ਤਲਵੰਡੀ ਸਾਬੋ, 15 ਮਾਰਚ (ਰਾਮ ਰੇਸ਼ਮ ਨਥੇਹਾ) ਸਥਾਨਕ ਖੰਡੇ ਵਾਲਾ ਚੌਂਕ ਵਿੱਚ ਅੱਜ ਉਸ ਸਮੇਂ ਇੱਕ ਵਿਅਕਤੀ ਦੀ ਬੱਸ ‘ਚੋਂ ਡਿੱਗਣ ਕਾਰਨ ਮੌਤ ਹੋ ਗਈ ਜਦੋਂ ਉਹ ਚੱਲਦੀ ਬੱਸ ਵਿੱਚੋਂ ਉਤਰ ਰਿਹਾ ਸੀ। ਜਿਸ ਸੰਬੰਧੀ ਪੁਲਿਸ ਨੇ ਮਾਮਲਾ ਦਰਜ਼ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪ੍ਰਾਪਤ ਜਾਣਕਾਰੀ ਮੁਤਾਬਿਕ ਪਿਆਰਾ ਸਿੰਘ ਪੁੱਤਰ ਕਿਸ਼ਨ ਸਿੰਘ (65) ਵਾਸੀ ਝੁਨੀਰ ਕਿਸੇ ਕੰਮ ਲਈ ਆਪਣੇ ਘਰੋਂ ਮੋਟਰ ਸਾਇਕਲ ਤੇ ਸਵਾਰ ਹੋ ਕੇ ਤਲਵੰਡੀ ਸਾਬੋ ਲਈ ਨਿਕਲਿਆ ਸੀ ਪ੍ਰੰਤੂ ਬੱਸ ਸਟੈਂਡ ਝੁਨੀਰ ‘ ਤੇ ਤਲਵੰਡੀ ਸਾਬੋ ਲਈ ਖੜ੍ਹੀ ਬੱਸ ਵਿੱਚ ਚੜ੍ਹ ਗਿਆ।ਖੰਡੇ ਵਾਲਾ ਚੌਂਕ ਵਿੱਚ ਐਸ.ਐਚ.ਓ.ਤਲਵੰਡੀ ਸਾਬੋ ਸ਼੍ਰੀ ਸੁਨੀਲ ਕੁਮਾਰ ਅਤੇ ਡੀ.ਐਸ.ਪੀ.ਸ਼੍ਰ. ਬਰਿੰਦਰ ਸਿੰਘ ਗਿੱਲ ਮੌਜੂਦ ਹੋਣ ਕਾਰਨ ਬੱਸ ਦੇ ਡਰਾਇਵਰ ਨੇ ਉਸਨੂੰ ਚੌਂਕ ਵਿੱਚ ਉਤਾਰਨ ਤੋਂ ਮਨ੍ਹਾਂ ਕਰ ਦਿੱਤਾ ਪ੍ਰੰਤੂ ਮੋੜ ਤੇ ਬੱਸ ਦੀ ਸਪੀਡ ਘੱਟ ਹੁੰਦਿਆਂ ਹੀ ਪਿਆਰਾ ਸਿੰਘ ਨੇ ਛਾਲ ਮਾਰ ਦਿੱਤੀ। ਮੌਕੇ ’ਤੇ ਹਾਜ਼ਰ ਲੋਕਾਂ ਨੇ ਪਿਆਰਾ ਸਿੰਘ ਨੂੰ ਜ਼ਖ਼ਮੀ ਹਾਲਤ ਵਿੱਚ ਪੁਲਿਸ ਦੀ ਮੱਦਦ ਨਾਲ ਸਥਾਨਕ ਬਾਬਾ ਦੀਪ ਸਿੰਘ ਹਸਪਤਾਲ ਵਿਖੇ ਇਲਾਜ਼ ਲਈ ਪਹੁੰਚਦਾ ਕੀਤਾ ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਕਰਾਰ ਦੇ ਦਿੱਤਾ। ਪੁਲਿਸ ਨੇ ਇਸ ਮਾਮਲੇ ਵਿੱਚ ਮ੍ਰਿਤਕ ਦੇ ਪੋਤਰੇ ਨਿਰਭੈ ਸਿੰਘ ਪੁੱਤਰ ਮਨਜੀਤ ਸਿੰਘ ਦੇ ਬਿਆਨਾਂ ਤੇ ਧਾਰਾ 304 ਏ ਤਹਿਤ ਢਿੱਲੋਂ ਬੱਸ ਕੰਪਨੀ ਦੀ ਬੱਸ ਨੰਬਰ ਪੀ.ਬੀ.13 ਐਲ.9055 ਦੇ ਡਰਾਇਵਰ ਗੁਰਪ੍ਰੀਤ ਸਿੰਘ ਤੇ ਮੁਕੱਦਮਾਂ ਦਰਜ਼ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।