May 26, 2026 9:27 pm

ਮਾਨਸਾ ਖੁਲ੍ਹੇ ’ਚ ਸ਼ੋਚ ਰਹਿਤ ਜ਼ਿਲ੍ਹਾ ਘੋਸ਼ਿਤ : ਡੀਸੀ

ਮਾਨਸਾ, 16 ਮਾਰਚ (ਨਛੱਤਰ ਸਿੰਘ ਕਾਹਨਗੜ੍ਹ)- ਅੱਜ ਜ਼ਿਲ੍ਹਾ ਮਾਨਸਾ ਨੂੰ ਮੁਕੰਮਲ ਤੌਰ ’ਤੇ ਖੁਲ੍ਹੇ ਵਿੱਚ ਸੋਚ ਤੋਂ ਰਹਿਤ ਜ਼ਿਲ੍ਹਾ ਐਲਾਨ ਦਿੱਤਾ ਗਿਆ ਹੈ, ਜਿਸ ਸਬੰਧੀ ਇੱਕ ਸਵੈ-ਘੋਸ਼ਣਾ ਪੱਤਰ ਵਿੱਚ ਡਿਪਟੀ ਕਮਿਸ਼ਨਰ ਸ਼੍ਰੀ ਧਰਮ ਪਾਲ ਗੁਪਤਾ ਨੇ ਦਸਤਖ਼ਤ ਕਰ ਕੇ ਜ਼ਿਲ੍ਹੇ ਨੂੰ ਓ.ਡੀ.ਐਫ. (ਓਪਨ ਡੈਫੀਕੇਸ਼ਨ ਫਰੀ) ਜ਼ਿਲ੍ਹਾ ਘੋਸ਼ਿਤ ਕੀਤਾ ਗਿਆ ਹੈ। ਇਸ ਮੌਕੇ ਸ਼੍ਰੀ ਗੁਪਤਾ ਨੇ ਕਿਹਾ ਕਿ ਇਹ ਜ਼ਿਲ੍ਹੇ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ ਅੱਜ ਭਾਰਤ ਸਰਕਾਰ ਦੇ ਜੁਆਇੰਟ ਸਕੱਤਰ ਸ਼੍ਰੀ ਅਰੁਣ ਬਰੋਕੇ ਨੇ ਜ਼ਿਲ੍ਹਾ ਪ੍ਰਸ਼ਾਸ਼ਨ ਮਾਨਸਾ ਨੂੰ ਇਸ ਗੱਲ ਲਈ ਵਧਾਈ ਵੀ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਸਵੱਛ ਭਾਰਤ ਮਿਸ਼ਨ ਤਹਿਤ ਜਿਨ੍ਹਾਂ ਘਰਾਂ ਵਿੱਚ ਟੁਆਇਲਟਸ ਨਹੀਂ ਬਣੇ ਹੋਏ ਸਨ, ਉਨ੍ਹਾਂ ਘਰਾਂ ਵਿੱਚ ਟੁਆਇਲਟਸ ਬਣਾਉਣ ਦਾ ਟੀਚਾ ਮਿੱਥਿਆ ਗਿਆ ਸੀ। ਡਿਪਟੀ ਕਮਿਸ਼ਨਰ ਸ਼੍ਰੀ ਗੁਪਤਾ ਨੇ ਦੱਸਿਆ ਕਿ ਦੇਸ਼ ਨੂੰ ਖੁਲ੍ਹੇ ਵਿੱਚ ਸ਼ੋਚ ਮੁਕਤ ਕਰਵਾਉਣ ਲਈ 2014 ਵਿੱਚ ਇਹ ਮੁਹਿੰਮ ਵਿੱਢੀ ਗਈ ਸੀ, ਜਿਸ ਤਹਿਤ ਅੱਜ ਮਾਨਸਾ ਜ਼ਿਲ੍ਹਾ ਪੂਰਣ ਰੂਪ ਵਿੱਚ ਖੁਲ੍ਹੇ ਵਿੱਚ ਸ਼ੋਚ ਮੁਕਤ ਹੋ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਬੈਨਰਾਂ, ਹੋਰਡਿੰਗਾਂ, ਕੈਂਪਾਂ, ਸੈਮੀਨਾਰਾਂ ਅਤੇ ਵੈਨਾਂ ਰਾਹੀਂ ਲੋਕਾਂ ਨੂੰ ਖੁਲ੍ਹੇ ਵਿੱਚ ਸ਼ੋਚ ਕਰਨ ਸਬੰਧੀ ਹੁੰਦੀਆਂ ਹਾਨੀਆਂ ਅਤੇ ਪੈਦਾ ਹੋਣ ਵਾਲੀਆਂ ਬਿਮਾਰੀਆਂ ਤੋਂ ਜਾਣੂ ਕਰਵਾਇਆ ਗਿਆ। ਜ਼ਿਲ੍ਹੇ ਦੇ 245 ਪਿੰਡਾਂ ਵਿੱਚ ਕੁੱਲ 16600 ਟੁਆਇਲਟਸ ਬਣਾਏ ਜਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਇਸ ਕੰਮ ਲਈ ਸਰਕਾਰ ਵੱਲੋਂ 25.11 ਕਰੋੜ ਰੁਪਏ ਦੀ ਰਾਸ਼ੀ ਪ੍ਰਾਪਤ ਹੋਈ ਸੀ, ਜੋ ਕਿ ਪੰਚਾਇਤਾਂ ਨੂੰ ਰਿਲੀਜ਼ ਕਰ ਦਿੱਤੀ ਗਈ ਹੈ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਸ਼੍ਰੀ ਗੁਰਿੰਦਰ ਪਾਲ ਸਿੰਘ ਸਹੋਤਾ, ਐਕਸੀਅਨ ਵਾਟਰ ਸਪਲਾਈ ਅਤੇ ਸੈਨੀਟੇਸ਼ਨ ਸ਼੍ਰੀ ਪਵਨ ਕੁਮਾਰ ਤੇ ਸ਼੍ਰੀ ਰਵਿੰਦਰ ਸਿੰਘ ਬਾਂਸਲ ਅਤੇ ਸ਼੍ਰੀ ਰਿਸ਼ੀ ਕੁਮਾਰ ਮੌਜੂਦ ਸਨ।

Send this to a friend