May 26, 2026 8:33 pm

ਸਿਆਸੀ ਮੌਤ ਦੇ ਹਾਸ਼ੀਏ ’ਤੇ ਪਹੁੰਚੀ ‘ਆਪ’ ਅਤੇ ਕੇਜਰੀਵਾਲ

ਦੋਵੇਂ ਹੀ ਪੰਜਾਬੀਆਂ ਤੇ ਸਿੱਖਾਂ ਲਈ ਕੁਝ ਵਿਸ਼ੇਸ਼ ਕਰਨ ਦੇ ਸਮਰੱਥ ਨਹੀਂ

ਫ਼ਤਹਿਗੜ੍ਹ ਸਾਹਿਬ- ‘‘ਪਾਰਟੀਆਂ ਅਤੇ ਸੰਗਠਨਾਂ ਤੇ ਉਨ੍ਹਾਂ ਆਗੂਆਂ ਨੂੰ ਹੀ ਸਫ਼ਲਤਾ ਪ੍ਰਾਪਤ ਹੁੰਦੀ ਹੈ, ਜੋ ਸਿਧਾਂਤਿਕ ਤੌਰ ਤੇ ਦ੍ਰਿੜ ਹੋਣ ਅਤੇ ਸਮੇਂ ਦੀ ਮੌਕਾਪ੍ਰਸਤੀ ਨੂੰ ਪਹਿਚਾਣਕੇ ਜਾਂ ਕਿਸੇ ਡਰ-ਭੈ ਜਾਂ ਮਾਲੀ ਸਵਾਰਥੀ ਸੋਚ ਅਧੀਨ ਆਪਣੀ ਮੰਜ਼ਿਲ ਤੇ ਨਿਸ਼ਾਨੇ ਤੋਂ ਨਾ ਥਿੜਕਣ । ਸ੍ਰੀ ਕੇਜਰੀਵਾਲ ਤੇ ਉਸਦੀ ਆਮ ਆਦਮੀ ਪਾਰਟੀ ਦਾ ਨਾ ਤਾਂ ਪਾਰਟੀ ਬਣਨ ਸਮੇਂ ਕੋਈ ਸਿਧਾਂਤਿਕ ਵਜੂਦ ਸੀ ਅਤੇ ਨਾ ਹੀ ਅੱਜ ਹੈ । ਕਿਉਂਕਿ ਜੋ ਇਨਸਾਨ ਇਮਾਨਦਾਰ ਤੇ ਸਿਧਾਂਤਿਕ ਆਗੂ ਸ੍ਰੀ ਅੰਨਾ ਹਜ਼ਾਰੇ ਵਰਗੀ ਸਖਸ਼ੀਅਤ ਨੂੰ ਆਪਣੇ ਸਿਆਸੀ ਤੇ ਮਾਲੀ ਹਿੱਤਾ ਦੀ ਪੂਰਤੀ ਲਈ ਧੋਖਾ ਦੇ ਸਕਦਾ ਹੈ, ਅਜਿਹਾ ਆਗੂ ਅਤੇ ਪਾਰਟੀ ਜਨਤਾ ਦੇ ਹੱਕਾਂ ਦੀ ਰਖਵਾਲੀ ਕਤਈ ਨਹੀਂ ਕਰ ਸਕਦੇ । ਇਹੀ ਵਜਹ ਹੈ ਕਿ ਧਨ-ਦੌਲਤ ਦੇ ਭੰਡਾਰਾਂ ਅਤੇ ਸਤ੍ਹਾ ਦੀ ਭੁੱਖ ਦਾ ਗੁਲਾਮ ਬਣਕੇ ਸ੍ਰੀ ਕੇਜਰੀਵਾਲ ਨੇ ਸ. ਸੁੱਚਾ ਸਿੰਘ ਛੋਟੇਪੁਰ ਵਰਗੇ ਪ੍ਰੌੜ੍ਹ ਸਿੱਖ ਸਿਆਸਤਦਾਨ ਉਤੇ ਵਿਸ਼ਵਾਸ ਹੀ ਨਹੀਂ ਕੀਤਾ । ਸ੍ਰੀ ਕੇਜਰੀਵਾਲ ਨੇ ਆਪਣੇ ਉਨ੍ਹਾਂ ਕੱਟੜਵਾਦੀ ਹਿੰਦੂ ਕਰਿੰਦਿਆ ਸੰਜੇ ਸਿੰਘ, ਦੁਰਗੇਸ ਪਾਠਕ ਨੂੰ ਸਰਹੱਦੀ ਅਤੇ ਸਿੱਖ ਕੌਮ ਨਾਲ ਸੰਬੰਧਤ ਸੂਬੇ ਪੰਜਾਬ ਦੀ ਵਾਂਗਡੋਰ ਸੰਭਾਲੀ, ਜਿਨ੍ਹਾਂ ਦਾ ਪੰਜਾਬ ਸੂਬੇ, ਪੰਜਾਬੀਆਂ ਅਤੇ ਸਿੱਖ ਕੌਮ ਨਾਲ ਕੋਈ ਵੀ ਵਾਹ-ਵਾਸਤਾ ਹੀ ਨਹੀਂ ਅਤੇ ਜਿਨ੍ਹਾਂ ਨੇ ਸਭ ਇਖ਼ਲਾਕੀ ਕਦਰਾ-ਕੀਮਤਾ ਨੂੰ ਛਿੱਕੇ ਟੰਗਕੇ ਪੰਜਾਬ ਵਿਚ ਗੈਰ-ਕਾਨੂੰਨੀ ਢੰਗ ਰਾਹੀ ਧਨ-ਦੌਲਤਾ ਦੇ ਭੰਡਾਰ ਹੀ ਇਕੱਤਰ ਨਹੀਂ ਕੀਤੇ, ਬਲਕਿ ਗੈਰ-ਇਖ਼ਲਾਕੀ ਅਮਲ ਕਰਕੇ ਪੰਜਾਬ ਦੀ ਪਵਿੱਤਰ ਧਰਤੀ ਦੇ ਮਾਹੌਲ ਨੂੰ ਵੀ ਗੰਧਲਾ ਕੀਤਾ । ਫਿਰ ਅਜਿਹੀ ਪਾਰਟੀ ਤੇ ਕੇਜਰੀਵਾਲ ਵਰਗੇ ਮੌਕਾਪ੍ਰਸਤ ਆਗੂ ਅੱਛੀਆ, ਸਮਾਜ, ਮਨੁੱਖਤਾ ਪੱਖੀ ਪਿਰਤਾ ਦੀ ਅਗਵਾਈ ਕਿਸ ਤਰ੍ਹਾਂ ਕਰ ਸਕਦੇ ਸੀ ? ਇਹ ਤਾਂ ਸ੍ਰੀ ਕੇਜਰੀਵਾਲ ਅਤੇ ਆਮ ਆਦਮੀ ਪਾਰਟੀ ਨੂੰ ਗੁੰਮਰਾਹ ਹੋ ਕੇ ਵੋਟਾਂ ਪਾ ਕੇ ਪੰਜਾਬ ਵਿਚੋ 20 ਸੀਟਾਂ ਜਿਤਾਉਣ ਵਾਲੇ ਵੋਟਰਾਂ ਦਾ ਇਕ ਭਰਮ ਸੀ ਕਿ ਸ੍ਰੀ ਕੇਜਰੀਵਾਲ ਕੋਈ ਕ੍ਰਿਸ਼ਮਾ ਕਰ ਵਿਖਾਉਣਗੇ ।ੂ
ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ, ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ੍ਰੀ ਕੇਜਰੀਵਾਲ ਵੱਲੋਂ ਸ. ਬਿਕਰਮ ਸਿੰਘ ਮਜੀਠੀਏ ਪ੍ਰਤੀ ਲਗਾਏ ਗਏ ਦੋਸ਼ਾਂ ਪ੍ਰਤੀ ਅਦਾਲਤ ਵਿਚ ਲਿਖਤੀ ਤੌਰ ਤੇ ਮੁਆਫ਼ੀ ਮੰਗਣ ਦੀ ਦਿਸ਼ਾਹੀਣ ਕਾਰਵਾਈ ਉਤੇ ਤਿੱਖਾ ਪ੍ਰਤੀਕਰਮ ਜ਼ਾਹਰ ਕਰਦੇ ਹੋਏ ਅਤੇ ਇਸ ਹੋਏ ਅਮਲ ਨੂੰ 2019 ਵਿਚ ਹੋਣ ਵਾਲੀਆ ਲੋਕ ਸਭਾ ਚੋਣਾਂ ਨੂੰ ਧਿਆਨ ਵਿਚ ਰੱਖਦੇ ਹੋਏ ਸਿਆਸੀ ਸੌਦੇਬਾਜੀ ਹੋਣ ਦਾ ਖਦਸਾ ਜ਼ਾਹਰ ਕਰਦੇ ਹੋਏ ਪੰਜਾਬੀਆਂ ਅਤੇ ਸਿੱਖ ਕੌਮ ਨੂੰ ਸ੍ਰੀ ਕੇਜਰੀਵਾਲ ਵਰਗੇ ਗੈਰ-ਸਿਧਾਂਤਿਕ ਅਤੇ ਮੌਕਾਪ੍ਰਸਤੀ ਅਧੀਨ ਗਿਰਗਿਟ ਵਾਂਗ ਰੰਗ ਬਦਲਣ ਵਾਲੇ ਆਗੂਆਂ ਉਤੇ ਬਿਲਕੁਲ ਵੀ ਵਿਸ਼ਵਾਸ ਨਾ ਕਰਨ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਜੋ ਅੱਜ ਸ੍ਰੀ ਕੇਜਰੀਵਾਲ ਅਤੇ ਆਮ ਆਦਮੀ ਪਾਰਟੀ ਆਪਣੀਆ ਦਿਸ਼ਾਹੀਣ ਅਮਲਾਂ ਦੀ ਬਦੌਲਤ ਸਿਆਸੀ ਮੌਤ ਦੇ ਹਾਸੀਏ ਤੇ ਪਹੁੰਚ ਚੁੱਕੀ ਹੈ ਅਤੇ ਜੋ ਹਸਰ ਸਾਹਮਣੇ ਆਇਆ ਹੈ, ਇਹ ਹੋਣਾ ਸੁਭਾਵਿਕ ਸੀ । ਕਿਉਂਕਿ ਇਸ ਪਾਰਟੀ ਦਾ ਜਨਮ ਹੀ ਮੌਕਾਪ੍ਰਸਤੀ ਤੇ ਸਵਾਰਥੀ ਸੋਚ ਅਧੀਨ ਹੋਇਆ ਸੀ ਅਤੇ ਜਨਤਾ ਨੂੰ ਗੁੰਮਰਾਹ ਕਰਨ ਹਿੱਤ ਸਮਾਜਿਕ ਅੱਛਾਈਆ ਦੀ ਗੱਲ ਮੀਡੀਏ ਅਤੇ ਬਿਜਲਈ ਮੀਡੀਏ ਉਤੇ ਉਭਾਰੀ ਗਈ ਸੀ । ਜਦੋਂਕਿ ਪਾਰਟੀ ਦੇ ਮੋਹਰੀ ਆਗੂ ਅੰਦਰੋਂ ਸਿਧਾਂਤਿਕ ਤੇ ਇਖ਼ਲਾਕੀ ਤੌਰ ਤੇ ਖੋਖਲੇ ਸਨ । ਉਨ੍ਹਾਂ ਕਿਹਾ ਕਿ ਜੋ ਸ੍ਰੀ ਖਹਿਰਾ ਨੇ ਸ੍ਰੀ ਕੇਜਰੀਵਾਲ ਦੇ ਉਪਰੋਕਤ ਮੁਆਫ਼ੀਨਾਮੇ ਦੇ ਫੈਸਲੇ ਉਤੇ ਇਹ ਕਿਹਾ ਹੈ ਕਿ ਸਾਨੂੰ ਪੁੱਛਿਆ ਹੀ ਨਹੀਂ ਗਿਆ । ਅਸੀਂ ਸ੍ਰੀ ਖਹਿਰਾ ਅਤੇ ਉਨ੍ਹਾਂ ਵਰਗੇ ਹੋਰ ਗੁੰਮਰਾਹ ਹੋਏ ਆਗੂਆਂ ਨੂੰ ਪੁੱਛਣਾ ਚਾਹੁੰਦੇ ਹਾਂ ਕਿ ਜਿਸ ਸ. ਸੁੱਚਾ ਸਿੰਘ ਛੋਟੇਪੁਰ ਨੇ ਪੰਜਾਬ ਵਿਚ ਆਮ ਆਦਮੀ ਪਾਰਟੀ ਨੂੰ ਮਜ਼ਬੂਤ ਕਰਨ ਲਈ ਦਿਨ-ਰਾਤ ਇਕ ਕਰਕੇ ਵੱਡਾ ਯੋਗਦਾਨ ਪਾਇਆ, ਜਦੋਂ ਉਨ੍ਹਾਂ ਨੂੰ ਪੰਜਾਬ ਦੀ ਕੰਨਵੀਨਰੀ ਤੋਂ ਸਾਜ਼ਸੀ ਢੰਗ ਨਾਲ ਪਾਸੇ ਕੀਤਾ ਗਿਆ, ਕੀ ਉਸ ਸਮੇਂ ਸ੍ਰੀ ਕੇਜਰੀਵਾਲ ਨੇ ਪੰਜਾਬ ਤੇ ਸਿੱਖ ਕੌਮ ਨਾਲ ਸੰਬੰਧਤ ਪਾਰਟੀ ਦੇ ਕਿਸੇ ਆਗੂ ਨੂੰ ਪੁੱਛਿਆ ਸੀ ? ਕੀ ਗੁਰਪ੍ਰੀਤ ਸਿੰਘ ਘੁੱਗੀ ਨਾਲ ਅਪਮਾਨਜ਼ਨਕ ਕਾਰਵਾਈ ਕਰਦੇ ਸਮੇਂ ਤੁਹਾਨੂੰ ਪੁੱਛਿਆ ਸੀ ? ਕੀ ਸ. ਹਰਵਿੰਦਰ ਸਿੰਘ ਫੂਲਕਾ ਵਰਗੇ ਪ੍ਰੌੜ੍ਹ ਤੇ ਸੂਝਵਾਨ ਐਡਵੋਕੇਟ ਵਰਗੀ ਸਖਸ਼ੀਅਤ, ਸ. ਭਗਵੰਤ ਸਿੰਘ ਮਾਨ, ਸ. ਕੰਵਰਪਾਲ ਸਿੰਘ ਸੰਧੂ ਨੂੰ ਪੁੱਛਿਆ ਜਾਂ ਵਿਸ਼ਵਾਸ ਕੀਤਾ ਹੈ ? ਜਦੋਂ ਸ੍ਰੀ ਕੇਜਰੀਵਾਲ ਪੰਜਾਬੀ ਸਿੱਖਾਂ ਉਤੇ ਵਿਸ਼ਵਾਸ ਹੀ ਨਹੀਂ ਕਰਦੇ ਅਤੇ ਪੰਜਾਬੀ ਸਿੱਖਾਂ ਨੂੰ ਪਾਰਟੀ ਦੇ ਫੈਸਲਿਆ ਵਿਚ ਕੋਈ ਮਹੱਤਵ ਹੀ ਨਹੀਂ ਦਿੱਤਾ ਜਾਂਦਾ, ਫਿਰ ਸ. ਖਹਿਰਾ, ਸੰਧੂ, ਮਾਨ ਵਰਗੇ ਆਗੂਆਂ ਨੂੰ ਸਮਝ ਲੈਣਾ ਚਾਹੀਦਾ ਸੀ ਕਿ ਸ੍ਰੀ ਕੇਜਰੀਵਾਲ ਕਿਸ ਪੰਜਾਬ ਸੂਬੇ ਤੇ ਸਿੱਖ ਵਿਰੋਧੀ ਸੋਚ ਦਾ ਮਾਲਕ ਹੈ ਅਤੇ ਪੰਜਾਬੀ ਸਿੱਖਾਂ ਦੀ ਦੁਰਵਰਤੋਂ ਕਰਕੇ ਅਤੇ ਗੁੰਮਰਾਹ ਕਰਕੇ ਆਪਣੀ ਸਿਆਸੀ ਮੰਜ਼ਿਲ ਦੀਆਂ ਪੌੜੀਆਂ ਚੜ੍ਹਨ ਦੀ ਤਾਕ ਵਿਚ ਹੈ । ਹੁਣ ਸ੍ਰੀ ਕੇਜਰੀਵਾਲ ਵਰਗੇ ਗੈਰ-ਸਿਧਾਂਤਿਕ ਆਗੂ ਬਾਰੇ ਕੋਈ ਬਿਆਨਬਾਜੀ ਕਰਨ ਅਤੇ ਪਾਰਟੀ ਤੋਂ ਵੱਖ ਹੋ ਕੇ ਹੁਣ ਨਵੀਂ ਆਮ ਆਦਮੀ ਪਾਰਟੀ ਬਣਾਉਣ ਦੀ ਤੁੱਕ ਵਿਚ ਕੋਈ ਰਤੀਭਰ ਵੀ ਵਜਨ ਨਹੀਂ ਰਿਹਾ ਅਤੇ ਨਾ ਹੀ ਇਨ੍ਹਾਂ ਆਗੂਆਂ ਵਿਚੋਂ ਕੋਈ ਨਵੀਂ ਪਾਰਟੀ ਬਣਾਕੇ ਪੰਜਾਬੀਆਂ ਤੇ ਸਿੱਖ ਕੌਮ ਲਈ ਕੋਈ ਕ੍ਰਿਸ਼ਮਾ ਕਰਨ ਦੀ ਸਮਰੱਥਾਂ ਰੱਖਦਾ ਹੈ । ਇਸ ਲਈ ਇਨ੍ਹਾਂ ਸਮੁੱਚੇ ਆਗੂਆਂ ਨੂੰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਸੰਜ਼ੀਦਾ ਭਰੀ ਅਪੀਲ ਹੈ ਕਿ ਜਦੋਂ ਕਾਂਗਰਸ, ਬਾਦਲ-ਬੀਜੇਪੀ, ਆਮ ਆਦਮੀ ਪਾਰਟੀ ਅਤੇ ਹੋਰ ਸੰਗਠਨ ਪੰਜਾਬੀਆਂ, ਸਿੱਖ ਕੌਮ ਅਤੇ ਪੰਜਾਬ ਸੂਬੇ ਨਾਲ ਸੰਬੰਧਤ ਸੰਜ਼ੀਦਾ ਮਸਲਿਆ ਨੂੰ ਹੱਲ ਕਰਨ ਵਿਚ ਕੋਈ ਵੀ ਸੰਜੀਦਗੀ ਭਰਿਆ ਅਮਲ ਨਹੀਂ ਕਰ ਸਕੇ ਅਤੇ ਸਮੁੱਚੇ ਪੰਜਾਬੀਆਂ ਤੇ ਸਿੱਖ ਕੌਮ ਨੇ ਇਨ੍ਹਾਂ ਸਭਨਾਂ ਨੂੰ ਦੁਰਕਾਰ ਦਿੱਤਾ ਹੈ ਅਤੇ ਹੁਣੇ ਹੋਈਆ ਵੱਖ-ਵੱਖ ਸੂਬਿਆਂ ਦੀਆਂ ਚੋਣਾਂ ਦਾ ਇਨ੍ਹਾਂ ਵਿਰੁੱਧ ਸੰਦੇਸ਼ ਵੀ ਪ੍ਰਤੱਖ ਰੂਪ ਵਿਚ ਆਇਆ ਹੈ ਤਾਂ ਇਹ ਸਭ ਆਗੂ ਅਤੇ ਖ਼ਾਲਸਾ ਪੰਥ ਵਿਚ ਵਿਚਰਨ ਵਾਲੇ ਛੋਟੇ-ਛੋਟੇ ਗਰੁੱਪ ਅਤੇ ਆਗੂ ਇਮਾਨਦਾਰੀ ਨਾਲ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਸਿਧਾਂਤਿਕ ਤੇ ਮਨੁੱਖਤਾ ਪੱਖੀ ਸੋਚ ਨੂੰ ਪ੍ਰਵਾਨ ਕਰਕੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਪਾਰਟੀ ਵਿਚ ਬਿਨ੍ਹਾਂ ਕਿਸੇ ਝਿਜਕ ਦੇ ਸਮੂਲੀਅਤ ਕਰਕੇ ਪੰਜਾਬ ਸੂਬੇ ਵਿਚ ਇਕ ਨਿਰਪੱਖ, ਸਾਫ਼-ਸੁਥਰੀ, ਰਿਸ਼ਵਤ ਤੋਂ ਰਹਿਤ ਸਭਨਾਂ ਨੂੰ ਬਰਾਬਰਤਾ ਦੇ ਅਧਿਕਾਰ ਪ੍ਰਦਾਨ ਕਰਨ ਵਾਲੀ ‘ਬੇਗਮਪੁਰਾ’ ਤੇ ਅਧਾਰਿਤ ਸਰਕਾਰ ਬਣਾਉਣ ਵਿਚ ਜੇਕਰ ਸਹਿਯੋਗ ਕਰ ਸਕਣ ਤਾਂ ਅਜਿਹਾ ਕਰਨ ਨਾਲ ਉਪਰੋਕਤ ਪੰਜਾਬੀ ਸਿੱਖਾਂ ਅਤੇ ਪੰਜਾਬੀਆਂ ਦੀਆਂ ਸਮੁੱਚੀਆਂ ਭਾਵਨਾਵਾਂ ਦੀ ਜਿਥੇ ਪੂਰਤੀ ਹੋ ਸਕੇਗੀ, ਉਥੇ ਪੰਜਾਬ ਸੂਬੇ ਦੇ ਸਭ ਵਰਗ ਅਜਿਹੀ ਸਰਕਾਰ ਦੇ ਪ੍ਰਬੰਧ ਰਾਹੀ ਸੰਪੂਰਨ ਰੂਪ ਵਿਚ ਖੁਸ਼ਹਾਲੀ ਵੱਲ ਵੱਧ ਸਕਣਗੇ ਅਤੇ ਸਦਾ ਲਈ ਇਥੇ ਅਮਨ-ਚੈਨ ਤੇ ਜਮਹੂਰੀਅਤ ਦਾ ਬੋਲਬਾਲਾ ਹੋ ਸਕੇਗਾ । ਅਜਿਹੀ ਲੀਡਰਸ਼ਿਪ ਦਾ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਭਰਪੂਰ ਸਵਾਗਤ ਕਰੇਗਾ।

Send this to a friend