ਰੂਪਨਗਰ 14 ਮਾਰਚ (ਲਾਡੀ ਖਾਬੜਾ)- ਪੰਜਾਬ ਸਰਕਾਰ ਵਲੋਂ ਨਸ਼ਿਆਂ ਖਿਲਾਫ਼ ਆਪਣੀ ਮੁਹਿੰਮ ਨੂੰ ਅਗੇ ਵਧਾਉਂਦੇ ਹੋਏ, ਸਰਕਾਰੀਆਂ ਅਧਿਕਾਰੀਆਂ ਅਤੇ ਆਮ ਲੋਕਾਂ ਨੂੰ ਇਸ ਨਾਲ ਜੋੜਨ ਲਈ 23 ਮਾਰਚ ਨੂੰ ਖਟਕੜ ਕਲਾਂ ਤੋਂ ਸ਼ੁਰੂ ਕੀਤੇ ਜਾ ਰਹੇ ਬਹੁਪਖੀ ਪ੍ਰੋਗਰਾਮ ‘ਨਸ਼ੇ ਦੀ ਦੁਰਵਰਤੋਂ ਰੋਕਣ ਲਈ ਅਫ਼ਸਰ‘ (ਡਰਗ ਅਬਿਊਜ਼ ਪ੍ਰੀਵੈਨਸ਼ਨ ਆਫਿਸਰਜ਼-ਡੇਪੋ) ਲਈ ਮੈਂਬਰਸ਼ਿਪ ਸ਼ੁਰੂ ਹੋ ਚੁਕੀ ਹੈ।ਡੇਪੋ ਵਾਲੰਟੀਅਰ ਬਣਨ ਦੇ ਚਾਹਵਾਨ ਫਾਰਮ ਸਾਂਝ ਕੇਂਦਰਾਂ ਜਾਂ ਵੈਬਸਾਈਟ ਤੋਂ ਪ੍ਰਾਪਤ ਕਰਕੇ, ਭਰਨ ਉਪਰੰਤ ਆਪਣੇ ਨੇੜਲੇ ਸਾਂਝ ਕੇਂਦਰਾਂ ਵਿਚ ਜਮ੍ਹਾਂ ਕਰਵਾ ਸਕਦੇ ਹਨ।ਇਹ ਪ੍ਰਗਟਾਵਾ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਲਖਮੀਰ ਸਿੰਘ ਨੇ ਅਜ ਇਥੇ ਸਮੂਹ ਸਰਕਾਰੀ ਅਧਿਕਾਰੀਆਂ ਦੀ ਮੀਟਿੰਗ ਵਿਚ ਉਨ੍ਹਾਂ ਨੂੰ ਡੇਪੋ ਪ੍ਰਤੀ ਜਾਣਕਾਰੀ ਦਿੰਦਿਆਂ ਕੀਤਾ। 18 ਸਾਲ ਤੋਂ ਉਪਰ ਉਮਰ ਦਾ ਕੋਈ ਵੀ ਵਿਅਕਤੀ ਵਾਲੰਟੀਅਰ ਵਜੋਂ ਨਾਮ ਦਰਜ ਕਰਵਾ ਸਕਦਾ ਹੈ। ਉਨ੍ਹਾਂ ਕਿਹਾ ਕਿ ਵਾਲੰਟੀਅਰਾਂ ਵਲੋਂ ਸਵੈ-ਇਛਾ ਨਾਲ ਸੇਵਾ ਕੀਤੀ ਜਾਵੇਗੀ ਅਤੇ ਇਸ ਲਈ ਕੋਈ ਮਾਣ-ਭਤਾ ਨਹੀਂ ਮਿਲੇਗਾ।ਉਨ੍ਹਾਂ ਕਿਹਾ ਕਿ ਹਰ ਇਕ ਡੇਪੋ ਵਲੰਟੀਅਰ ਦੀ ਜ਼ਿੰਮੇਵਾਰੀ ਹੋਵੇਗੀ ਕਿ ਉਹ ਨਸ਼ਿਆ ਖਿਲਾਫ ਜਾਗਰੂਕਤਾ ਪੈਦਾ ਕਰੇ, ਨਸ਼ੇ ‘ਚ ਫਸੇ ਲੋਕਾਂ ਦੀ ਪਹਿਚਾਣ ਕਰਕੇ ਉਨ੍ਹਾਂ ਨੂੰ ਨਸ਼ਾ ਮੁਕਤੀ ਕੇਂਦਰ ਸਬੰਧੀ ਜਾਣਕਾਰੀ ਦੇਵੇ, ਆਪਣੇ ਇਲਾਕੇ ‘ਚ ਖੇਡਾਂ ਜਾਂ ਹੋਰ ਸਕਾਰਾਤਮਕ ਸਰਗਰਮੀਆਂ ਨੂੰ ਉਤਸ਼ਾਹਿਤ ਕਰੇ ਅਤੇ ਜ਼ਿਲ੍ਹਾ ਪ੍ਰਸ਼ਾਸਨ ਨਾਲ ਮਿਲ ਕੇ ਕੰਮ ਕਰੇ। ਇਸ ਸਬੰਧੀ ਟ੍ਰੇਨਿੰਗ ਵਖਰੇ ਤੌਰ ਤੇ ਚੁਣੇ ਗਏ ਡੇਪੋਜ਼ ਦੀ ਕਰਵਾਈ ਜਾਵੇਗੀ।
ਵਧੀਕ ਡਿਪਟੀ ਕਮਿਸ਼ਨਰ ਨੇ ਇਹ ਵੀ ਦਸਿਆ ਕਿ ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਡੇਪੋ ਦੀ ਸ਼ੁਰੂਆਤ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੇ ਜਦੀ ਪਿੰਡ ਖਟਕੜ ਕਲਾਂ ਤੋਂ ‘ਯੁਵਾ ਸਸ਼ਕਤੀਕਰਣ ਦਿਵਸ‘ ਅਤੇ ਰਾਜ ਪਧਰੀ ਸ਼ਹੀਦੀ ਦਿਵਸ ਮੌਕੇ 23 ਮਾਰਚ ਨੂੰ ਕਰਨਗੇ ਅਤੇ ਨਾਲ ਹੀ ਸੂਬਾ ਪਧਰ ’ਤੇ ਡੇਪੋ ਦੇ ਸਵੈ ਇਛੁਕ ਵਾਲੰਟੀਅਰਾਂ ਅਤੇ ਆਮ ਜਨਤਾ ਨੂੰ ਵੀ ਸਹੁੰ ਚੁਕਾਈ ਜਾਵੇਗੀ।ਉਨ੍ਹਾਂ ਅਗੇ ਦਸਿਆ ਕਿ ਇਸ ਪ੍ਰੋਗਰਾਮ ਨੂੰ ਜ਼ਮੀਨੀ ਪਧਰ ’ਤੇ ਸੁਚਜੇ ਤਰੀਕੇ ਨਾਲ ਲਾਗੂ ਕਰਨ ਲਈ ਜ਼ਿਲ੍ਹਾ ਮਿਸ਼ਨ ਟੀਮਾਂ ਵੀ ਬਣਾਈਆਂ ਗਈਆਂ ਹਨ। ਜ਼ਿਲ੍ਹੇ ਦੇ ਡੀ.ਸੀ., ਐਸ.ਐਸ.ਪੀ., ਸਿਵਲ ਸਰਜਨ ਅਤੇ ਹੋਰ ਜ਼ਿਲ੍ਹਾ ਅਫ਼ਸਰ ਇਨ੍ਹਾਂ ਜ਼ਿਲ੍ਹਾ ਪਧਰੀ ਟੀਮਾਂ ‘ਚ ਸ਼ਾਮਲ ਹੋਣਗੇ। ਇਸ ਤਰ੍ਹਾਂ ਦੀ ਹੀ ਟੀਮਾਂ ਅਗੇ ਸਬ-ਡਵੀਜ਼ਨ ਅਤੇ ਪਿੰਡ ਪਧਰ ‘ਤੇ ਵੀ ਬਣਾਈਆਂ ਜਾਣਗੀਆਂ।
ਉਨ੍ਹਾਂ ਕਿਹਾ ਕਿ ਜੇਕਰ ਕੋਈ ਵੀ ਨਸ਼ਿਆਂ ਨੂੰ ਖ਼ਤਮ ਕਰਨ ‘ਚ ਆਪਣਾ ਵਡਮੁਲਾ ਯੋਗਦਾਨ ਪਾਉਣਾ ਚਾਹੁੰਦਾ ਹੈ ਤਾਂ ਉਹ ਡੇਪੋ ਵਲੰਟੀਅਰ ਵਜੋਂ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦਾ ਹੈ। ਡੇਪੋ ਵਲੰਟੀਅਰਾਂ ਨੂੰ ਸਿਖਲਾਈ ਦਿਤੀ ਜਾਵੇਗੀ ਅਤੇ ਸ਼ਨਾਖ਼ਤੀ ਕਾਰਡ ਵੀ ਜਾਰੀ ਕੀਤੇ ਜਾਣਗੇ।ਇਸ ਮੀਟਿੰਗ ਦੌਰਾਨ ਸਹਾਇਕ ਕਮਿਸ਼ਨਰ ਸ਼੍ਰੀ ਹਰਬੰਸ ਸਿੰਘ ਸਹਾਇਕ ਕਮਿਸ਼ਨਰ, ,ਸ਼੍ਰੀ ਰਮਿੰਦਰ ਸਿੰਘ ਪੁਲਿਸ ਕਪਤਾਨ, ਸ਼੍ਰੀ ਗੁਰਵਿੰਦਰ ਸਿੰਘ ਪੁਲਿਸ ਕਪਤਾਨ, ਸ਼੍ਰੀ ਮਨਵੀਰ ਸਿੰਘ ਬਾਜਵਾ ਪੁਲਿਸ ਕਪਤਾਨ ਡਾ: ਹਰਿੰਦਰ ਕੌਰ ਸਿਵਲ ਸਰਜਨ, ਡਾ: ਰੀਤਾ ਸਹਾਇਕ ਸਿਵਲ ਸਰਜਨ , ਸ਼੍ਰੀ ਰਾਜਪਾਲ ਸੇਖੋਂ ਤਹਿਸੀਲਦਾਰ ਰੂਪਨਗਰ,ਸ਼੍ਰੀਮਤੀ ਸਨੇਹ ਲਤਾ ਬਧਵਾਰ ਪ੍ਰਿਸੀਪਲ ਸਰਕਾਰੀ ਕਾਲਜ,ਸ਼੍ਰੀ ਸੁਰਿੰਦਰ ਸੈਣੀ ਯੂਥ ਕੁਆਡੀਨੇਟਰ ਨਹਿਰੂ ਯੁਵਾ ਕੇਂਦਰ ਅਤੇ ਹੋਰ ਵਖ-ਵਖ ਵਿਭਾਗਾਂ ਦੇ ਅਧਿਕਾਰੀ ਹਾਜਰ ਸਨ।