ਤਲਵੰਡੀ ਸਾਬੋ, 17 ਮਾਰਚ (ਰਾਮ ਰੇਸ਼ਮ ਨਥੇਹਾ)- ਨਜ਼ਦੀਕੀ ਪਿੰਡ ਬਹਿਮਣ ਕੌਰ ਸਿੰਘ ਵਿਖੇ ਤਰਸਯੋਗ ਹਾਲਤ ਵਿਚ ਰਹਿੰਦੇ ਪਰਿਵਾਰ ਦੀ ਦਰਦਨਾਕ ਤਸਵੀਰ ਉਸ ਸਮੇਂ ਸਾਹਮਣੇ ਆਈ ਹੈ ਜਦੋਂ ਮਜ਼ਦੂਰ ਮੁਕਤੀ ਮੋਰਚਾ ਦੇ ਬਲਾਕ ਆਗੂ ਬਲਕਰਨ ਬਹਿਮਣ ਘਰ ਘਰ ਜਾਕੇ ਮਜ਼ਦੂਰ ਸੰਗਠਨ ਦਾ ਪਰਚਾਰ ਕਰ ਰਹੇ ਸਨ ।ਉਕਤ ਮਜ਼ਦੂਰ ਆਗੂ ਨੇ ਪਰੈਸ ਨੂੰ ਬੁਲਾਕੇ ਮਜ਼ਦੂਰ ਪਰਿਵਾਰ ਦੀ ਹਾਲਤ ਤੋਂ ਜਾਣੂ ਕਰਵਾਇਆ। ਪਰਿਵਾਰ ਦੀ ਮੈਂਬਰ ਮਨਜੀਤ ਕੌਰ ਪਤਨੀ ਕਰਨੈਲ ਸਿੰਘ ਨੇ ਦਸਿਆ ਕਿ ਉਸ ਦੇ ਚਾਰ ਲੜਕੀਆਂ ਇਕ ਲੜਕਾ ਹੈ ਅਤੇ ਉਸ ਦਾ ਪਤੀ ਕਈ ਸਾਲ ਪਹਿਲਾਂ ਨਾਮੁਰਾਦ ਬਿਮਾਰੀ ਕਾਰਨ ਦੁਨੀਆਂ ਤੋਂ ਚਲ ਵਸਿਆ ਸੀ ।ਉਸ ਨੇ ਔਖ ਵਿਚ ਚਾਰ ਲੜਕੀਆਂ ਦੇ ਵਿਆਹ ਕੀਤੇ ਹਨ ਸਿਰਫ ਇਕ ਲੜਕੀ ਦੀ ਸ਼ਗਨ ਸਕੀਮ ਮਿਲੀ ਹੈ ਉਹ ਵੀ 5000 ਰੁਪਏ ਜਦਕਿ ਦੂਸਰੀ ਲੜਕੀ ਸਮੇਂ ਸ਼ਗਨ ਸਕੀਮ ਦੀ ਫਾਈਲ ਭਰੀ ਸੀ ਪਰੰਤੂ ਉਸ ਦੇ ਵਿਆਹ ਦੀ ਸਗਨ ਸਕੀਮ ਸਰਕਾਰ ਨੇ ਨਹੀਂ ਦਿਤੀ। ਉਸ ਸਮੇਂ ਲੜਕਾ ਛੋਟਾ ਹੋਣ ਕਾਰਨ ਦਿਹਾੜੀ/ਮਜ਼ਦੂਰੀ ਕਰਨ ਵਾਲਾ ਪਰਿਵਾਰ ਵਿਚ ਕੋਈ ਨਹੀਂ ਸੀ ਦੂਸਰਾ ਔਰਤਾਂ ਲਈ ਪੇਂਡੂ ਇਲਾਕੇ ਵਿਚ ਦਿਹਾੜੀ ਦੇ ਕੰਮ ਨਾਂਹ ਦੇ ਬਰਾਬਰ ਹਨ। ਜਿਸ ਕਾਰਨ ਉਸ ਦੀ ਆਰਥਿਕ ਹਾਲਤ ਨਹੀਂ ਸੁਧਰ ਸਕੀ ਅਤੇ ਉਹ ਆਪਣੇ ਮਕਾਨ ਦੀ ਪਿਛਲੇ ਲੰਬੇ ਸਮੇਂ ਤੋਂ ਮੁਰਮੰਤ ਨਹੀਂ ਕਰਵਾ ਸਕੀ। ਉਸ ਦੇ ਮਕਾਨ ਵਿਚ ਤਿੰਨ ਕਮਰੇ ਹਨ ਜਿੰਨ੍ਹਾਂ ਵਿਚੋਂ ਇਕ ਦੀ ਛਤ ਡਿਗ ਚੁਕੀ ਹੈ ਅਤੇ ਦੋ ਦੀ ਛਤ ਡਿਗਣ ਵਾਲੀ ਹੈ ਮੀਂਹ ਕਣੀ ਤੋਂ ਛਤਾਂ ਦਾ ਪਾਣੀ ਸਿੰਮਦਾ ਰਹਿੰਦਾ ਹੈ ਜਿਸ ਦੇ ਬਚਾਅ ਤੋਂ ਉਸ ਨੇ ਪਲਾਸਟਿਕ ਦਾ ਵਡਾ ਕਾਗਜ਼ ਛਤ ਦੇ ਉਪਰ ਅਤੇ ਹੇਠ ਦੋਵਾਂ ਪਾਸੇ ਪਾਇਆ ਹੋਇਆ ਹੈ। ਉਸ ਨੇ ਦਸਿਆ ਕਿ ਚਾਰ ਲੜਕੀਆਂ ਦੀ ਸ਼ਾਦੀ ਤੋਂ ਬਾਆਦ ਹੁਣ ਉਸਦੇ ਪਰਿਵਾਰ ਵਿਚ ਉਹ ਅਤੇ ਉਸ ਦਾ ਲੜਕਾ ਗੁਰਪ੍ਰੀਤ ਸਿੰਘ ਦੋ ਜਣੇ ਰਹਿੰਦੇ ਹਨ।ਇਸ ਸਮੇਂ ਉਨ੍ਹਾਂ ਦੇ ਘਰ ਬਿਜਲੀ ਦਾ ਕੋਈ ਕੁਨੈਕਸ਼ਨ ਨਹੀਂ ਹੈ ਅਤੇ ਇਕੀਵੀਂ ਸਦੀ ਵਿਚ ਜਦੋਂ ਉਜਵਲਾ ਸਕੀਮ ਵੀ ਚਲ ਰਹੀ ਹੈ ਉਹ ਅਤੇ ਉਸ ਦਾ ਪਰਿਵਾਰ ਹਨੇਰਾ ਢੋਅ ਰਹੇ ਹਨ। ਹੋਰ ਤਾਂ ਹੋਰ ਉਸ ਦੇ ਘਰ ਵਿਚ ਟੋਇਲਟ/ਸ਼ੌਚਾਲਿਆ ਵੀ ਨਹੀਂ ਹੈ ਜਦਕਿ ਸਰਕਾਰ ਅਤੇ ਪੰਚਾਇਤ ਧੜਾ ਧੜ ਗੈਰ ਲੋੜਵੰਦ ਲੋਕਾਂ ਦੇ ਘਰਾਂ ਵਿਚ ਸ਼ੌਚਾਲਿਆ ਬਣਵਾ ਰਹੇ ਹਨ। ਇਸ ਸਮੇਂ ਮਜ਼ਦੂਰ ਮੁਕਤੀ ਮੋਰਚਾ ਦੇ ਆਗੂ ਬਲਕਰਨ ਬਹਿਮਣ ਨੇ ਕਿਹਾ ਕਿ ਮਨਜੀਤ ਕੌਰ ਦੇ ਪਰਿਵਾਰ ਨੂੰ ਗਰੀਬੀ ਰੇਖਾ ਅਧੀਨ ਦਰਜ ਕੀਤਾ ਜਾਵੇ ਅਤੇ ਇਸ ਨੂੰ ਬਣਦੀਆਂ ਲੋੜਵੰਦ ਸਕੀਮਾਂ ਦਾ ਲਾਭ ਦਿਤਾ ਜਾਵੇ। ਉਨ੍ਹਾਂ ਹੋਰ ਵੀ ਕਿਹਾ ਕਿ ਸਰਕਾਰ ਉਜਵਲਾ ਸਕੀਮ ਤਹਿਤ ਉਕਤ ਪਰਿਵਾਰ ਨੂੰ ਬਿਜਲੀ ਕੁਨੈਕਸ਼ਨ ਅਤੇ ਮਕਾਨ ਬਣਾਉਂਣ ਲਈ ਤਿੰਨ ਲਖ ਰੁਪਏ ਦੀ ਗਰਾਂਟ ਅਤੇ ਸੈਨੀਟੇਸ਼ਨ ਵਿਭਾਗ ਸਵਛ ਭਾਰਤ ਸਕੀਮ ਅਧੀਨ ਸ਼ੌਚਾਲਿਆ ਬਣਵਾਕੇ ਦੇਵੇ। ਇਸ ਸਮੇਂ ਨਾਇਬ ਸਿੰਘ ਬਹਿਮਣ ਅਤੇ ਕਸ਼ਮੀਰ ਅਲੀ ਵੀ ਮੌਜੂਦ ਸਨ।