ਚੰਡੀਗੜ੍ਹ ਵਿਖੇ ਸੀ.ਬੀ.ਆਈ. ਦੀ ਵਿਸ਼ੇਸ਼ ਅਦਾਲਤ ਨੇ ਪੰਜਾਬ ਦੇ ਮਰਹੂਮ ਮੁਖ ਮੰਤਰੀ ਬੇਅੰਤ ਸਿੰਘ ਦੇ ਕਤਲ ਕੇਸ ਵਿੱਚ ਇਕ ਹੋਰ ਸਿੱਖ ਨੌਜਵਾਨ ਭਾਈ ਜਗਤਾਰ ਸਿੰਘ ਤਾਰਾ ਨੂੰ ਕੁਦਰਤੀ ਮੌਤ ਹੋਣ ਤਕ ਜੇਲ੍ਹ ਵਿਚ ਹੀ ਕੈਦ ਰਹਿਣ ਦੀ ਸਜ਼ਾ ਸੁਣਾਈ ਹੈ। ਇਸ ਕੇਸ ਦੀ ਜਾਂਚ ਕੇਂਦਰੀ ਏਜੰਸੀ ਸੀ.ਬੀ.ਆਈ ਨੇ ਕੀਤੀ ਸੀ। ਸੀ.ਬੀ.ਆਈ. ਨੇ ਭਾਈ ਤਾਰਾ ਲਈ ਅਦਾਲਤ ਤੋਂ ਫਾਂਸੀ ਦੀ ਸਜ਼ਾ ਦੀ ਮੰਗ ਕੀਤੀ ਸੀ। ਭਾਈ ਤਾਰਾ ਨੇ ਇਸ ਕਤਲ ਦੀ ਜ਼ਿੰਮੇਵਾਰੀ ਕਬੂਲ ਕੀਤੀ ਹੈ। ਉਨ੍ਹਾਂ ਨੇ ਇਸ ਕਾਂਡ ਵਿੱਚ ਆਪਣੀ ਭੂਮਿਕਾ ਨੂੰ ਜੱਜ ਸਾਹਮਣੇ ਵੀ ਬਿਆਨ ਕੀਤਾ ਹੈ। ਆਪਣੇ ਬਚਾਓ ਲਈ ਉਨ੍ਹਾਂ ਨੇ ਕੋਈ ਕਾਨੂੰਨੀ ਸਹਾਇਤਾ ਵੀ ਨਹੀਂ ਲਈ। ਸਜ਼ਾ ਸੁਣਾਏ ਜਾਣ ਤੋਂ ਬਾਅਦ ਵੀ ਉਨ੍ਹਾਂ ਨੂੰ ਇਸ ਵਿਰੁੱਧ ਅਪੀਲ ਕਰਨ ਤੋਂ ਨਾਹ ਕਰ ਦਿੱਤੀ ਹੈ। ਭਾਈ ਤਾਰਾ ਦਾ ਵਿਸ਼ਵਾਸ ਹੈ ਕਿ ਉਨ੍ਹਾਂ ਨੂੰ ਮੁੱਖ ਮੰਤਰੀ ਬੇਅੰਤ ਸਿੰਘ ਨੂੰ ਕਤਲ ਕਰਕੇ ਕੋਈ ਬੁਰਾ ਕਾਰਜ ਨਹੀਂ ਕੀਤਾ। ਮੁਖ ਮੰਤਰੀ ਬੇਅੰਤ ਸਿੰਘ 31 ਅਗਸਤ 1995 ਨੂੰ ਪੰਜਾਬ ਅਤੇ ਹਰਿਆਣਾ ਸਕਤਰੇਤ ਦੇ ਬਾਹਰ ਹੋਏ ਬੰਬ ਧਮਾਕੇ ਵਿਚ ਮਾਰੇ ਗਏ ਸਨ। ਇਸ ਧਮਾਕੇ ਵਿੱਚ 17 ਹੋਰ ਜਾਨਾਂ ਗਈਆਂ ਸਨ। ਇਸ ਵਿੱਚ ਭਾਈ ਦਿਲਾਵਰ ਸਿੰਘ ਦੀ ਮਨੁੱਖੀ ਬੰਬ ਵਜੋਂ ਵਰਤੋਂ ਕੀਤੀ ਗਈ ਸੀ। ਬੇਅੰਤ ਸਿੰਘ ਦੇ ਮੁੱਖ ਮੰਤਰੀ ਵਜੋਂ ਕਾਰਜਕਾਲ ਨੂੰ ਕਾਲੇ ਦਿਨਾਂ ਵਜੋਂ ਯਾਦ ਕੀਤਾ ਜਾਂਦਾ ਹੈ। ਉਸ ਦੌਰਾਨ ਵੱਡੀ ਗਿਣਤੀ ਵਿੱਚ ਬੇਕਸੂਰ ਸਿੱਖ ਨੌਜਵਾਨਾਂ ਨੂੰ ਘਰੋਂ ਤੋਂ ਚੁੱਕ ਕੇ ਪੁਲਿਸ ਵੱਲੋਂ ਮਾਰ ਦਿੱਤਾ ਗਿਆ। ਬੇਅੰਤ ਸਿੰਘ ਦਾ ਕਤਲ ਇਸ ਦਾ ਪ੍ਰਤੀਕਰਮ ਹੀ ਸੀ। ਇਸ ਮਾਮਲੇ ਵਿੱਚ ਪਹਿਲਾਂ ਹੀ ਅੱਠ ਦੇ ਕਰੀਬ ਸਿੱਖ ਨੌਜਵਾਨਾਂ ਨੂੰ ਕਰੜੀ ਤੋਂ ਕਰੜੀ ਸਜ਼ਾ ਸੁਣਾਈ ਜਾ ਚੁੱਕੀ ਹੈ। ਹਾਲਾਂਕਿ ਉਨ੍ਹਾਂ ’ਚੋਂ ਕਈਆਂ ਦੀ ਇਸ ਕੇਸ ਵਿੱਚ ਸਿੱਧੀ ਸ਼ਮੂਲੀਅਤ ਵੀ ਨਹੀਂ ਹੈ। ਹੁਣ ਜਦੋਂ ਭਾਈ ਤਾਰਾ ਨੇ ਕਤਲ ਦੀ ਜ਼ਿੰਮੇਵਾਰੀ ਆਪਣੇ ਸਿਰ ਲਈ ਹੈ ਤਦ ਦੂਸਰੇ ਨੌਜਵਾਨਾਂ ਨੂੰ ਇਸ ਕੇਸ ਵਿੱਚ ਸਜ਼ਾ ਦੇਣਾ ਇਨਸਾਫ ਦੇ ਪੱਖ ਤੋਂ ਸਹੀ ਨਹੀਂ ਹੈ। ਸੀ.ਬੀ.ਆਈ. ਦੀ ਅਦਾਲਤ ਪਹਿਲਾਂ ਹੀ ਇਸ ਕੇਸ ਵਿੱਚ ਭਾਈ ਬਲਵੰਤ ਸਿੰਘ ਰਾਜੇਆਣਾ ਅਤੇ ਭਾਈ ਜਗਤਾਰ ਸਿੰਘ ਹਵਾਰਾ ਨੂੰ ਫਾਂਸੀ ਦੀ ਸਜ਼ਾ ਸੁਣਾ ਚੁੱਕੀ ਹੈ। ਦੋਵੇਂ ਹੀ ਲੰਬੇ ਸਮੇਂ ਤੋਂ ਜੇਲ੍ਹ ਵਿੱਚ ਨਜ਼ਰਬੰਦ ਹਨ। ਇਸੇ ਤਰ੍ਹਾਂ ਇਸ ਕੇਸ ਵਿੱਚ ਭਾਈ ਪਰਮਜੀਤ ਸਿੰਘ ਭਿਓਰਾ, ਭਾਈ ਲਖਵਿੰਦਰ ਸਿੰਘ ਅਤੇ ਭਾਈ ਗੁਰਮੀਤ ਸਿੰਘ ਜੇਲ੍ਹ ਅੰਦਰ ਸਜ਼ਾ ਕੱਟ ਰਹੇ ਹਨ। ਅਜਿਹੇ ਹਾਲਾਤਾਂ ਵਿੱਚ ਇਸ ਕੇਸ ਵਿੱਚ ਹੁਣ ਭਾਈ ਤਾਰਾ ਨੂੰ ਦਿੱਤੀ ਗਈ ਸਜ਼ਾ ਬਿਲਕੁੱਲ ਬੇਲੋੜੀ ਹੈ। ਇਸ ਨਾਲ ਪੰਜਾਬ ਦੇ ਸ਼ਾਂਤ ਵਾਤਾਵਰਣ ਨੂੰ ਇਕ ਵਾਰ ਫਿਰ ਲਾਂਬੂ ਲਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਇਕੋ ਕਤਲ ਕੇਸ ਵਿੱਚ ਇੰਨੇ ਸਿੱਖ ਨੌਜਵਾਨਾਂ ਨੂੰ ਕਰੜੀਆਂ ਤੋਂ ਕਰੜੀਆਂ ਸਜ਼ਾਵਾਂ ਦੇਣਾ ਇਸ ਗੱਲ ਦਾ ਸਬੂਤ ਹੈ ਕਿ ਇਸ ਦੇਸ਼ ਵਿੱਚ ਸਿੱਖਾਂ ਲਈ ਕਾਨੂੰਨ ਵੱਖਰਾ ਹਨ। ਅਜਿਹੇ ਸਲੂਕ ਕਾਰਨ ਹੀ ਸਿੱਖ ਭਾਈਚਾਰਾ ਹਿੰਦੋਸਤਾਨ ਵਿੱਚ ਬੇਚੈਨੀ ਮਹਿਸੂਸ ਕਰ ਰਿਹਾ ਹੈ। ਅਜਿਹੇ ਕੇਸਾਂ ਦਾ ਰਾਜਸੀਕਰਨ ਹੋਣਾ ਬਹੁਤ ਮੰਦਭਾਗਾ ਹੈ। ਇਸ ਕੇਸ ਵਿੱਚ ਗ੍ਰਿਫਤਾਰ ਕੀਤੇ ਗਏ ਸਾਰੇ ਨੌਜਵਾਨ ਤੁਰੰਤ ਰਿਹਾਅ ਹੋਣੇ ਚਾਹੀਦੇ ਹਨ ਤਾਂ ਜੋ ਪੰਜਾਬ ਵਿੱਚ ਸ਼ਾਂਤੀ ਨੂੰ ਮਜ਼ਬੂਤ ਕੀਤਾ ਜਾ ਸਕੇ। ਇਸ ਸੰਦਰਭ ਵਿੱਚ ਭਾਈ ਤਾਰਾ ਨੂੰ ਦਿੱਤੀ ਗਈ ਸਜ਼ਾ ਬੇਲੋੜੀ ਅਤੇ ਤਣਾਅ ਪੈਦਾ ਕਰਨ ਵਾਲੀ ਹੈ। ਸਮਾਂ ਇਹ ਮੰਗ ਕਰਦਾ ਹੈ ਕਿ ਇਸ ਕੇਸ ਵਿੱਚ ਇਨਸਾਫ ਹੋਣਾ ਚਾਹੀਦਾ ਹੈ।
– ਬਲਜੀਤ ਸਿੰਘ ਬਰਾੜ