ਨਵੀਂ ਦਿੱਲੀ, 9 ਫਰਵਰੀ (ਪੰਜਾਬ ਟਾਇਮਜ਼ ਬਿਊਰੋ)-2010 ਦੀਆਂ ਰਾਸ਼ਟਰ ਮੰਡਲ ਖੇਡਾਂ ਦੇ ਸਬੰਧ ਵਿਚ ਵੱਖ ਵੱਖ ਏਜੰਸੀਆਂ ਵਲੋਂ 3500 ਕਰੋੜ ਰੁਪਏ ਦੀ ਲਾਗਤ ਨਾਲ ਕੀਤੇ ਲਗਪਗ 30 ਕੰਮਾਂ ‘ਚ ਭ੍ਰਿਸ਼ਟਾਚਾਰ ਕਾਰਨ ਕੇਂਦਰੀ ਵਿਜੀਲੈਂਸ ਕਮਿਸ਼ਨ ਵਲੋਂ ਜਾਂਚ ਕੀਤੀ ਜਾ ਰਹੀ ਹੈ। ਸਰਕਾਰੀ ਸੂਤਰਾਂ ਨੇ ਦੱਸਿਆ ਕਿ ਇਹ ਕੰਮ ਕੇਂਦਰ ਸਰਕਾਰ ਅਤੇ ਦਿੱਲੀ ਸਰਕਾਰ ਦੀਆਂ ਏਜੰਸੀਆਂ ਲੋਕ ਨਿਰਮਾਣ ਵਿਭਾਗ, ਨਵੀਂ ਦਿੱਲੀ ਨਗਰ ਨਿਗਮ, ਕੇਂਦਰੀ ਲੋਕ ਨਿਰਮਾਣ ਵਿਭਾਗ ਤੇ ਰਾਸ਼ਟਰਮੰਡਲ ਖੇਡਾਂ ਬਾਰੇ ਆਰਗਨਾਈਜ਼ਡ ਕਮੇਟੀ ਵਲੋਂ ਕੀਤੇ ਗਏ ਸਨ ਅਤੇ ਇਨ੍ਹਾਂ ਦੀ ਜਾਂਚ ਵੱਖ ਵੱਖ ਪੜਾਵਾਂ ‘ਤੇ ਪੁੱਜੀ ਹੋਈ ਹੈ। ਘੱਟੋ ਘੱਟ 37 ਸਰਕਾਰੀ ਵਿਭਾਗਾਂ ਨੇ ਰਾਸ਼ਟਰ ਮੰਡਲ ਖੇਡਾਂ ਨਾਲ ਸਬੰਧਤ 9000 ਸਰਕਾਰੀ ਫੰਡਾਂ ਵਾਲੇ ਪ੍ਰਾਜੈਕਟਾਂ ਵਿਚ 13000 ਕਰੋੜ ਤੋਂ ਵੀ ਵੱਧ ਖਰਚ ਕੀਤੇ ਹਨ। ਕੇਂਦਰੀ ਵਿਜੀਲੈਂਸ ਕਮਿਸ਼ਨ ਜਿਹੜਾ ਰਾਸ਼ਟਰ ਮੰਡਲ ਖੇਡਾਂ ਦੇ 70
ਤੋਂ ਵੀ ਵੱਧ ਭ੍ਰਿਸ਼ਟਾਚਾਰ ਦੇ ਮਾਮਲਿਆਂ ਦੀ ਜਾਂਚ ਕਰ ਰਿਹਾ ਹੈ ਨੇ ਲਗਪਗ 20 ਸ਼ਿਕਾਇਤਾਂ ਦੀ 2010 ਤੋਂ ਹੀ ਜਾਂਚ ਬੰਦ ਕੀਤੀ ਹੋਈ ਹੈ। ਕਥਿਤ ਭ੍ਰਿਸ਼ਟਾਚਾਰ ਦੇ ਕੁਝ ਮਾਮਲੇ ਹੋਰ ਜਾਂਚ ਲਈ ਵਿਜੀਲੈਂਸ ਕਮਿਸ਼ਨ ਨੇ ਸੀ. ਬੀ. ਆਈ. ਨੂੰ ਸੌਂਪੇ ਹੋਏ ਹਨ।



