ਆਮ ਆਦਮੀ ਪਾਰਟੀ ਇਕ ਵਾਰ ਫਿਰ ਇਕ ਵੱਡੇ ਸੰਕਟ ਵਿੱਚ ਘਿਰ ਗਈ ਹੈ। ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁਖ ਮੰਤਰੀ ਸ਼੍ਰੀ ਅਰਵਿੰਦ ਕੇਜਰੀਵਾਲ ਵਲੋਂ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕਤਰ ਤੇ ਸਾਬਕਾ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ’ਤੇ ਨਸ਼ਾ ਤਸਕਰੀ ਦੇ ਦੋਸ਼ਾਂ ਲਗਾਉਣ ਸਬੰਧੀ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਇਕ ਅਦਾਲਤ ਵਿੱਚ ਚੱਲ ਰਹੇ ਮਾਣਹਾਨੀ ਦੇ ਕੇਸ ਤੋਂ ਬਚਣ ਲਈ ਸ. ਮਜੀਠੀਆ ਕੋਲੋਂ ਲਿਖਤੀ ਮੁਆਫ਼ੀ ਮੰਗਣ ਦਾ ਪਾਰਟੀ ਦੇ ਅੰਦਰੋਂ ਅਤੇ ਬਾਹਰੋਂ ਤਿੱਖਾ ਵਿਰੋਧ ਹੋ ਰਿਹਾ ਹੈ। ਇਸ ਕਾਰਨ ਪੰਜਾਬ ਵਿੱਚ ‘ਆਪ’ ਦੀ ਸਮੁੱਚੀ ਇਕਾਈ ਸ਼੍ਰੀ ਕੇਜਰੀਵਾਲ ਦੀ ਅਗਵਾਈ ਵਿਰੁੱਧ ਬਗਾਵਤ ’ਤੇ ਉਤਰ ਆਈ ਹੈ। ਪਾਰਟੀ ਨੇਤਾਵਾਂ ਨੂੰ ਇਹ ਸਮਝ ਨਹੀਂ ਆ ਰਿਹਾ ਕਿ ਉਹ ਸ਼੍ਰੀ ਕੇਜਰੀਵਾਲ ਦੇ ਇਸ ਕਦਮ ਨੂੰ ਕਿਸ ਤਰ੍ਹਾਂ ਜਾਇਜ਼ ਠਹਿਰਾਉਣ। ਆਮ ਆਦਮੀ ਪਾਰਟੀ ਨੇ 2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਇਸ ਮੁੱਦੇ ਉਪਰ ਹੀ ਸਭ ਤੋਂ ਵੱਧ ਜ਼ੋਰ ਲਗਾਇਆ ਸੀ। ਇਸ ਮੁੱਦੇ ਉਪਰ ਲਾਮਬੰਦੀ ਲਈ ਪਾਰਟੀ ਵੱਲੋਂ ਪੂਰੇ ਪੰਜਾਬ ਵਿੱਚ ਸਰਦਾਰ ਮਜੀਠੀਆ ਖਿਲਾਫ਼ ਸੜਕਾਂ ’ਤੇ ਬੋਰਡ ਤੱਕ ਲਗਾਏ ਗਏ ਸਨ। ਕਹਿਣ ਦਾ ਭਾਵ ਇਹ ਹੈ ਕਿ ਜਿਸ ਮੁਹਿੰਮ ਨੂੰ ਪਾਰਟੀ ਨੇ ਪੂਰੀ ਤਾਕਤ ਨਾਲ ਚਲਾਇਆ ਸੀ। ਇਕ ਸਾਲ ਦੇ ਅੰਦਰ ਹੀ ਪਾਰਟੀ ਦੇ ਸਭ ਤੋਂ ਵੱਡੇ ਆਗੂ ਨੇ ਉਸ ਮੁੱਦੇ ’ਤੇ ਮੁਆਫ਼ੀ ਮੰਗ ਕੇ ਸਭ ਕੁੱਝ ਉਪਰ ਪਾਣੀ ਫੇਰ ਦਿੱਤਾ ਹੈ। ਉਤੋਂ ਸਿਤਮ ਇਹ ਹੈ ਕਿ ਉਨ੍ਹਾਂ ਨੇ ਇਹ ਕਦਮ ਚੁੱਕਣ ਤੋਂ ਪਹਿਲਾਂ ਇਸ ਸਬੰਧ ਵਿੱਚ ਪਾਰਟੀ ਦੇ ਕਿਸੇ ਵੀ ਆਗੂ ਜਾਂ ਵਿਧਾਇਕ ਨਾਲ ਸਲਾਹ ਮਸ਼ਵਰਾ ਤੱਕ ਨਹੀਂ ਕੀਤਾ। ਅਜਿਹੇ ’ਚ ਪਾਰਟੀ ਅੰਦਰ ਬਗਾਵਤ ਉਠਣਾ ਸੁਭਾਵਿਕ ਹੈ। ਬਗਾਵਤ ਦੀ ਇਹ ਅੱਗ ਕਿੱਥੋਂ ਤੱਕ ਜਾਵੇਗੀ ਇਹ ਕਹਿਣਾ ਹਾਲੇ ਔਖਾ ਹੈ, ਪ੍ਰੰਤੂ ਇਸ ਮੁਆਫ਼ੀਨਾਮੇ ਨੇ ਪਾਰਟੀ ਲਈ ਸਿਆਸੀ ਮੁਸ਼ਕਿਲਾਂ ਵਧਾ ਦਿੱਤੀਆਂ ਹਨ। ‘ਆਪ’ ਦੀ ਭਰੋਸੇਯੋਗਤਾ ’ਤੇ ਪ੍ਰਸ਼ਨ ਚਿੰਨ੍ਹ ਲੱਗ ਗਿਆ ਹੈ। ਕੇਜਰੀਵਾਲ ਵੀ ਲੋਕਾਂ ਦੇ ਮਨੋ ਉਤਰਨੇ ਸ਼ੁਰੂ ਹੋ ਗਏ ਹਨ। ਪਾਰਟੀ ਦਾ ਵੱਡੀ ਗਿਣਤੀ ਵਿੱਚ ਕਾਡਰ ਅਤੇ ਸਮਰਥਕ ਇਸ ਇਕੋ ਕਦਮ ਨਾਲ ਟੁੱਟਦੇ ਨਜ਼ਰ ਆ ਰਹੇ ਹਨ। ਕੇਜਰੀਵਾਲ ਅਤੇ ਉਨ੍ਹਾਂ ਦੇ ਹਮਾਇਤੀ ਬੇਸ਼ਕ ਇਸ ਕਦਮ ਨੂੰ ਜਾਇਜ਼ ਠਹਿਰਾਉਣ ਲਈ ਵੀ ਨਵੇਂ-ਨਵੇਂ ਤਰਕ ਘੜ ਰਹੇ ਹਨ, ਪ੍ਰੰਤੂ ਮੁਆਫ਼ੀਨਾਮੇ ਨਾਲ ਪਾਰਟੀ ਅਤੇ ਖੁਦ ਕੇਜਰੀਵਾਲ ਦਾ ਜੋ ਨੁਕਸਾਨ ਹੋਇਆ ਹੈ ਉਸ ਦੀ ਭਰਪਾਈ ਕਰਨੀ ਹੁਣ ਮੁਸ਼ਕਿਲ ਹੋਵੇਗੀ। ਕੇਜਰੀਵਾਲ ਦਾ ਇਹ ਕਦਮ ਸਿਆਸੀ ਰਣਨੀਤੀ ਦੇ ਪੱਖ ਤੋਂ ਪੂਰੀ ਤਰ੍ਹਾਂ ਬਚਕਾਨਾ ਆਖਿਆ ਜਾ ਸਕਦਾ ਹੈ। ਇਸ ਤੋਂ ਇਹ ਵੀ ਪਤਾ ਲੱਗਦਾ ਹੈ ਕਿ ‘ਆਪ’ ਦੀ ਰਾਜਨੀਤੀ ਅਤੇ ਰਣਨੀਤੀ ਧਰਾਤਲ ਨਾਲ ਜੁੜੀ ਹੋਈ ਨਹੀਂ ਹੈ। ਪਾਰਟੀ ਨੇ ਲਗਪਗ ਸਾਰੇ ਹੀ ਮੁੱਦੇ ਹਵਾ ਵਿੱਚੋਂ ਫੜੇ ਸਨ। ਜਦੋਂ ਉਹ ਪੁੱਠੇ ਪੈਣ ਲੱਗਦੇ ਹਨ ਤਾਂ ਪਾਰਟੀ ਹੋਰ ਦਿਸ਼ਾ ਵਿੱਚ ਤੁਰ ਪੈਂਦੀ ਹੈ। ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਵੀ ਪਾਰਟੀ ਨੂੰ ਇਸ ਕਾਰਨ ਹੀ ਲੋੜੀਂਦਾ ਸਮਰਥਨ ਨਹੀਂ ਮਿਲ ਸਕਿਆ। ਮੌਜੂਦਾ ਸਮੇਂ ਪਾਰਟੀ ਦੇ ਵਿਧਾਇਕਾਂ ਅਤੇ ਆਗੂਆਂ ਲਈ ਜੋ ਧਰਮ ਸੰਕਟ ਖੜ੍ਹਾ ਹੋਇਆ ਹੈ। ਉਸ ਦਾ ਕੋਈ ਢੁੱਕਵਾਂ ਹੱਲ ਹਾਲੇ ਤੱਕ ਸਾਹਮਣੇ ਨਹੀਂ ਆ ਰਿਹਾ। ਬੇਸ਼ਕ ਕੁਝ ਆਗੂ ‘ਆਪ’ ਪੰਜਾਬ ਬਣਾਉਣ ਦੀਆਂ ਗੱਲਾਂ ਕਰ ਰਹੇ ਹਨ। ਪ੍ਰੰਤੂ ਇਸ ਨਾਲ ਵੀ ਪਾਰਟੀ ਦਾ ਦੋ ਫਾੜ ਹੋਣਾ ਤੈਅ ਹੈ। ਇਹ ਵੀ ਹੋ ਸਕਦਾ ਹੈ ਕਿ ਇਸ ਨਾਲ ਪਾਰਟੀ ਦੇ ਕੁੱਝ ਵਿਧਾਇਕਾਂ ਨੂੰ ਆਪਣੀ ਮੈਂਬਰੀ ਗੁਆਉਣੀ ਪਵੇ। ਸਿਆਣਪ ਇਸ ਗੱਲ ਵਿੱਚ ਹੈ ਕਿ ਪਾਰਟੀ ਦੀ ਪੰਜਾਬ ਇਕਾਈ ਦੇ ਸਾਰੇ ਆਗੂ ਮਿਲ ਬੈਠ ਕੇ ਕੋਈ ਸਹੀ ਅਤੇ ਸਾਂਝਾ ਫੈਸਲਾ ਲੈਣ। ਕੇਜਰੀਵਾਲ ਵਰਗੀਆਂ ਗਲਤੀਆਂ ਹੋਰ ਬਥੇਰੇ ਨੇਤਾਵਾਂ ਨੇ ਕੀਤੀਆਂ ਹਨ। ਪਰ ਕੇਜਰੀਵਾਲ ਦੀ ਇਹ ਗਲਤੀ ਇਸ ਲਈ ਜ਼ਿਆਦਾ ਰੜਕ ਰਹੀ ਹੈ ਕਿਉਂਕਿ ਉਨ੍ਹਾਂ ਦੀ ਰਾਜਨੀਤੀ ਕਥਿਤ ਨੈਤਿਕਤਾ ਨਾਲ ਜੁੜੀ ਹੋਈ ਹੈ। ਇਸ ਕਾਰਨ ਹੀ ਉਨ੍ਹਾਂ ਦੀ ਜਵਾਬਦੇਹੀ ਹੋ ਰਹੀ ਹੈ। ਜੇਕਰ ਉਹ ਲੋਕਾਂ ਦੀ ਸੱਚੀ ਆਵਾਜ਼ ਸੁਣਦੇ ਹਨ ਤਾਂ ਉਨ੍ਹਾਂ ਨੂੰ ਰਾਜਸੀ ਨੈਤਿਕਤਾ ਦੇ ਇਕ ਅਸੂਲ ਵਜੋਂ ਫਿਲਹਾਲ ਪਾਰਟੀ ਦੀ ਅਗਵਾਈ ਤੋਂ ਲਾਂਭੇ ਹੱਟ ਜਾਣਾ ਚਾਹੀਦਾ ਹੈ। ਇਸ ਗੱਲ ਵਿੱਚ ਹੀ ‘ਆਪ’ ਅਤੇ ਖੁਦ ਕੇਜਰੀਵਾਲ ਦੀ ਭਲਾਈ ਹੈ। ਕੇਜਰੀਵਾਲ ਦੇ ਅਸਤੀਫੇ ਨਾਲ ਹੀ ‘ਆਪ’ ਨੂੰ ਪੰਜਾਬ ਵਿੱਚ ਵੀ ਮੁੜ ਸਿਆਸੀ ਉਭਾਰ ਦਾ ਮੌਕਾ ਮਿਲ ਸਕਦਾ ਹੈ।
– ਬਲਜੀਤ ਸਿੰਘ ਬਰਾੜ