May 26, 2026 11:49 pm

ਜਿੱਤਦਾ ਮੱਥੇ ’ਚ ਬਲਦਾ ਸੇਕ ਹੀ ਹੈ

ਬਿਪਤਾ ’ਚ ਮਨੁੱਖ ਦੀ ਪਰਖ ਹੁੰਦੀ ਹੈ। ਔਕੜਾਂ ਅਤੇ ਕਠਿਨਾਈਆਂ ਤਾਂ ਮਨੁੱਖ ਦੀ ਹਿੰਮਤ ਦਾ ਇਮਤਿਹਾਨ ਹੁੰਦੀਆਂ ਹਨ। ਮੁਸ਼ਕਿਲਾਂ, ਸੰਕਟ ਅਤੇ ਵਬਾਲ ਤਾਂ ਬੰਦੇ ਦੇ ਹੌਂਸਲੇ ਅਤੇ ਹਿੰਮਤ ਦਾ ਪ੍ਰਗਟਾਵਾ ਹੁੰਦੇ ਹਨ। ਹਰ ਸੰਕਟ ਅਤੇ ਔਕੜ ਦਾ ਮੁਕਾਬਲਾ ਕਰਨ ਵਾਲੇ ਜਾਣਦੇ ਹਨ ਕਿ ਮੁਸੀਬਤਾਂ ਤਾਂ ਰਾਤ ਪੈਣ ਤੇ ਹਨ੍ਹੇਰੇ ਵਿੱਚ ਪ੍ਰਛਾਵੇਂ ਵਾਂਗ ਅਲੋਪ ਹੋ ਜਾਂਦੀਆਂ ਹਨ। ਜਿੱਤ ਹਮੇਸ਼ਾਂ ਹਿੰਮਤ ਦੀ ਹੁੰਦੀ ਹੈ, ਉਦਮ ਦੀ ਹੁੰਦੀ ਹੈ। ਉਦਮੀ ਕਦੇ ਵੀ ਕੁਮਾਰਗੀਆਂ ਨਹੀਂ ਬਣਦਾ, ਰਸਤਾ ਨਹੀਂ ਬਦਲਦਾ, ਮਿਸ਼ਨ ਨਹੀਂ ਤਿਆਗਦਾ। ਮਿਸ਼ਨ ਭਾਵੇਂ ਅਮੀਰ ਬਣਨ ਦਾ ਹੋਵੇ ਜਾਂ ਕਿਸੇ ਹੀਰ ਦੇ ਮਸਤਾਨੜੇ ਨੈਣਾਂ ਦੇ ਗੀਤ ਬਣਨ ਦਾ। ਸਤਾ ਦੇ ਸਿਖਰ ’ਤੇ ਪਹੁੰਚਣ ਦਾ ਜਾਂ ਸ਼ੋਹਰਤ ਦੀਆਂ ਬੁਲੰਦੀਆਂ ਹਾਸਲ ਕਰਨ ਦਾ। ਰਸਤਾ ਭਾਵੇਂ ਰਾਂਝੇ ਵਾਲਾ ਹੋਵੇ ਜਾਂ ਮਿਰਜ਼ੇ ਵਾਲਾ ਜਾਂ ਫਿਰ ਭਗਤ ਸਿੰਘ ਵਾਲਾ, ਜਿੱਤਦਾ ਤਾਂ ਮੱਥੇ ਵਿੱਚ ਬਲਦਾ ਸੇਕ ਹੀ ਹੈ। ਜਿੱਤ ਤਾਂ ਹਿੰਮਤ ਦੀ ਹੁੰਦੀ ਹੈ। ਸਾਧਨਾ ਦੀ ਹੁੰਦੀ ਹੈ, ਰਿਆਜ਼, ਅਭਿਆਸ ਅਤੇ ਹੁਨਰਮੰਦੀ ਦੀ ਹੁੰਦੀ ਹੈ। ਆਪਾ ਵੇਚਕੇ ਹੀ ਯਾਰ ਮਿਲਦੇ ਹਨ। ਫੁੱਲਾਂ ਕੋਲ ਹੀ ਸ਼ਹਿਦ ਦੇ ਕਣ ਹਨ, ਤਦੇ ਹੀ ਉਨ੍ਹਾਂ ਨੂੰ ਤਿੱਤਲੀਆਂ, ਭੌਰੇ ਤੇ ਮਧੂ-ਮੱਖੀਆਂ ਚੁੰਮਦੀਆਂ ਹਨ। ਤੂੰ ਕੁੱਝ ਕਰ ਤਾਂ ਸਹੀ, ਹਿੰਮਤ ਨਾ ਹਾਰ ਯਕੀਨ ਰੱਖ ਅੰਤ ਵਿੱਚ ਜਿੱਤ ਤੇਰੀ ਹੀ ਹੋਵੇਗੀ। ਦੁੱਖ ਤਾਂ ਇਸ ਗੱਲ ਦਾ ਹੈ ਕਿ ਬਹੁਤੀ ਵਾਰ ਸਾਨੂੰ ਪਤਾ ਹੀ ਨਹੀਂ ਹੁੰਦਾ ਕਿ ਸਾਡਾ ਮਿਸ਼ਨ ਕੀ ਹੈ। ਰਸਤਾ ਕੀ ਹੈ ਅਤੇ ਮੰਜ਼ਿਲ ਕੀ ਹੈ। ਮੇਰੇ ਕੋਲ ਅਨੇਕਾਂ ਨੌਜਵਾਨ ਆਉਂਦੇ ਹਨ ਜਿਨ੍ਹਾਂ ਨੂੰ ਆਪਣੀ ਜ਼ਿੰਦਗੀ ’ਤੇ ਗਿੱਲਾ ਹੁੰਦਾ ਹੈ ਕਿ ਉਨ੍ਹਾਂ ਨੂੰ ਮਿਲਿਆ ਕੁੱਝ ਨਹੀਂ। ਬਹੁਤ ਮਾਯੂਸ ਅਤੇ ਉਦਾਸ ਹੁੰਦੇ ਹਨ। ਮੈਂ ਅਕਸਰ ਪੁਛਦਾ ਹਾਂ ਕਿ ਤੁਹਾਡਾ ਸੁਪਨਾ ਕੀ ਹੈ, ਮੰਜ਼ਿਲ ਕੀ ਹੈ, ਮਕਸਦ ਕੀ ਹੈ, ਉਦੇਸ਼ ਕੀ ਹੈ, ਮਨੋਰਥ ਕੀ ਹੈ, ਲਕਸ਼ ਕੀ ਹੈ ਅਤੇ ਟੀਚਾ ਕੀ ਹੈ? ਉਹ ਚਾਹੁੰਦੇ ਕੀ ਹਨ? ਅਫਸੋਸ ਨਹੀਂ ਪਤਾ ਹੁੰਦਾ ਉਨ੍ਹਾਂ ਨੂੰ ਕਿ ਉਨ੍ਹਾਂ ਦੀ ਮੰਜਿਲ ਕੀ ਹੈ। ਉਹ ਤਾ ਉਮਰ ਅੰਸਾਰੀ ਵਾਂਗ ਸੋਚਦੇ ਹਨ :
ਜੀਤੇ ਰਹਨਾ ਭੀ ਤੋਂ
ਇਨਸਾਨ ਕੀ ਮਜ਼ਬੂਰੀ ਹੈ
ਕੌਨ ਹੈ ਵਰਨਾ,
ਜੋ ਮਰ-ਮਰ ਕੇ
ਜੀਨਾ ਚਾਹਤਾ ਹੈ।
ਸੱਚਮੁੱਚ ਹੀ ਮਰ-ਮਰ ਕੇ ਜਿਉਣਾ ਵੀ ਕੋਈ ਜਿਉਣਾ ਹੈ। ਇਹ ਮਰਕੇ ਜਿਉਣ ਦਾ ਰਾਹ ਵੀ ਮਨੁੱਖ ਖੁਦ ਚੁਣਦਾ ਹੈ। ਜਿਸ ਨੇ ਜ਼ਿੰਦਗੀ ਪਲ-ਪਲ ਜਿਉਣ ਦਾ ਮਨ ਬਣਾ ਲਿਆ ਹੋਵੇ ਉਹ ਇਹ ਗੱਲ ਚੰਗੀ ਤਰ੍ਹਾਂ ਸਮਝ ਚੁੱਕਾ ਹੁੰਦਾ ਹੈ ਕਿ ਇਸ ਦੁਨੀਆਂ ਵਿੱਚ ਵਿਕਦਾ ਤਾਂ ਸੌਦਾ ਹੀ ਹੈ, ਹੁਨਰ ਹੀ ਹੈ, ਪ੍ਰਤਿਭਾ ਹੀ ਹੈ, ਕਲਾ ਹੀ ਹੈ, ਮੁਹਾਰਤ ਹੀ ਹੈ। ਜੇ ਤੁਸੀਂ ਕਿਸੇ ਵੀ ਚੀਜ਼ ’ਚ ਮੁਹਾਰਤ ਰੱਖਦੇ ਹੋ ਤਾਂ ਤੁਹਾਡਾ ਕੋਈ ਸਾਨੀ ਨਹੀਂ। ਅੰਮ੍ਰਿਤਸਰ ਦੇ ਇਕ ਸਿਪਾਹੀ ਦਾ ਮੁੰਡਾ ਕਪਿਲ ਸ਼ਰਮਾ ਚੁਟਕਲੇ ਸੁਣਾਉਣ ਵਿੱਚ ਮਾਹਿਰ ਹੋ ਗਿਆ ਅਤੇ ਅੱਜ ਉਹ ਅਰਬਾਂਪਤੀ ਹੈ। ਬਿਹਾਰ ਦੇ ਅਰਰਿਆ ਜ਼ਿਲ੍ਹੇ ਦੇ ਫਾਰਬਿਸਗੰਜ ਦੇ ਗਰੀਬ ਕਿਸਾਨ ਦਾ ਮੁੰਡਾ ਅਮਿਤ ਕੁਮਾਰ ਦਾਸ ਜਿਸ ਨੂੰ ਅੰਗਰੇਜ਼ੀ ਵਿੱਚ ਵਾਰਾਤਾਲਾਪ ਵੀ ਕਰਨੀ ਨਹੀਂ ਆਉਂਦੀ ਸੀ, 250 ਰੁਪਏ ਲੈ ਕੇ ਦਿੱਲੀ ਪਹੁੰਚਿਆ ਸੀ। ਉਸ ਦੇ ਮਨ ਵਿੱਚ ਸੁਪਨੇ ਸਨ ਅਤੇ ਸੁਪਨੇ ਪੂਰੇ ਕਰਨ ਲਈ ਮਿਹਨਤ ਕਰਨ ਦਾ ਮਾਦਾ ਸੀ। ਅੱਜ ਅਮਿਤ ਕਰੋੜਪਤੀ ਹੈ। ਉਸ ਨੇ ਮਿਹਨਤ ਨਾਲ ਅੰਗਰੇਜ਼ੀ ਸਿੱਖੀ, ਕੰਪਿਊਟਰ ਵਿੱਚ ਮਾਹਿਰ ਬਣਿਆ। 2001 ਵਿੱਚ ਆਈ.ਐਸ.ਓ.ਐਫ.ਟੀ ਕੰਪਨੀ ਸ਼ੁਰੂ ਕੀਤੀ। 2006 ਵਿੱਚ ਆਪਣਾ ਬਿਜਨਿਸ ਆਸਟ੍ਰੇਲੀਆ ਲੈ ਕੇ ਗਿਆ ਅੱਜ ਕਰੋੜਪਤੀ ਹੈ। ਉਸ ਕੋਲ ਨਾ ਪੈਸਾ ਸੀ ਨਾ ਸਿਖਿਆ। ਬਸ ਸੁਪਨਾ ਸੀ ਅਤੇ ਹਿੰਮਤ ਸੀ। ਇਸ ਤਰ੍ਹਾਂ ਅਮਿਤ ਡਾਂਗਾ ਨੇ 8000 ਰੁਪਏ ਦੀ ਮਾਸਿਕ ਤਨਖਾਹ ਤੋਂ ਜ਼ਿੰਦਗੀ ਸ਼ੁਰੂ ਕੀਤੀ ਸੀ ਅਜ ਉਹ 500 ਕਰੋੜ ਦੀ ਕੰਪਨੀ ਦਾ ਮਾਲਕ ਹੈ। ਉਸ ਨੇ ਪੈਨ ਵੇਚਣ ਤੋਂ ਲੈ ਕੇ ਕੰਪਿਊਟਰ ਦਾ ਸਮਾਨ ਦੀ ਵਿਕਰੀ ਵਿੱਚੋਂ ਪੈਸਾ ਕਮਾਇਆ। ਇਕ ਮਜ਼ਦੂਰ ਪਿਓ ਦੇ ਘਰ ਪੈਦਾ ਹੋਏ ਸਚਿਨ ਸ਼ਿੰਦੇ ਦੀ ਕਹਾਣੀ ਵੀ ਬੜੀ ਪ੍ਰੇਰਨਾਦਾਇਕ ਹੈ। ਉਸ ਨੇ ਸਰਵਿਸ ਪ੍ਰੋਵਾਇਡਰ ਦੇ ਤੌਰ ’ਤੇ ਕੰਮ ਕਰਕੇ ਸਫਲਤਾ ਪ੍ਰਾਪਤ ਕੀਤੀ। ਦਵਿੰਦਰ ਮਹਾਸ਼ੇਵਰੀ 2001 ਵਿੱਚ ਇੰਜੀਨੀਅਰਿੰਗ ਦੇ ਦੂਜੇ ਸਾਲ ਦਾ ਵਿਦਿਆਰਥੀ ਸੀ ਜਦੋਂ ਉਸ ਨੇ ਆਪਣਾ ਬਲਾਗ ਸ਼ੁਰੂ ਕੀਤਾ। ਉਸ ਨੇ ਬਲਾਗ ਜ਼ਰੀਏ ਕਰੋੜਾਂ ਰੁਪਏ ਕਮਾਏ। ਉਕਤ ਉਦਾਹਰਣਾਂ ਉਨ੍ਹਾਂ ਸਫ਼ਲ ਨੌਜਵਾਨਾਂ ਦੀਆਂ ਹਨ ਜਿਨ੍ਹਾਂ ਕੋਲ ਆਰਥਿਕ ਸਾਧਨ ਬਹੁਤ ਘੱਟ ਸਨ। ਜੋ ਮੱਧ ਸ਼੍ਰੇਣੀ ਜਾਂ ਨੀਵੀਂ ਮੱਧ ਸ਼੍ਰੇਣੀ ਨਾਲ ਤੁਅੱਲਕ ਰੱਖਦੇ ਹਨ। ਪਰ ਉਨ੍ਹਾਂ ਦੇ ਮਨਾਂ ’ਚ ਕੁੱਝ ਕਰਨ ਦਾ ਸੁਪਨਾ ਸੀ। ਮਿਹਨਤ ਕਰਨ ਦੀ ਹਿੰਮਤ ਸੀ। ਔਕੜਾਂ ਦਾ ਟਾਕਰਾ ਕਰਨ ਦਾ ਹੌਂਸਲਾ ਸੀ। ਅੰਤ ਤੱਕ ਲੜਨ ਦੀ ਭਾਵਨਾ ਸੀ ਅਤੇ ਅਜਿਹੇ ਬੰਦੇ ਹਮੇਸ਼ਾਂ ਹੀ ਸਫਲ ਹੁੰਦੇ ਹਨ।

Send this to a friend