May 20, 2026 6:44 pm

ਜਲ ਹੈ ਤਾਂ ਕੱਲ੍ਹ ਹੈ

ਪਾਣੀ ਕੁਦਰਤ ਵਲੋਂ ਸਾਨੂੰ ਬਖਸ਼ਿਆ ਹੋਇਆ ਬਹੁਤ ਹੀ ਅਨਮੋਲ ਤੋਹਫ਼ਾ ਹੈ। ਪਾਣੀ ਤੋਂ ਬਿਨਾਂ ਕਿਸੇ ਵੀ ਜੀਵ – ਜੰਤੂ ਪੇੜ – ਪੌਦੇ ਜਾਂ ਮਨੁਖ ਦੀ ਹੋਂਦ ਸੰਭਵ ਨਹੀਂ ਹੈ?ਵਖ – ਵਖ ਮਹਾਂਪੁਰਖਾਂ ਨੇ ਪਾਣੀ ਦੀ ਬਹੁਤ ਹੀ ਮਹਿਮਾ ਦਸੀ ਹੈ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਪਾਣੀ ਨੂੰ ਪਿਤਾ ਦਾ ਉਤਮ ਦਰਜਾ ਦਿਤਾ ਗਿਆ ਹੈ,ਪਰ ਅਜ ਮਨੁਖ ਵਲੋਂ ਪਾਣੀ ਦੀ ਨਿਰੰਤਰ ਕੀਤੀ ਜਾ ਰਹੀ ਦੁਰਵਰਤੋਂ ਸਦਕਾ ਸ਼ੁਧ ਪਾਣੀ ਦੀ ਘਾਟ ਨਿਰੰਤਰ ਹੋ ਰਹੀ ਹੈ। ਧਰਤੀ ਹੇਠਲਾ ਪਾਣੀ ਵੀ ਮਨੁਖ ਦੀ ਪਹੁੰਚ ਤੋਂ ਬਾਹਰ ਹੁੰਦਾ ਜਾ ਰਿਹਾ ਹੈ। ਸਾਨੂੰ ਚਾਹੀਦਾ ਹੈ ਕਿ ਪਾਣੀ ਨੂੰ ਲੋੜ ਅਨੁਸਾਰ ਹੀ ਵਰਤਿਆ ਜਾਵੇ ਵਰਤੋਂ ਕਰਨ ਤੋਂ ਬਾਅਦ ਨਲਕੇ ਆਦਿ ਦੀ ਟੂਟੀ ਚੰਗੀ ਤਰ੍ਹਾਂ ਬੰਦ ਕਰ ਦਿਤੀ ਜਾਵੇ,ਪਾਣੀ ਨੂੰ ਦੂਸ਼ਿਤ ਹੋਣ ਤੋਂ ਬਚਾਉਣ ਲਈ ਹਰ ਸੰਭਵ ਯੋਗ ਉਪਰਾਲੇ ਕੀਤੇ ਜਾਣ,ਪਾਣੀ ਦੀਆਂ ਟੈਂਕੀਆਂ ਵੀ ਸਹੀ ਢੰਗ ਨਾਲ ਅਤੇ ਸਾਂਭ ਸੰਭਾਲ ਨਾਲ ਵਰਤੋਂ ਵਿਚ ਲਿਆਉਣੀਆਂ ਚਾਹੀਦੀਆਂ ਹਨ। ਪਾਣੀ ਨੂੰ ਦੂਸ਼ਿਤ ਹੋਣ ਤੋਂ ਬਚਾਉਣ ਲਈ ਪਾਣੀ ਦੇ ਸੋਮਿਆਂ ਦੇ ਨੇੜੇ ਮਲ ਮੂਤਰ ਵੀ ਨਹੀਂ ਕਰਨਾ ਚਾਹੀਦਾ, ਖੂਹਾਂ ਤੇ ਟੈਂਕੀਆਂ ਆਦਿ ਨੂੰ ਚੰਗੀ ਤਰ੍ਹਾਂ ਢਕ ਕੇ ਰਖਣਾ ਚਾਹੀਦਾ ਹੈ ਤਾਂ ਜੋ ਪਾਣੀ ਦੂਸ਼ਿਤ ਨਾ ਹੋ ਸਕੇ ਅਤੇ ਸਹੀ ਢੰਗ ਨਾਲ ਵਰਤੋਂ ਵਿਚ ਲਿਆਂਦਾ ਜਾ ਸਕੇ ?ਖੂਹਾਂ ਟੋਭਿਆਂ ਦੇ ਨਜ਼ਦੀਕ ਕਪੜੇ ਆਦਿ ਧੋਣ ਨਾਲ ਵੀ ਸ਼ੁਧ ਪਾਣੀ ਗੰਦਾ ਹੋ ਜਾਂਦਾ ਹੈ ਅਤੇ ਜਲੀ ਜੀਵਾਂ ਤੇ ਵੀ ਬਹੁਤ ਵਡਾ ਖਤਰਾ ਮੰਡਰਾਉਣ ਲਗ ਪੈਂਦਾ ਹੈ। ਧਰਤੀ ਹੇਠਲੇ ਪਾਣੀ ਦਾ ਪਧਰ ਉਚਾ ਚੁਕਣ ਦੇ ਲਈ ਸਾਨੂੰ ਵਰਖਾ ਦੇ ਪਾਣੀ ਦੀ ਵੀ ਸੰਭਾਲ ਕਰਨੀ ਚਾਹੀਦੀ ਹੈ। ਜੇਕਰ ਵਰਖਾ ਦਾ ਪਾਣੀ ਇਸੇ ਤਰ੍ਹਾਂ ਹੜ੍ਹ ਕੇ ਨਦੀਆਂ ਨਾਲਿਆਂ ਵਿਚ ਬਹਿ ਕੇ ਸਮੁੰਦਰਾਂ ਵਿਚ ਜਾਂਦਾ ਰਿਹਾ ਤਾਂ ਧਰਤੀ ਦੇ ਹੇਠਲੇ ਪਾਣੀ ਦਾ ਪਧਰ ਸਹੀ ਨਹੀਂ ਰਹਿ ਸਕੇਗਾ ਅਤੇ ਆਉਣ ਵਾਲੇ ਸਮੇਂ ਵਿਚ ਬਹੁਤ ਵਡੀ ਪਾਣੀ ਦੀ ਕਮੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਪੁਰਾਣੇ ਸਮੇਂ ਵਿਚ ਵਡੇ – ਵਡੇ ਰਾਜੇ ਮਹਾਰਾਜੇ ਸੇਠ ਅਤੇ ਹੋਰ ਅਮੀਰ ਲੋਕ ਪਾਣੀ ਦੀ ਮਹਤਤਾ ਨੂੰ ਸਮਝਦੇ ਸਨ ਅਤੇ ਇਸ ਦੀ ਸੰਭਾਲ ਦੇ ਲਈ ਹੀ ਖੂਹ, ਟੋਭੇ ਅਤੇ ਛਪੜਾਂ ਨੂੰ ਸੁਰਜੀਤ ਕਰਦੇ ਸਨ ਅਤੇ ਬਣੇ ਹੋਏ ਖੂਹਾਂ ਟੋਭਿਆਂ ਦੀ ਸਾਫ ਸਫਾਈ ਕਰਦੇ ਜਾਂ ਕਰਵਾਉਂਦੇ ਹੁੰਦੇ ਸਨ, ਪਰ ਅਜ ਦਾ ਮਨੁਖ ਭੌਤਿਕ ਸੁਖਾਂ ਵਿਚ ਗਲਤਾਨ ਹੋ ਕੇ ਅਤੇ ਆਪਣੇ ਆਪ ਤਕ ਹੀ ਸੀਮਤ ਹੋ ਕੇ ਰਹਿ ਗਿਆ ਹੈ ਅਤੇ ਅਜ ਅਸੀਂ ਆਪਣੇ ਵਡੇ ਵਡੇਰਿਆਂ, ਮਹਾਂਪੁਰਖਾਂ ਅਤੇ ਬਜ਼ੁਰਗਾਂ ਦੀਆਂ ਦਿਤੀਆਂ ਨਸੀਹਤਾਂ , ਸਿਖਿਆਵਾਂ ਅਤੇ ਦਸੇ ਰਸਤੇ ਤੋਂ ਭਟਕਦੇ ਜਾ ਰਹੇ ਹਾਂ ਜੋ ਕਿ ਸਾਡੇ ਸਭਨਾਂ ਦੇ ਲਈ ਠੀਕ ਨਹੀਂ ਹੈ। ਮਨੁਖ ਦੇ ਪੀਣ ਯੋਗ ਪਾਣੀ ਮਸਾਂ ਤਿੰਨ ਜਾਂ ਚਾਰ ਪ੍ਰਤੀਸ਼ਤ ਹੀ ਹੈ ਅਤੇ ਬਾਕੀ ਪਾਣੀ ਪੀਣ ਦੇ ਯੋਗ ਨਹੀਂ ਹੈ। ਅਜ ਜੇਕਰ ਇਸ ਨਾਂ ਮਾਤਰ ਤਿੰਨ ਜਾਂ ਚਾਰ ਪ੍ਰਤੀਸ਼ਤ ਪਾਣੀ ਦੀ ਵੀ ਅਸੀਂ ਸੰਭਾਲ ਨਾ ਕੀਤੀ ਤਾਂ ਕੁਦਰਤ ਦਾ ਇਹ ਨਾਂ ਮਾਤਰ ਅਤੇ ਬੇਸ਼ਕੀਮਤੀ ਅਨਮੋਲ ਤੋਹਫਾ ਅਤੇ ਸਾਡੇ ਲਈ ਅਤਿਅੰਤ ਜ਼ਰੂਰੀ ਪਾਣੀ ਸਾਡੇ ਹਥੋਂ ਖੁਸ ਜਾਵੇਗਾ। ਅਜ ਸਾਨੂੰ ਸਭ ਨੂੰ ਰਲ ਮਿਲ ਕੇ ਆਪਸੀ ਹੰਭਲਾ ਮਾਰਨ ਦੀ ਬਹੁਤ ਹੀ ਸਖ਼ਤ ਜ਼ਰੂਰਤ ਹੈ। ਜੇਕਰ ਅਸੀਂ ਪਾਣੀ ਦੀ ਸੰਭਾਲ ਲਈ ਇਸੇ ਤਰ੍ਹਾਂ ਅਵੇਸਲੇ ਹੁੰਦੇ ਗਏ ਅਤੇ ਇਕ ਦੂਜੇ ਉਤੇ ਜਾਂ ਸਰਕਾਰਾਂ ਉਤੇ ਹੀ ਸਾਰੀ ਜ਼ਿੰਮੇਵਾਰੀ ਸੁਟ ਕੇ ਅਖਾਂ ਬੰਦ ਕਰੀ ਬੈਠੇ ਰਹੇ ਤਾਂ ਉਹ ਦਿਨ ਦੂਰ ਨਹੀਂ ਜਦੋਂ ਸਾਨੂੰ ਪਾਣੀ ਦੀ ਬਹੁਤ ਭਾਰੀ ਕਿਲਤ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਵਿਦਵਾਨ ਤਾਂ ਇਥੋਂ ਤਕ ਵੀ ਕਹਿ ਚੁਕੇ ਹਨ ਕਿ ਅਗਲਾ ਵਿਸ਼ਵ ਯੁਧ ਕਿਤੇ ਪਾਣੀ ਦੀ ਘਾਟ ਕਰਕੇ ਹੀ ਨਾ ਹੋ ਜਾਵੇ। ਜੇਕਰ ਪਾਣੀ ਦੀ ਕਦਰ ਨਿਰੰਤਰ ਘਟਦੀ ਗਈ ਤਾਂ ਸਾਡੇ ਲਈ, ਸਾਰੀ ਮਨੁਖਤਾ ਲਈ, ਜੀਵ ਜੰਤੂਆਂ ਲਈ ਤੇ ਆਉਣ ਵਾਲੀਆਂ ਨਸਲਾਂ ਲਈ ਇਹ ਬਹੁਤ ਮਾੜੀ ਗਲ ਹੋਵੇਗੀ ਅਤੇ ਆਉਣ ਵਾਲੀਆਂ ਪੀੜ੍ਹੀਆਂ ਸਾਨੂੰ ਕਦੇ ਵੀ ਮੁਆਫ਼ ਨਹੀਂ ਕਰਨਗੀਆਂ। ਆਓ ਕੁਦਰਤ ਦੇ ਇਸ ਅਨਮੋਲ ਤੋਹਫੇ ਦੀ ਸੰਭਾਲ ਕਰੀਏ ਅਤੇ ਦੂਜਿਆਂ ਨੂੰ ਵੀ ਇਸ ਪ੍ਰਤੀ ਸੁਚੇਤ ਕਰੀਏ।

Send this to a friend