May 26, 2026 10:51 pm

ਪੰਜਾਬ ਨੇ ਹਾਸਿਲ ਕੀਤਾ ਕ੍ਰਿਸ਼ੀ ਕਰਮਨ ਪੁਰਸਕਾਰ-2015-16

ਇਸ ਮਾਣਮੱਤੀ ਪ੍ਰਾਪਤੀ ਲਈ ਸੂਬੇ ਦੇ ਕਿਸਾਨ ਵਧਾਈ ਦੇ ਅਸਲ ਹੱਕਦਾਰ ਹਨ-ਬਾਜਵਾ

ਚੰਡੀਗੜ੍ਹ, 17 ਮਾਰਚ (ਪੰਜਾਬ ਟਾਇਮਜ਼ ਬਿਊਰੋ)- ਪੰਜਾਬ ਨੇ ਮੁਲਕ ਵਿਚ ਅਨਾਜ ਦੀ ਪੈਦਾਵਾਰ ਵਿਚ ਵਾਧਾ ਕਰਨ ਲਈ ਸਾਲ 2015-16 ਦਾ ਕ੍ਰਿਸ਼ੀ ਕਰਮਨ ਪੁਰਸਕਾਰ ਪ੍ਰਾਪਤ ਕੀਤਾ ਹੈ। ਸੂਬੇ ਦੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਸ੍ਰ. ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਇਹ ਪੁਰਸਕਾਰ ਅੱਜ ਮੁਲਕ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਤੋਂ ਨਵੀਂ ਦਿੱਲੀ ਵਿਖੇ ਕਰਵਾਏ ਗਏ ਇੱਕ ਸ਼ਾਨਦਾਰ ਸਮਾਗਮ ਦੌਰਾਨ ਹਾਸਲ ਕੀਤਾ। ਕੇਂਦਰ ਸਰਕਾਰ ਵਲੋਂ ਦੇਸ਼ ਦੀ ਅੰਨ ਪੈਦਾਵਾਰ ਵਧਾਉਣ ਦੇ ਖੇਤਰ ਵਿਚ ਹਰ ਵਰ੍ਹੇ ਦਿੱਤਾ ਜਾਂਦੇ ਕ੍ਰਿਸ਼ੀ ਕਰਮਨ ਪੁਰਸਕਾਰ ਪ੍ਰਾਪਤ ਕਰਨ ਵਾਲੇ ਸੂਬੇ ਨੂੰ ਦੋ ਕਰੋੜ ਰੁਪਏ ਦੀ ਰਾਸ਼ੀ ਦੇ ਨਾਲ ਨਾਲ ਇੱਕ ਯਾਦਗਾਰੀ ਤਖਤੀ ਅਤੇ ਤਾਮਰ ਪੱਤਰ ਵੀ ਦਿੱਤਾ ਜਾਂਦਾ ਹੈ।ਇਹ ਪੁਰਸਕਾਰ ਅਨਾਜ ਪੈਦਾਵਾਰ ਵਿਚ ਸਮੁੱਚੀ ਕਰਗੁਜ਼ਾਰੀ ਦੇ ਨਾਲ ਨਾਲ ਕਣਕ, ਚਾਵਲ, ਦਾਲਾਂ ਅਤੇ ਮੋਟੇ ਅਨਾਜ ਦੀ ਪੈਦਾਵਾਰ ਵਿਚ ਮੋਹਰੀ ਰਹਿਣ ਵਾਲੇ ਸੂਬਿਆਂ ਨੂੰ ਵੀ ਦਿੱਤਾ ਜਾਂਦਾ ਹੈ। ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਇਸ ਮਾਣਮੱਤੀ ਪ੍ਰਾਪਤੀ ਲਈ ਸੂਬੇ ਦੇ ਕਿਸਾਨਾਂ ਨੂੰ ਵਧਾਈ ਦਿੰਦਿਆਂ ਕਿਹਾ ਹੈ ਕਿ ਉਹਨਾਂ ਦੀ ਸਖਤ ਮਿਹਨਤ ਸਦਕਾ ਪੰਜਾਬ ਨੂੰ ਸਦਾ ਹੀ ਮੁਲਕ ਦਾ ਅੰਨ ਭੰਡਾਰ ਹੋਣ ਦਾ ਮਾਣ ਮਿਲਦਾ ਰਿਹਾ ਹੈ। ਇਸ ਸਮਾਗਮ ਮੌਕੇ ਪੱਤਰਕਾਰਾਂ ਨਾਲ ਗੱਲ ਕਰਦਿਆਂ, ਸ੍ਰੀ ਤ੍ਰਿਪਤ ਬਾਜਵਾ ਨੇ ਕਿਹਾ ਕਿ ਖੇਤੀਬਾੜੀ ਸੈਕਟਰ ਦੇਸ਼ ਵਿਚ ਕੋਈ ਲਾਭਦਾਇਕ ਸੈਕਟਰ ਨਹੀਂ ਹੈ ਕਿਉਂਕਿ ਫਸਲਾਂ ਦੇ ਘਟੋ ਘਟ ਸਮਰਥਨ ਮੁਲ ਦਾ ਫੈਸਲਾ ਹੁਣ ਵੀ ਪੁਰਾਣੇ ਫਾਰਮੂਲੇ ਦੇ ਆਧਾਰ ’ਤੇ ਕੀਤਾ ਜਾਂਦਾ ਹੈ। ਉਹਨਾਂ ਅਗੇ ਕਿਹਾ ਕਿ ਪੰਜਾਬ ਵਿਚ ਹੋਰਨਾਂ ਸੂਬਿਆਂ ਦੇ ਮੁਕਾਬਲੇ ਖੇਤੀ ਬਾੜੀ ‘ਤੇ ਲਾਗਤ ਖਰਚਾ ਜਿਆਦਾ ਆਂਉਦਾ ਹੈ, ਜਿਸ ਦਾ ਕੇਂਦਰੀ ਕਮਿਸ਼ਨ ਵਲੋਂ ਘੱਟੋ ਘੱਟ ਸਮਰਥਨ ਮੁੱਲ ਨਿਮਰਧਾਰਤ ਕਰਨ ਮੌਕੇ ਧਿਆਨ ਨਹੀਂ ਰੱਖਿਆ ਜਾਂਦਾ।ਉਨਾਂ ਨਾਲ ਹੀ ਕਿਹਾ ਕਿ ਸੋਕੇ ਦੇ ਮਾਇਨੇ ਵੀ ਪੰਜਾਬ ਵਿਚ ਵੱਖਰੇ ਹਨ ਅਤੇ ਫਸਲਾਂ ਦੀ ਸਿੰਚਾਈ ਉਪਰ ਹੋਰਨਾਂ ਸੂਬਿਆਂ ਦੇ ਮੁਕਾਬਲੇ ਵੱਧ ਖਰਚਾ ਆਂਉਦਾ ਹੈ।ਉਨਾਂ ਕਿਹਾ ਕਿ ਅੀਜਹੇ ਹੋਰ ਵੀ ਬਹੁਤ ਸਾਰੇ ਪਹਿਲੂ ਹਨ ਜਿੰਨਾਂ ਨੂੰ ਫਸਲਾਂ ਦਾ ਘੱਟੋ ਘੱਟ ਸਮਰਥਨ ਮੁੱਲ ਤੈਅ ਕਰਨ ਸਮੇਂ ਕੇਦਰੀ ਕਮਿਸ਼ਨ ਨੂੰ ਧਿਆਨ ਵਿਚ ਰੱਖਣਾ ਚਾਹੀਦਾ ਹੈ। ਸ੍ਰੀ ਬਾਜਵਾ ਨੇ ਦੇਸ਼ ਦੇ ਕਿਸਾਨਾਂ ਨੂੰ ਬਚਾਉਣ ਲਈ ਕੇਂਦਰ ਸਰਕਾਰ ਦੀ ਅਗਵਾਈ ਕਰ ਰਹੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਤੋਂ ਮੰਗ ਕੀਤੀ ਹੈ, ਸਵਾਮੀਨਾਥਨ ਰਿਪੋਰਟ ਨੂੰ ਇੰਨ ਬਿਨ ਲਾਗੂ ਕੀਤਾ ਜਾਵੇ।ਉਨ੍ਹਾਂ ਨਾਲ ਹੀ ਇਹ ਵੀ ਮੰਗ ਕੀਤੀ ਕਿ ਫਸਲੀ ਵਿਭੰਨਤਾ ਨੂੰ ਕਾਮਯਾਬ ਕਰਨ ਲਈ ਵੇਚ ਵੱਟ (ਮਾਰਕੀਟਿੰਗ) ਲਈ ਇਕ ਕੌਮੀ ਨੀਤੀ ਬਣਾਉਣ ਦੀ ਸਖਤ ਜਰੂਰਤ ਹੈ ਤਾਂ ਹੀ ਦੇਸ ਵਿਚ ਵਿਭਿੰਨਤਾ ਸਫਲ ਹੋ ਸਕਦੀ ਹੈ, ਖਾਸ ਕਰਕੇ ਇਹ ਪੰਜਾਬ ਲਈ ਤਾਂ ਬਹੁਤ ਹੀ ਜਿਆਦਾ ਲੋੜੀਂਦੀ ਹੈ।।ਸ. ਬਾਜਵਾ ਨੇ ਕਿਹਾ ਕਿ ਪੰਜਾਬੀਆਂ ਨੇ ਤਾਂ ਦੇਸ਼ ਦਾ ਢਿੱਡ ਭਰਨ ਲਈ ਆਪਣਾ ਵਾਤਾਵਰਣ ਅਤੇ ਮਿੱਟੀ ਨੂੰ ਵੀ ਜਹਿਰ ਬਣਾ ਲਿਆ ਹੈ, ਪਰ ਕੇਂਦਰ ਵਲੋਂ ਪੰਜਾਬ ਦੇ ਕਿਸਾਨਾਂ ਦੀ ਇਸ ਮੁਸੀਬਤ ਦੀ ਘੜੀ ਵਿਚ ਕੋਈ ਮੱਦਦ ਨਹੀਂ ਕੀਤੀ ਜਾ ਰਹੀ, ਧਰਤੀ ਹੇਠਲਾ ਪਾਣੀ ਦਿਨੋਂ ਦਿਨ ਤੇਜੀ ਨਾਲ ਥੱਲੇ ਜਾਣ ਕਾਰਨ ਪੰਜਾਬ ਦੀ ਧਰਤੀ ਬੰਜਰ ਹੋਣ ਦੇ ਕਿਨਾਰੇ ‘ਤੇ ਖੜੀ ਹੈ, ਪਰ ਇਸ ਦੇ ਬਾਵਜੂਦ ਕੇਂਦਰ ਦਾ ਪੰਜਾਬ ਪ੍ਰਤੀ ਅਜਿਹਾ ਵਤੀਰਾ ਬਹੁਤ ਹੀ ਨਿੰਦਣਯੋਗ ਹੈ। ਖੇਤੀਬਾੜੀ ਡਾਇਰੈਕਟਰ ਸ੍ਰੀ ਜਸਵੀਰ ਸਿੰਘ ਬੈਂਸ ਨੇ ਕਿਹਾ ਕਿ ਪੰਜਾਬ ਨੇ ਕ੍ਰਿਸ਼ੀ ਕਰਮਨ ਪੁਰਸਕਾਰ 2013-14, 2012-13, 2011-12 ਅਤੇ 2010-11 ਵਿਚ ਵੀ ਪ੍ਰਾਪਤ ਕੀਤਾ ਸੀ। ਉਨ੍ਹਾਂ ਇਹ ਵੀ ਦੱਸਿਆ ਕਿ ਇਹਨਾਂ ਪੁਰਸਕਾਰ ਸਮਾਗਮਾਂ ਦੌਰਾਨ ਸੂਬੇ ਦੇ ਪ੍ਰਗਤੀਸੀਲ ਕਿਸਾਨਾਂ ਨੂੰ ਵੀ ਸਨਮਾਨਿਤ ਕੀਤਾ ਗਿਆ ਸੀ।

Send this to a friend