ਵਾਲ ਤੇ ਦਾਹੜੀ ਵੀ ਇਥੇ ਹੀ ਕਟਵਾਏ ਅਤੇ ਵਿਲਾਇਤੀ ਫੈਸ਼ਨ ਦੇ ਵਾਲ ਰੱਖ ਲਏ । ਉਹ ਧੋਤੀ ਤੇ ਕਮੀਜ਼ ਪਾ ਕੇ ਦਿੱਲੀ ਗਿਆ ਸੀ। ਜੈ ਗੋਪਾਲ ਨੇ ਗਵਾਹੀ ‘ਚ ਕਿਹਾ ਸੀ ਕਿ ,’ਭਗਤ ਸਿੰਘ ਸਾਡੇ ਕੋਲ ਫਿਰੋਜ਼ਪੁਰ ਆਇਆ। ਉਸ ਕੋਲ ਸਵੈ-ਚਾਲਕ ਪਿਸਤੌਲ ਸੀ ਰਸਾਲੇ ਵਿੱਚ ਗੋਲੀਆਂ ਭਰੀਆ ਸਨ ਤੇ ਇੱਕ ਕਿਤਾਬ ‘ਰੋਡ ਟੂ ਫਰੀਡਮ’ ਸੀ’ । ਗੁਪਤਵਾਸ ਦੀ ਜ਼ਿੰਦਗੀ ਵਿੱਚ ਉਸਨੇ ਕਲਕੱਤੇ, ਮਦਰਾਸ, ਮੁੰਬਾਈ ਆਦਿ ਥਾਵਾ ਤੇ ਮਜਦੂਰ ਹੜਤਾਲਾਂ ਦਾ ਗਹਿਰਾਈ ਨਾਲ ਅਧਿਐਨ ਕੀਤਾ। ਉਸਨੇ ਮਹਿਸੂਸ ਕੀਤਾ ਕਿ ਦੇਸ਼ ਦੀ ਰਾਜਨੀਤੀ ਵਿੱਚ ਖਤਰਨਾਕ ਮੋੜ ਆਉਣ ਵਾਲਾ ਹੈ। ਸਰਕਾਰ ਨੇ ਮਜਦੂਰਾਂ ਦੇ ਰੋਹ ਨੂੰ ਕੁਚਲਨ ਲਈ ‘ ਟਰੇਡ ਡਿਸਪਿਊਟ ਬਿੱਲ, ਅਤੇ ਪਬਲਿਕ ਸੇਫਟੀ ਬਿੱਲ’ ਅਸੈਂਬਲੀ ਵਿੱਚ ਪਾਸ ਕਰਨ ਦੀ ਧਮਕੀ ਦਿੱਤੀ। ਸਰਕਾਰ ਅਵਾਮ ਦੀ ਅਸਲੀ ਅਵਾਜ ਸੁਣਨ ਤੋਂ ਇਨਕਾਰੀ ਹੋ ਚੁੱਕੀ ਸੀ। ਜਨਤਾਂ ਦੇ ਹੱਕਾਂ ਤੇ ਅਜ਼ਾਦੀ ਅਤੇ ਅੰਗਰੇਜੀ ਹਕੂਮਤ ਦੇ ਸਿਰਫਿਰੇ ਹੰਕਾਰ ਨੂੰ ਤੋੜਨ ਦੀ ਪੁਖਤਾ ਅਗਵਾਈ ਕਰਦੇ ਹੋਏ ਪਾਰਟੀ ਦੇ ਫੈਸਲੇ ਅਨੁਸਾਰ ਭਗਤ ਸਿੰਘ ਅਤੇ ਬੀ.ਕੇ ਦੱਤ ਨੇ 8 ਅਪ੍ਰੈਲ 1929 ਨੂੰ ਅਸੈਂਬਲੀ ਵਿੱਚ ਬੰਬ ਸੱਟੇ ਅਤੇ ਇਨਕਲਾਬ ਜਿੰਦਾਬਾਦ, ਸਾਮਰਾਜਵਾਦ ਮੁਰਦਾਬਾਦ, ਅਤੇ ਦੁਨੀਆ ਭਰ ਦੇ ਕਿਰਤੀਉ ਇੱਕ ਹੋ ਜਾਉ’ ਦੇ ਨਾਅਰੇ ਮਾਰਦਿਆਂ ਗ੍ਰਿਫਤਾਰੀ ਦਿੱਤੀ।ਦੋਹਾ ਨੂੰ ਉਮਰ ਕੈਦ ਦੀ ਸਜ਼ਾ ਹੋਈ।ਭਗਤ ਸਿੰਘ ਤੇ ਸਾਂਡਰਸ ਕਤਲ ਕੇਸ ਵੀ ਚੱਲ ਪਿਆ। ਇਸ ਕੇਸ ਅਧੀਨ ਭਗਤ ਸਿੰਘ ਤੇ ਉਸਦੇ ਕ੍ਰਾਂਤੀਕਾਰੀ ਸਾਥੀ ਸੈਂਟਰਲ ਜੇਲ ਲਾਹੌਰ ਵਿੱਚ ਇਕੱਠੇ ਹੋ ਗਏ। ਇਹਨਾਂ ਨੇ ਜੇਲ ਵਿੱਚ ਆਪਣੀਆਂ ਮੰਗਾਂ ਨੂੰ ਲੈ ਕੇ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ। ਇਸੇ ਦੋਰਾਨ ਕ੍ਰਾਂਤੀਕਾਰੀ ਜਤਿਨ ਦਾਸ ਦੀ ਮੌਤ ਹੋ ਗਈ। ਸਰਕਾਰ ਨੇ ਕਈ ਮੰਗਾਂ ਪ੍ਰਵਾਨ ਕਰ ਲਈਆਂ।ਇਥੇ ਹੀ ਭਗਤ ਸਿੰਘ ਨੇ ‘ਜੇਲ੍ਹ ਡਾਇਰੀ ਨੋਟ ਬੁੱਕ’ ਲਿਖੀ ਜਿਸ ਵਿੱਚ ਉਸਨੇ ਸੈਕੜੇ ਕਿਤਾਬਾਂ ਵਿੱਚੋਂ ਨੋਟ ਲਏ ਹਨ।ਭਗਤ ਸਿੰਘ ਦੀ ਵੱਡਮੁੱਲੀ ਲਿਖਤ ‘ ਇਨਕਲਾਬੀ ਪ੍ਰੋਗਰਾਮ ਦਾ ਖਰੜਾ’ ਉਸਨੇ ਜੇਲ੍ਹ ਵਿੱਚ ਹੀ ਲਿਖਿਆ ਜਿਸ ਵਿੱਚ ਇਨਕਲਾਬ ਭਾਵ ਸਮਾਜਵਾਦੀ ਵਿਚਾਰਧਾਰਾ ਦੇ ਅਰਥਾਂ ਨੂੰ ਬੜੇ ਹੀ ਸਪੱਸ਼ਟ ਰੂਪ ਵਿੱਚ ਪੇਸ਼ ਕੀਤਾ ਜੋ ਕਿ ਅੱਜ ਸਾਡੇ ਲਈ ਇਕ ਇਨਕਲਾਬੀ ਹਥਿਆਰ ਹੈ।
ਅੰਤ ਭਗਤ ਸਿੰਘ ਨੂੰ 23 ਸਾਲ ਦੀ ਭਰ ਜੋਬਨ ਵਿੱਚ ਰਾਜਗੁਰੂ ਤੇ ਸੁਖਦੇਵ ਨਾਲ ਅੰਗਰੇਜੀ ਹਕੂਮਤ ਨੇ 23 ਮਾਰਚ 1931 ਨੂੰ ਲਾਹੌਰ ਵਿੱਚ ਫਾਂਸੀ ਦੇ ਦਿੱਤੀ ਤੇ ਉਹ ‘ਇਨਕਲਾਬ ਜਿੰਦਾਬਾਦ- ਸਾਮਰਾਜਵਾਦ ਮੁਰਦਾਬਾਦ’ ਨਾਅਰੇ ਮਾਰਦੇ ਸ਼ਹੀਦ ਹੋ ਗਏ । ਦੇਸ਼ ਭੜਕ ਉਠਿਆ ਜਿਸਨੂੰ ਦੇਖ ਕੇ ਅੰਗਰੇਜੀ ਹਕੂਮਤ ਡਰ ਗਈ। ਉਹਨਾਂ ਨੇ ਇਹਨਾਂ ਤਿੰਨਾਂ ਕ੍ਰਾਂਤੀਕਾਰੀਆਂ ਦੀਆਂ ਲਾਸ਼ਾਂ ਉਹਨਾਂ ਦੇ ਪਰਿਵਾਰਾਂ ਨੂੰ ਦੇਣ ਦੀ ਬਜਾਏ ਲਾਸ਼ਾਂ ਨੂੰ ਜਲਾਉਣ ਲਈ ਸਤਲੁਜ ਦੇ ਕੰਢੇ ਲਿਆਂਦਾ ਗਿਆ ਜਦੋਂ ਇਸ ਗੱਲ ਦਾ ਪਤਾ ਪਰਿਵਾਰ ਅਤੇ ਆਮ ਲੋਕਾਂ ਨੂੰ ਲੱਗਾ ਤਾਂ ਲੋਕਾਂ ਦਾ ਹਜੂਮ ਸਤਲੁਜ ਦਰਿਆ ਵੱਲ ਵਧਦਿਆਂ ਦੇਖ ਕੇ ਅੰਗਰੇਜ਼ ਅਧਿਕਾਰੀਆਂ ਨੇ ਅੱਧ ਜਲੀਆਂ ਲਾਸ਼ਾਂ ਦੇ ਟੁਕੜੇ ਕਰਕੇ ਸਤਲੁਜ ਦਰਿਆ ਵਿੱਚ ਸੁੱਟ ਦਿੱਤਾ ਗਿਆ ।ਸਤਲੁਜ ਦੇ ਕੰਢੇ ਇਹਨਾਂ ਤਿੰਨਾਂ ਦੀਆਂ ਯਾਦਗਾਰਾਂ ਬਣੀਆਂ ਹੋਈਆਂ ਹਨ ਜਿਥੇ ਹਰ ਸਾਲ ਲੋਕ ਇਹਨਾਂ ਨੂੰ ਨਤਮਸਤਕ ਹੋਣ ਆਉਂਦੇ ਹਨ।ਅੱਜ ਸ਼ਹੀਦ ਭਗਤ ਸਿੰਘ ਦੀ ਸ਼ਹੀਦੀ ਦਿਵਸ ਤੇ ਸੱਚੇ ਦਿਲੋਂ ਸ਼ਰਧਾਜਲੀ ਇਹੋ ਹੋਵੇਗੀ ਕਿ ਇਸ ਮਹਾਂ-ਨਾਇਕ ਦੇ ਸੁਪਨਿਆਂ ਦੇ ਦੇਸ਼ ਦਾ ਨਿਰਮਾਣ ਕੀਤਾ ਜਾ ਸਕੇ। ਬਿਨਾਂ ਸ਼ੱਕ ਸਮੁੱਚੀਆਂ ਰਾਜਨੀਤਿਕ ਪਾਰਟੀਆਂ ਵੋਟਾਂ ਦੀ ਰਾਜਨੀਤੀ ਤੋਂ ਉੇੱਪਰ ਉਠ ਕੇ ਭਾਰਤ ਨੂੰ ਅਣਮੁੱਲਾ ਰਾਸ਼ਟਰ ਬਣਾਉੇਣ।ਜਿਥੇ ਹਰੇਕ ਨਾਗਰਿਕ ਇੰਨ੍ਹੀਆਂ ਸ਼ਹਾਦਤਾਂ ਤੋਂ ਬਾਅਦ ਮਿਲੀ ਅਜ਼ਾਦੀ ਦਾ ਨਿੱਘ ਮਾਣ ਸਕਣ।